Punjab
Ajnala News: ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ 8 ਪਿੰਡਾਂ 'ਚ ਖੇਡ ਮੈਦਾਨਾਂ ਅਤੇ 2 ਹੈਲਥ ਐਂਡ ਵੈਲਨੈਸ ਕੇਂਦਰਾਂ ਦਾ ਉਦਘਾਟਨ
ਕਿਹਾ, ਸੂਬੇ ਭਰ ਵਿੱਚ 3100 ਖੇਡ ਮੈਦਾਨ ਕੀਤੇ ਜਾਣਗੇ ਵਿਕਸਿਤ
Ajnala News: (ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਪਿੰਡ ਪੱਧਰ ’ਤੇ ਖੇਡਾਂ ਲਈ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਤਿਆਰ ਕੀਤੇ ਗਏ ਕਰੀਬ 8 ਖੇਡ ਸਟੇਡੀਅਮਾਂ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਗੁਜਰਪੁਰਾ ਅਤੇ ਬਲੜਵਾਲ ਪਿੰਡਾਂ ਵਿੱਚ ਡਿਸਪੈਂਸਰੀਆਂ ਦੇ ਨਿਰਮਾਣ ਲਈ ਨੀਂਹ ਪੱਥਰ ਵੀ ਰੱਖੇ ਗਏ, ਜਿਨ੍ਹਾਂ ’ਤੇ ਲਗਭਗ ਹਰੇਕ ਡਿਸਪੈਂਸਰੀ ਤੇ 55 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਨ੍ਹਾਂ ਦਾ ਨਿਰਮਾਣ ਕਾਰਜ ਜਲਦ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਜਨਾਲਾ ਹਲਕੇ ਲਈ ਕੁੱਲ 36 ਖੇਡ ਸਟੇਡੀਅਮ ਮਨਜ਼ੂਰ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਲਗਭਗ 30 ਸਟੇਡੀਅਮ ਮੁਕੰਮਲ ਹੋ ਚੁੱਕੇ ਹਨ। ਬਾਕੀ ਸਟੇਡੀਅਮਾਂ ਦਾ ਕੰਮ ਵੀ ਪੜਾਅਵਾਰ ਢੰਗ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਹਲਕੇ ਦੇ ਨੌਜਵਾਨਾਂ ਅਤੇ ਖਾਸ ਕਰਕੇ ਪਿੰਡਾਂ ਦੇ ਖਿਡਾਰੀਆਂ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਨ੍ਹਾਂ ਸਟੇਡੀਅਮਾਂ ਰਾਹੀਂ ਉਨ੍ਹਾਂ ਨੂੰ ਆਪਣੇ ਪਿੰਡਾਂ ਵਿੱਚ ਹੀ ਆਧੁਨਿਕ ਖੇਡ ਸਹੂਲਤਾਂ ਉਪਲੱਬਧ ਹੋਣਗੀਆਂ।
ਉਨਾਂ ਦੱਸਿਆ ਕਿ ਅੱਜ ਪਿੰਡ ਸੈਂਸਰ ਕਲਾਂ ਵਿਖੇ 38.41 ਲੱਖ, ਪਿੰਡ ਝੰਡੇਰ ਵਿਖੇ 35.12 ਲੱਖ, ਪਿੰਡ ਖਤਰਾਏ ਕਲਾਂ ਵਿਖੇ 25.58 ਲੱਖ, ਪਿੰਡ ਕਾਮਲਪੁਰਾ ਵਿਖੇ 34.87 ਲੱਖ, ਪਿੰਡ ਚਮਿਆਰੀ ਵਿਖੇ 43.43 ਲੱਖ, ਪਿੰਡ ਧਾਰੀਵਾਲ ਕਲੇਰ ਵਿਖੇ 40.14 ਲੱਖ, ਪਿੰਡ ਗੁੱਜਰਪੁਰਾ ਵਿਖੇ 33.83 ਲੱਖ ਰੁਪਏ ਅਤੇ ਪਿੰਡ ਤਲਵੰਡੀ ਨਾਹਰ ਵਿਖੇ 41.44 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਮ ਬਣ ਕੇ ਤਿਆਰ ਹੋਏ ਹਨ।
ਇਹ ਵੀ ਪੜ੍ਹੋ: Bjp Punjab News: ਪੰਜਾਬ ’ਚ ਇਕੱਲਿਆਂ ਚੋਣ ਲੜੇਗੀ ਭਾਜਪਾ, ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੀ ਕੋਈ ਸੰਭਾਵਨਾ ਨਹੀਂ: ਬੀ.ਐੱਲ. ਸੰਤੋਸ਼
ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਲੰਮੇ ਸਮੇਂ ਤੋਂ ਇਹ ਮੰਗ ਰਹੀ ਹੈ ਕਿ ਬੱਚਿਆਂ ਅਤੇ ਨੌਜਵਾਨਾਂ ਲਈ ਵਧੀਆ ਖੇਡ ਮੈਦਾਨ ਉਪਲਬਧ ਕਰਵਾਏ ਜਾਣ। ਪੰਜਾਬ ਸਰਕਾਰ ਵੱਲੋਂ ਇਸ ਮੰਗ ਨੂੰ ਪੂਰਾ ਕਰਨ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਸਟੇਡੀਅਮਾਂ ਦਾ ਨਿਰਮਾਣ ਸਿਰਫ਼ ਬੁਨਿਆਦੀ ਢਾਂਚਾ ਵਿਕਸਤ ਕਰਨਾ ਹੀ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵੱਲ ਇੱਕ ਅਹਿਮ ਕਦਮ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਵਿੱਚ 3100 ਤੋਂ ਵੱਧ ਖੇਡ ਮੈਦਾਨ ਵਿਕਸਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਪਹਿਲੇ ਪੜਾਅ ਵਿੱਚ 255 ਖੇਡ ਮੈਦਾਨਾਂ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ, ਜਦਕਿ ਅੱਜ 500 ਹੋਰ ਖੇਡ ਮੈਦਾਨ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ।
ਅੱਜ ਸਮਰਪਿਤ ਕੀਤੇ ਜਾ ਰਹੇ 500 ਖੇਡ ਮੈਦਾਨਾਂ ਵਿੱਚ ਲੁਧਿਆਣਾ ਦੇ 43, ਮਾਨਸਾ ਦੇ 41, ਸੰਗਰੂਰ ਦੇ 36, ਬਠਿੰਡਾ ਅਤੇ ਪਟਿਆਲਾ ਦੇ 34-34, ਸ੍ਰੀ ਮੁਕਤਸਰ ਸਾਹਿਬ ਦੇ 33 ਅਤੇ ਅੰਮ੍ਰਿਤਸਰ ਦੇ 32 ਖੇਡ ਮੈਦਾਨ ਸ਼ਾਮਲ ਹਨ। ਬਾਕੀ ਰਹਿੰਦੇ ਖੇਡ ਮੈਦਾਨਾਂ ਨੂੰ ਵੀ ਪੜਾਅਵਾਰ ਢੰਗ ਨਾਲ ਆਮ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਸ: ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਖੇਡ ਮੈਦਾਨਾਂ ਨੂੰ ਖਿਡਾਰੀਆਂ ਲਈ ਵਧੇਰੇ ਸੁਵਿਧਾਜਨਕ ਬਣਾਉਣ ਲਈ ਘਾਹ ਲਗਾਉਣ ਦੇ ਨਾਲ-ਨਾਲ ਲੋੜੀਂਦਾ ਸਿਵਲ ਇਨਫਰਾਸਟਰਕਚਰ ਵੀ ਵਿਕਸਤ ਕੀਤਾ ਜਾ ਰਿਹਾ ਹੈ।
ਇਨ੍ਹਾਂ ਵਿੱਚ ਚੇਨ-ਲਿੰਕ ਫੈਂਸਿੰਗ, ਰਾਤ ਸਮੇਂ ਖੇਡਾਂ ਲਈ ਹਾਈ-ਮਾਸਟ ਲਾਈਟਾਂ, ਗਰਾਊਂਡ ਦੀ ਸਿੰਚਾਈ ਲਈ ਬੋਰਵੈੱਲ ਅਤੇ ਸਬਮਰਸੀਬਲ ਪੰਪ ਸਿਸਟਮ, ਵਾਲੀਬਾਲ ਕੋਰਟ ਦੇ ਨਾਲ ਫਲੱਡ ਲਾਈਟਾਂ, ਕੰਕਰੀਟ ਬੈਂਚ, ਪਖਾਨੇ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਖੇਡ ਮੈਦਾਨਾਂ ਦੇ ਆਲੇ-ਦੁਆਲੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਰੁੱਖ ਵੀ ਲਗਾਏ ਜਾ ਰਹੇ ਹਨ। ਇਨ੍ਹਾਂ ਖੇਡ ਮੈਦਾਨਾਂ ਵਿੱਚ ਵੱਖ-ਵੱਖ ਖੇਡਾਂ ਲਈ ਲੋੜੀਂਦੇ ਖੇਡ ਉਪਕਰਣ ਵੀ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਜੋ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੇ ਪਿੰਡ ਵਿੱਚ ਹੀ ਖੇਡਾਂ ਦੀ ਬਿਹਤਰ ਸਹੂਲਤ ਮਿਲ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਮੁਹਿੰਮ ਦੀ ਸਫ਼ਲਤਾ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਖੇਡਾਂ ਨੌਜਵਾਨਾਂ ਵਿੱਚ ਅਨੁਸ਼ਾਸਨ, ਸਿਹਤਮੰਦ ਜੀਵਨ-ਸ਼ੈਲੀ ਅਤੇ ਸਕਾਰਾਤਮਕ ਸੋਚ ਪੈਦਾ ਕਰਦੀਆਂ ਹਨ। ਇਸ ਲਈ ਪਿੰਡਾਂ ਵਿੱਚ ਖੇਡ ਮੈਦਾਨਾਂ ਅਤੇ ਸਟੇਡੀਅਮਾਂ ਦਾ ਵਿਕਾਸ ਨਸ਼ਿਆਂ ਵਿਰੁੱਧ ਲੜਾਈ ਦਾ ਵੀ ਇੱਕ ਮਹੱਤਵਪੂਰਨ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡ-ਪਿੰਡ ਖੇਡ ਸਹੂਲਤਾਂ ਵਿਕਸਤ ਕਰਨ ਲਈ ਕੀਤੇ ਜਾ ਰਹੇ ਇਹ ਉਪਰਾਲੇ ਪੰਜਾਬ ਦੇ ਨੌਜਵਾਨਾਂ ਲਈ ਇੱਕ ਵੱਡੀ ਦੇਣ ਹਨ। ਇਨ੍ਹਾਂ ਖੇਡ ਮੈਦਾਨਾਂ ਤੋਂ ਪਿੰਡਾਂ ਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਸੂਬੇ ਤੇ ਦੇਸ਼ ਪੱਧਰ ’ਤੇ ਨਾਂਅ ਰੌਸ਼ਨ ਕਰਨ ਦੇ ਨਵੇਂ ਮੌਕੇ ਮਿਲਣਗੇ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਖੇਡ ਮੈਦਾਨਾਂ ਦੇ ਨਿਰਮਾਣ ਅਤੇ ਵਿਕਾਸ ਲਈ ਲਗਭਗ 1,500 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਗਿਆ ਹੈ। ਇਸ ਰਾਸ਼ੀ ਵਿੱਚ ਸਿਵਲ ਇਨਫਰਾਸਟਰਕਚਰ, ਗਰਾਊਂਡ ਅਤੇ ਪੰਚਾਇਤਾਂ ਨਾਲ ਸਬੰਧਤ ਕੰਮਾਂ ਦੇ ਨਾਲ-ਨਾਲ ਖੇਡ ਉਪਕਰਨਾਂ ਦੀ ਵਿਵਸਥਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਸਿਰਫ਼ ਖੇਡ ਮੈਦਾਨ ਬਣਾਉਣਾ ਨਹੀਂ, ਸਗੋਂ ਅਜਿਹਾ ਖੇਡ ਮਾਹੌਲ ਤਿਆਰ ਕਰਨਾ ਹੈ ਜਿੱਥੇ ਪਿੰਡਾਂ ਦੇ ਬੱਚੇ ਅਤੇ ਨੌਜਵਾਨ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰ ਸਕਣ ਅਤੇ ਇੱਕ ਸਿਹਤਮੰਦ ਤੇ ਨਸ਼ਾ-ਮੁਕਤ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਣ।