Punjab Power Cuts: ਚੇਅਰਮੈਨ ’ਤੇ ਡਿੱਗੀ ਬਿਜਲੀ ਕੱਟਾਂ ਦੀ ਗਾਜ, ਸੂਬਾ ਸਰਕਾਰ ਨੇ ਬਸੰਤ ਗਰਗ ਨੂੰ ਹਟਾਇਆ
14 ਘੰਟਿਆਂ ਤੱਕ ਦੇ ਬਿਜਲੀ ਕੱਟਾਂ ਵਿਚਕਾਰ ਅਧਿਕਾਰੀ ਦੀ ਬਦਲੀ, ਗੁਰਕੀਰਤ ਕਿਰਪਾਲ ਸਿੰਘ ਨੂੰ ਮਿਲੀ ਜ਼ਿੰਮੇਵਾਰੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab Electricity News: ਪੰਜਾਬ ’ਚ ਬਿਜਲੀ ਸੰਕਟ ਦੇ ਲਗਾਤਾਰ ਗੰਭੀਰ ਹੋਣ ਦਰਮਿਆਨ ਅਤੇ ਸਿਆਸੀ ਧਿਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਲਗਾਤਾਰ ਚੁੱਕੀ ਜਾ ਰਹੀ ਉਂਗਲੀ ਸਬੰਧੀ ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਨਿਗਮ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਡਾ. ਬਸੰਤ ਗਰਗ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ 2001 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਨੂੰ ਬਿਜਲੀ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਨਾਲ ਪੰਜਾਬ ਰਾਜ ਬਿਜਲੀ ਨਿਗਮ ਅਤੇ ਪੰਜਾਬ ਰਾਜ ਬਿਜਲੀ ਸੰਚਾਰ ਨਿਗਮ ਦੇ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਰਕਾਰੀ ਹੁਕਮਾਂ ਅਨੁਸਾਰ ਬਸੰਤ ਗਰਗ ਨੂੰ ਉਦਯੋਗ ਅਤੇ ਵਣਜ, ਨਿਵੇਸ਼ ਉਤਸ਼ਾਹ ਅਤੇ ਸੂਚਨਾ ਤਕਨਾਲੋਜੀ ਨਾਲ ਸਬੰਧਿਤ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਅਗਲੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਵਧਦੇ ਬਿਜਲੀ ਕੱਟ ਸਰਕਾਰ ਲਈ ਵੱਡੀ ਚੁਣੌਤੀ ਬਣ ਰਹੇ ਹਨ। ਕਿਸਾਨ ਬਿਜਲੀ ਸਪਲਾਈ ਸਬੰਧੀ ਚਿੰਤਤ ਹਨ, ਉਦਯੋਗਪਤੀ ਉਤਪਾਦਨ ਪ੍ਰਭਾਵਿਤ ਹੋਣ ਦੀ ਗੱਲ ਕਰ ਰਹੇ ਹਨ ਅਤੇ ਆਮ ਲੋਕ ਗਰਮੀ ਦੇ ਦਿਨਾਂ ਵਿੱਚ ਲੰਮੇ ਕੱਟਾਂ ਤੋਂ ਪਰੇਸ਼ਾਨ ਹਨ। ਪੰਜਾਬ ਸਰਕਾਰ ਨੂੰ ਲੱਗ ਰਿਹਾ ਸੀ ਕਿ ਇਸ ਦਾ ਅਗਾਮੀ ਵਿਧਾਨ ਸਭਾ ਚੋਣਾਂ ’ਤੇ ਵੀ ਅਸਰ ਪੈ ਸਕਦਾ ਹੈ, ਜਿਸ ਕਾਰਨ ਹੀ ਬਸੰਤ ਗਰਗ ਦੀ ਛੁੱਟੀ ਕਰਦੇ ਹੋਏ ਸੀਨੀਅਰ ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਦੀ ਤੈਨਾਤੀ ਕੀਤੀ ਗਈ ਹੈ। ਇਸ ਸਮੇਂ ਸਤੰਬਰ ਮਹੀਨੇ ਦੌਰਾਨ ਪੰਜਾਬ ਵਿੱਚ ਬਿਜਲੀ ਦੀ ਮੰਗ 16,500 ਮੈਗਾਵਾਟ ਤੋਂ ਉੱਪਰ ਜਾ ਚੁੱਕੀ ਹੈ ਅਤੇ ਮੰਗ 16,619 ਮੈਗਾਵਾਟ ਤੱਕ ਪਹੁੰਚਣ ਦੀ ਗੱਲ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : Murder Case Punjab: ਵੈਟਰਨਰੀ ਡਾਕਟਰ ਦੇ ਕਤਲ ਦੇ ਦੋਸ਼-ਚ ਤਿੰਨ ਨੌਜਵਾਨ ਗ੍ਰਿਫ਼ਤਾਰ, ਮਾਮਲਾ ਦਰਜ
ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ ਸਮੇਤ ਕਈ ਉਦਯੋਗਿਕ ਇਲਾਕਿਆਂ ਵਿੱਚ 14 ਘੰਟਿਆਂ ਤੱਕ ਦੇ ਕੱਟਾਂ ਨੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਘਰੇਲੂ ਅਤੇ ਪੇਂਡੂ ਖਪਤਕਾਰ ਵੀ ਲੰਬੇ ਅਤੇ ਅਣਐਲਾਨੇ ਬਿਜਲੀ ਕੱਟਾਂ ਦੀਆਂ ਸ਼ਿਕਾਇਤਾਂ ਕਰ ਰਹੇ ਹਨ। ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਵਿੱਚ ਬਿਜਲੀ ਦੀ ਮੰਗ ਵਧਣ ਦੇ ਮੁਕਾਬਲੇ ਉਤਪਾਦਨ ਅਤੇ ਸਪਲਾਈ ਦੀ ਤਿਆਰੀ ਕਿੰਨੀ ਸੀ। ਉਪਲਬਧ ਬਿਜਲੀ ਉਤਪਾਦਨ ਸਮਰੱਥਾ ਵਿੱਚ ਵੀ ਕਮੀ ਆਈ ਹੈ। ਪਿਛਲੇ ਸਮੇਂ ਵਿੱਚ ਜਿੱਥੇ ਇਹ ਸਮਰੱਥਾ ਲਗਭਗ 6,580 ਮੈਗਾਵਾਟ ਦੱਸੀ ਜਾਂਦੀ ਸੀ, ਉੱਥੇ ਹੁਣ ਇਹ ਕਰੀਬ 5,680 ਮੈਗਾਵਾਟ ਰਹਿ ਗਈ ਹੈ। ਦੋ ਨਿੱਜੀ ਤਾਪ ਬਿਜਲੀ ਘਰਾਂ ਦੀਆਂ ਇਕਾਈਆਂ ਬੰਦ ਹੋਣ ਕਾਰਨ ਲਗਭਗ 1,360 ਮੈਗਾਵਾਟ ਬਿਜਲੀ ਉਤਪਾਦਨ ਵੀ ਘੱਟ ਹੋਣਗੀਆਂ ਖਬਰਾਂ ਸਾਹਮਣੇ ਆਈਆਂ ਹਨ। Punjab Electricity News