Punjab
Agriculture News: ਗੰਨੇ ਦੀਆਂ ਵੱਧ ਝਾੜ ਦੇਣ ਵਾਲੀਆਂ ਉੱਨਤ ਕਿਸਮਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਾਇਆ
ਚੌੜੀ ਵਿਧੀ ਨਾਲ ਬਿਜਾਈ ਅਤੇ ਅੰਤਰ ਫ਼ਸਲਾਂ ਰਾਹੀਂ ਵਧਾਇਆ ਜਾ ਸਕਦੈ ਗੰਨੇ ਦਾ ਝਾੜ ਤੇ ਮੁਨਾਫ਼ਾ
Agriculture News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਕੇਨ ਕਮਿਸ਼ਨਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ, ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਦੀ ਰਹਿਨੁਮਾਈ ਅਤੇ ਸਹਾਇਕ ਗੰਨਾ ਵਿਕਾਸ ਅਫ਼ਸਰ ਫ਼ਰੀਦਕੋਟ ਦੀ ਅਗਵਾਈ ਹੇਠ ਆਰ.ਕੇ.ਵੀ.ਵਾਈ. ਸਕੀਮ ਤਹਿਤ ਫ਼ਰੀਦਕੋਟ ਵਿਖੇ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਦੌਰਾਨ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦੀ ਚੌੜੀ ਵਿਧੀ ਰਾਹੀਂ ਬਿਜਾਈ ਕਰਨ ਅਤੇ ਵੱਧ ਝਾੜ ਦੇਣ ਵਾਲੀਆਂ ਉੱਨਤ ਨਵੀਆਂ ਕਿਸਮਾਂ ਦੀ ਬਿਜਾਈ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਨਵਿੰਦਰ ਪਾਲ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਗੰਨਾ) ਨੇ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ਗੰਨੇ ਦੀ ਫ਼ਸਲ ਵਿੱਚ ਅੰਤਰ ਫ਼ਸਲਾਂ ਦੀ ਕਾਸ਼ਤ ਕਰਕੇ ਕਿਸਾਨ ਗੰਨੇ ਤੋਂ ਵੱਧ ਝਾੜ ਦੇ ਨਾਲ-ਨਾਲ ਵਾਧੂ ਆਮਦਨ ਅਤੇ ਮੁਨਾਫ਼ਾ ਵੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਗੰਨੇ ਦੀ ਫ਼ਸਲ ਨੂੰ ਲੱਗਣ ਵਾਲੀਆਂ ਵੱਖ-ਵੱਖ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੀ ਰੋਕਥਾਮ ਤੇ ਫ਼ਸਲ ਦੀ ਸੁਚੱਜੀ ਸੰਭਾਲ ਸਬੰਧੀ ਵੀ ਕਿਸਾਨਾਂ ਨੂੰ ਅਹਿਮ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: Punjab Government Employees Strike: ਪੰਜਾਬ ’ਚ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ, ਜਲਦ ਹੋਵੇਗੀ ਸੀਐਮ ਮਾਨ ਨਾਲ ਮੀਟਿੰਗ
ਇਸ ਮੌਕੇ ਡਾ. ਪ੍ਰਦੀਪ ਗੋਇਲ, ਖੇਤਰੀ ਖੇਤੀ ਖੋਜ ਕੇਂਦਰ ਫ਼ਰੀਦਕੋਟ ਨੇ ਕਿਸਾਨਾਂ ਨੂੰ ਗੰਨੇ ਦੀਆਂ ਉੱਨਤ ਕਿਸਮਾਂ ਦਾ ਬੀਜ ਮੁਹੱਈਆ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਗੰਨੇ ਦੀ ਬਿਜਾਈ ਲਈ ਬੀਜ ਨੂੰ ਯੋਗ ਤਰੀਕੇ ਨਾਲ ਸੋਧ ਕੇ ਹੀ ਵਰਤਿਆ ਜਾਵੇ, ਤਾਂ ਜੋ ਫ਼ਸਲ ਨੂੰ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਤੋਂ ਬਚਾਇਆ ਜਾ ਸਕੇ। ਡਾ. ਗੋਇਲ ਨੇ ਦੱਸਿਆ ਕਿ ਗੰਨੇ ਦੀ ਬਿਜਾਈ ਸਤੰਬਰ-ਅਕਤੂਬਰ ਅਤੇ ਫਿਰ ਫਰਵਰੀ-ਮਾਰਚ ਦੇ ਢੁਕਵੇਂ ਸਮੇਂ ਦੌਰਾਨ ਕਰਨ ਨਾਲ ਫ਼ਸਲ ਤੋਂ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਗੰਨੇ ਦੀਆਂ ਸਿਫ਼ਾਰਸ਼ਸ਼ੁਦਾ ਉੱਨਤ ਕਿਸਮਾਂ ਦੀ ਚੋਣ ਕਰਨ ਅਤੇ ਖੇਤੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਨੁਸਾਰ ਖੇਤੀ ਕਰਨ ਲਈ ਪ੍ਰੇਰਿਤ ਕੀਤਾ।
ਇਸ ਸਿਖਲਾਈ ਕੈਂਪ ’ਚ ਲਗਭਗ 45 ਕਿਸਾਨਾਂ ਨੇ ਭਾਗ ਲਿਆ। ਕੈਂਪ ਦੀ ਸਮਾਪਤੀ ਉਪਰੰਤ ਕਿਸਾਨਾਂ ਨੂੰ ਫ਼ੀਲਡ ਵਿਜ਼ਿਟ ਵੀ ਕਰਵਾਈ ਗਈ, ਜਿੱਥੇ ਉਨ੍ਹਾਂ ਨੂੰ ਗੰਨੇ ਦੀਆਂ ਵੱਖ-ਵੱਖ ਉੱਨਤ ਕਿਸਮਾਂ ਅਤੇ ਉਨ੍ਹਾਂ ਦੀ ਕਾਸ਼ਤ ਸਬੰਧੀ ਵਿਹਾਰਕ ਜਾਣਕਾਰੀ ਦਿੱਤੀ ਗਈ।