IND vs PAK: ਪੰਜਾਬ ਆਵੇਗੀ ਪਾਕਿਸਤਾਨੀ ਟੀਮ, 1 ਨਵੰਬਰ ਨੂੰ ਜਲੰਧਰ ’ਚ ਹੋਵੇਗਾ ਭਾਰਤ-ਪਾਕਿ ਹਾਕੀ ਮੁਕਾਬਲਾ

27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਤੇ ਮੁਹਾਲੀ ’ਚ ਹੋਵੇਗਾ ਟੂਰਨਾਮੈਂਟ, ਸਾਰੇ ਮੈਚ ਮੁਫ਼ਤ, ਨਹੀਂ ਲੱਗੇਗੀ ਟਿਕਟ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਹੋਣ ਜਾ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਦੌਰਾਨ ਭਾਰਤ-ਪਾਕਿਸਤਾਨ ਦੀ ਟੱਕਰ ਸਬੰਧੀ ਬਣੀ ਉਡੀਕ ਹੁਣ ਖ਼ਤਮ ਹੋ ਗਈ ਹੈ। ਪਾਕਿਸਤਾਨ ਦੀ ਹਾਕੀ ਟੀਮ ਭਾਰਤ ਆਵੇਗੀ ਅਤੇ ਪੰਜਾਬ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਵਿੱਚ ਹਿੱਸਾ ਵੀ ਲਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਪਾਕਿਸਤਾਨ ਦੀ ਸ਼ਮੂਲੀਅਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਹੁ-ਦੇਸ਼ੀ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ। ਤਾਜ਼ਾ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਟੀਮ ਅਗਲੇ ਮਹੀਨੇ ਭਾਰਤ ਦੀ ਯਾਤਰਾ ਕਰੇਗੀ।ਪੰਜਾਬ ਪਹਿਲੀ ਵਾਰ ਇਸ ਪੱਧਰ ਦੇ ਵੱਕਾਰੀ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਏਸ਼ੀਅਨ ਚੈਂਪੀਅਨਜ਼ ਟਰਾਫੀ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ਵਿੱਚ ਹੋਵੇਗੀ। IND vs PAK

ਲੀਗ ਪੜਾਅ ਅਤੇ ਉਦਘਾਟਨੀ ਸਮਾਰੋਹ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹੋਣਗੇ, ਜਦੋਂਕਿ ਸੈਮੀਫਾਈਨਲ ਅਤੇ ਫਾਈਨਲ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ। ਹਾਕੀ ਇੰਡੀਆ ਨੇ ਵੀ ਟੂਰਨਾਮੈਂਟ ਦੀਆਂ ਤਰੀਕਾਂ ਅਤੇ ਦੋਵੇਂ ਮੇਜ਼ਬਾਨ ਸ਼ਹਿਰਾਂ ਦੀ ਪੁਸ਼ਟੀ ਕੀਤੀ ਹੈ। ਸਭ ਤੋਂ ਵੱਡਾ ਮੁਕਾਬਲਾ 1 ਨਵੰਬਰ ਨੂੰ ‘ਪੰਜਾਬ ਦਿਵਸ’ ਵਾਲੇ ਦਿਨ ਸ਼ਾਮ 7 ਵਜੇ ਜਲੰਧਰ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ। ਦੋਵੇਂ ਟੀਮਾਂ ਦੇ ਮੁਕਾਬਲੇ ਸਬੰਧੀ  ਪੰਜਾਬ ਹੀ ਨਹੀਂ, ਸਗੋਂ ਦੇਸ਼ ਭਰ ਦੇ ਹਾਕੀ ਪ੍ਰੇਮੀਆਂ ਵਿੱਚ ਉਤਸ਼ਾਹ ਹੈ। ਪਾਕਿਸਤਾਨ ਦੀ ਭਾਰਤ ਯਾਤਰਾ ਇਸ ਲਈ ਵੀ ਖ਼ਾਸ ਹੈ ਕਿਉਂਕਿ ਦੋਵੇਂ ਦੇਸ਼ਾਂ ਵਿਚਾਲੇ ਦੁਵੱਲੇ ਖੇਡ ਸਬੰਧਾਂ ’ਤੇ  ਪਾਬੰਦੀਆਂ ਹਨ, ਪਰ ਬਹੁ-ਦੇਸ਼ੀ ਖੇਡ ਮੁਕਾਬਲਿਆਂ ਵਿੱਚ ਦੋਵੇਂ ਟੀਮਾਂ ਹਿੱਸਾ ਲੈ ਸਕਦੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਹੋਣ ਵਾਲੀ ਇਹ ਚੈਂਪੀਅਨਸ਼ਿਪ ਸਿਰਫ਼ ਇੱਕ ਖੇਡ ਮੁਕਾਬਲਾ ਨਹੀਂ, ਸਗੋਂ ਉਸ ਧਰਤੀ ’ਤੇ ਹਾਕੀ ਦੀ ਵਾਪਸੀ ਹੈ।

ਇਹ ਵੀ ਪੜ੍ਹੋ : Punjab Power Cuts: ਚੇਅਰਮੈਨ ’ਤੇ ਡਿੱਗੀ ਬਿਜਲੀ ਕੱਟਾਂ ਦੀ  ਗਾਜ, ਸੂਬਾ ਸਰਕਾਰ ਨੇ ਬਸੰਤ ਗਰਗ ਨੂੰ ਹਟਾਇਆ

ਜਿਸ ਨੇ ਭਾਰਤੀ ਹਾਕੀ ਨੂੰ ਕਈ ਮਹਾਨ ਖਿਡਾਰੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੱਟੀ ਨੇ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਅਜੀਤ ਪਾਲ ਸਿੰਘ ਸਮੇਤ ਕਈ ਓਲੰਪੀਅਨ ਅਤੇ ਕੌਮੀ ਕਪਤਾਨ ਪੈਦਾ ਕੀਤੇ ਹਨ। ਪੈਰਿਸ ਓਲੰਪਿਕ 2024 ਵਿੱਚ ਵੀ ਪੰਜਾਬ ਦੇ 10 ਖਿਡਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਸੀ ਅਤੇ ਹਰਮਨਪ੍ਰੀਤ ਸਿੰਘ ਨੇ ਟੀਮ ਦੀ ਅਗਵਾਈ ਕੀਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਟੂਰਨਾਮੈਂਟ ਨੂੰ ਸਫ਼ਲਤਾ ਪੂਰਵਕ ਕਰਾਉਣ  ਲਈ 25.40 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਵਿੱਚੋਂ 22.96 ਕਰੋੜ ਰੁਪਏ ਦੋਵੇਂ ਮੁੱਖ ਸਟੇਡੀਅਮਾਂ ਦੇ ਅਪਗ੍ਰੇਡੇਸ਼ਨ ’ਤੇ ਖ਼ਰਚੇ ਜਾ ਰਹੇ ਹਨ। ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਲਈ 14 ਕਰੋੜ ਅਤੇ ਮੁਹਾਲੀ ਦੇ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਲਈ 8.96 ਕਰੋੜ ਰੁਪਏ ਰੱਖੇ ਗਏ ਹਨ। ਟੂਰਨਾਮੈਂਟ ਵਿੱਚ ਭਾਰਤ, ਪਾਕਿਸਤਾਨ, ਚੀਨ, ਜਪਾਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ। ਜੇ ਕਿਸੇ ਟੀਮ ਦੇ ਹਟਣ ਦੀ ਸਥਿਤੀ ਬਣਦੀ ਹੈ। IND vs PAK

ਤਾਂ ਓਮਾਨ ਜਾਂ ਬੰਗਲਾਦੇਸ਼ ਨੂੰ ਰਿਜ਼ਰਵ ਟੀਮ ਵਜੋਂ ਮੌਕਾ ਮਿਲ ਸਕਦਾ ਹੈ। ਭਗਵੰਤ ਮਾਨ ਨੇ ਖ਼ਾਸ ਤੌਰ ’ਤੇ ਐਲਾਨ ਕੀਤਾ ਕਿ ਕਿਸੇ ਵੀ ਮੈਚ ਲਈ ਟਿਕਟ ਦੀ ਲੋੜ ਨਹੀਂ ਹੋਵੇਗੀ। ਸਾਰੇ ਮੈਚ ਦਰਸ਼ਕਾਂ ਲਈ ਮੁਫ਼ਤ ਹੋਣਗੇ। ਉਨ੍ਹਾਂ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ, ਨੌਜਵਾਨਾਂ, ਹਾਕੀ ਅਕੈਡਮੀਆਂ, ਖੇਡ ਪ੍ਰੇਮੀਆਂ ਅਤੇ ਪਰਵਾਸੀ ਪੰਜਾਬੀਆਂ ਨੂੰ ਵੱਡੀ ਗਿਣਤੀ ਵਿੱਚ ਸਟੇਡੀਅਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਦਾ ਮਕਸਦ ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਸਿਰਫ਼ ਇੱਕ ਅੰਤਰਰਾਸ਼ਟਰੀ ਮੁਕਾਬਲੇ ਤੱਕ ਸੀਮਤ ਰੱਖਣਾ ਨਹੀਂ, ਸਗੋਂ ਇਸ ਰਾਹੀਂ ਪੰਜਾਬ ਵਿੱਚ ਨਵੀਂ ਖੇਡ ਲਹਿਰ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮੌਜ਼ੂਦਾ ਵਿੱਤੀ ਸਾਲ ਲਈ ਪੰਜਾਬ ਦਾ ਖੇਡ ਬਜਟ 1,743 ਕਰੋੜ ਰੁਪਏ ਰੱਖਿਆ ਗਿਆ ਹੈ। ਸਰਕਾਰ ਵੱਲੋਂ ਪੇਂਡੂ ਖੇਡ ਮੈਦਾਨਾਂ ਅਤੇ ਆਧੁਨਿਕ ਜਿੰਮਾਂ ਦੇ ਵਿਕਾਸ ਦਾ ਵੀ ਦਾਅਵਾ ਕੀਤਾ ਗਿਆ ਹੈ। ਇਸ ਮੌਕੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ, ਡਾਇਰੈਕਟਰ ਜਨਰਲ ਕਮਾਂਡਰ ਆਰਕੇ ਸ਼੍ਰੀਵਾਸਤਵ, ਕਾਰਜਕਾਰੀ ਬੋਰਡ ਮੈਂਬਰ ਆਰਪੀ ਸਿੰਘ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਹੋਰ ਹਾਜ਼ਰ ਸਨ। IND vs PAK

About The Author

Related Posts