Punjab Tax Department Action: ਟੈਕਸ ਚੋਰਾਂ ’ਤੇ ਪੰਜਾਬ ਸਰਕਾਰ ਦਾ ਵੱਡਾ ਵਾਰ, 170 ਵਾਹਨ ਜ਼ਬਤ, 5 ਕਰੋੜ ਤੋਂ ਵੱਧ ਦਾ ਲੋਹਾ ਫੜਿਆ
ਮੰਡੀ ਗੋਬਿੰਦਗੜ੍ਹ ਤੇ ਖੰਨਾ ’ਚ ਵਿਸ਼ੇਸ਼ ਮੁਹਿੰਮ ਨਾਲ ਭਾਜੜ, ਜਾਂਚ ਮਗਰੋਂ ਟੈਕਸ ਤੇ ਜ਼ੁਰਮਾਨੇ ਦੀ ਵਸੂਲੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਖ਼ਜ਼ਾਨੇ ਨੂੰ ਚੂਨਾ ਲਾਉਣ ਵਾਲਿਆਂ ਵਿਰੁੱਧ ਸੂਬੇ ਭਰ ’ਚ ਆਬਕਾਰੀ ਤੇ ਕਰ ਵਿਭਾਗ ਵੱਲੋਂ ਚਲਾਈ ਗਈ ਵੱਡੀ ਜਾਂਚ ਮੁਹਿੰਮ ਦੌਰਾਨ ਟੈਕਸ ਨਿਯਮਾਂ ਦੀ ਉਲੰਘਣਾ ਦੇ ਸ਼ੱਕ ਹੇਠ ਮਾਲ ਲਿਜਾ ਰਹੇ 170 ਵਾਹਨ ਕਾਬੂ ਕੀਤੇ ਗਏ ਹਨ। ਇਨ੍ਹਾਂ ਵਾਹਨਾਂ ਵਿੱਚੋਂ 5 ਕਰੋੜ ਰੁਪਏ ਤੋਂ ਵੱਧ ਕੀਮਤ ਦਾ ਲੋਹੇ ਦਾ ਕਬਾੜ, ਤਿਆਰ ਲੋਹਾ ਤੇ ਸਟੀਲ ਦਾ ਸਾਮਾਨ ਜ਼ਬਤ ਕੀਤਾ ਗਿਆ ਹੈ। ਮੰਡੀ ਗੋਬਿੰਦਗੜ੍ਹ ਅਤੇ ਖੰਨਾ ਨੂੰ ਇਸ ਮੁਹਿੰਮ ਦਾ ਕੇਂਦਰ ਬਣਾਇਆ ਗਿਆ, ਜਿੱਥੇ ਲੋਹੇ ਦੇ ਕਾਰੋਬਾਰ ਨਾਲ ਜੁੜੀਆਂ ਖੇਪਾਂ ਦੀ ਵੱਡੇ ਪੱਧਰ ’ਤੇ ਜਾਂਚ ਕੀਤੀ ਗਈ। ਖਜ਼ਾਨਾ ਤੇ ਟੈਕਸ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਕਾਰਵਾਈ ਨੂੰ ਟੈਕਸ ਚੋਰੀ ਕਰਨ ਵਾਲਿਆਂ ਲਈ ਸਿੱਧੀ ਚਿਤਾਵਨੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਹੇਰਾ-ਫੇਰੀ ਕਰਕੇ ਸਰਕਾਰੀ ਟੈਕਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਹੁਣ ਉਨ੍ਹਾਂ ਲਈ ਬਚਣ ਦੀ ਕੋਈ ਗੁੰਜਾਇਸ਼ ਨਹੀਂ ਰਹੇਗੀ।
ਹਰਪਾਲ ਚੀਮਾ ਨੇ ਸਪੱਸ਼ਟ ਕੀਤਾ ਕਿ ਸਰਕਾਰ ਦਾ ਮਕਸਦ ਟੈਕਸ ਪ੍ਰਣਾਲੀ ਵਿੱਚੋਂ ਹਰ ਉਹ ਰਾਹ ਬੰਦ ਕਰਨਾ ਹੈ, ਜਿਸ ਰਾਹੀਂ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਜਾਂਚ ਦੌਰਾਨ ਵੱਡੀ ਗਿਣਤੀ ਵਿੱਚ ਵਾਹਨ ਅਜਿਹੇ ਮਿਲੇ, ਜਿਨ੍ਹਾਂ ਕੋਲ ਮਾਲ ਦੀ ਢੁੱਕਵੀਂ ਖਰੀਦ-ਵੇਚ ਦੀ ਰਸੀਦ ਜਾਂ ਲੋੜੀਂਦੇ ਦਸਤਾਵੇਜ਼ ਮੌਜ਼ੂਦ ਨਹੀਂ ਸਨ। ਵਿਭਾਗ ਵੱਲੋਂ ਹੁਣ ਜ਼ਬਤ ਕੀਤੀਆਂ ਖੇਪਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਰਕਾਰ ਮੁਤਾਬਕ ਇਹ ਜਾਂਚ ਲਗਭਗ ਇੱਕ ਹਫ਼ਤੇ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ। ਜਾਂਚ ਵਿੱਚ ਜਿਹੜੀ ਵੀ ਟੈਕਸ ਚੋਰੀ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਵੇਗੀ, ਉਸ ਮੁਤਾਬਕ ਬਣਦਾ ਟੈਕਸ ਅਤੇ ਜ਼ੁਰਮਾਨਾ ਸਣੇ ਹੋਰ ਕਾਨੂੰਨੀ ਬਕਾਏ ਵਸੂਲ ਕੀਤੇ ਜਾਣਗੇ। ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿੱਚ ਹੋਈ ਇਸ ਕਾਰਵਾਈ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਦੋਵੇਂ ਇਲਾਕੇ ਲੋਹੇ ਅਤੇ ਸਟੀਲ ਦੇ ਵੱਡੇ ਵਪਾਰਕ ਕੇਂਦਰ ਹਨ। ਵਿਭਾਗ ਵੱਲੋਂ ਸੂਬੇ ਦੀਆਂ ਸਾਰੀਆਂ ਜਾਂਚ ਅਤੇ ਰੋਕਥਾਮ ਇਕਾਈਆਂ ਨੂੰ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਕਾਰਵਾਈ ਨੇ ਉਨ੍ਹਾਂ ਵਪਾਰੀਆਂ ਅਤੇ ਢੋਆ-ਢੁਆਈ ਕਰਨ ਵਾਲਿਆਂ ਵਿੱਚ ਵੀ ਹਲਚਲ ਪੈਦਾ ਕਰ ਦਿੱਤੀ ਹੈ, ਜੋ ਬਿਨਾਂ ਪੂਰੇ ਦਸਤਾਵੇਜ਼ਾਂ ਤੋਂ ਮਾਲ ਦੀ ਆਵਾਜਾਈ ਕਰਦੇ ਹਨ।
ਇਹ ਵੀ ਪੜ੍ਹੋ : IND vs PAK: ਪੰਜਾਬ ਆਵੇਗੀ ਪਾਕਿਸਤਾਨੀ ਟੀਮ, 1 ਨਵੰਬਰ ਨੂੰ ਜਲੰਧਰ ’ਚ ਹੋਵੇਗਾ ਭਾਰਤ-ਪਾਕਿ ਹਾਕੀ ਮੁਕਾਬਲਾ
‘ਸਰਕਾਰੀ ਆਮਦਨ ਨੂੰ ਖੋਰਾ ਲਾਉਣ ਵਾਲਿਆਂ ਨਾਲ ਕਿਸੇ ਤਰ੍ਹਾਂ ਦੀ ਨਰਮੀ ਨਹੀਂ ਵਰਤੀ ਜਾਵੇਗੀ’
ਚੀਮਾ ਨੇ ਕਿਹਾ ਕਿ ਇਹ ਕੋਈ ਇੱਕ ਦਿਨ ਦੀ ਕਾਰਵਾਈ ਨਹੀਂ, ਸਗੋਂ ਟੈਕਸ ਪਾਲਣਾ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਚੱਲਣ ਵਾਲੀ ਮੁਹਿੰਮ ਹੈ। ਉਨ੍ਹਾਂ ਅਨੁਸਾਰ ਸਰਕਾਰ ਚਾਹੁੰਦੀ ਹੈ ਕਿ ਕਾਰੋਬਾਰੀ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਨਿਯਮਾਂ ਮੁਤਾਬਕ ਕਾਰੋਬਾਰ ਕਰਨ ਅਤੇ ਹਰ ਬਣਦਾ ਟੈਕਸ ਸਰਕਾਰੀ ਖ਼ਜ਼ਾਨੇ ਤੱਕ ਪਹੁੰਚੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਆਮਦਨ ਨੂੰ ਖੋਰਾ ਲਾਉਣ ਵਾਲਿਆਂ ਨਾਲ ਕਿਸੇ ਤਰ੍ਹਾਂ ਦੀ ਨਰਮੀ ਨਹੀਂ ਵਰਤੀ ਜਾਵੇਗੀ। ਹੁਣ ਵਿਭਾਗ ਦੀ ਅਗਲੀ ਨਜ਼ਰ ਜ਼ਬਤ ਕੀਤੇ ਗਏ ਮਾਲ ਦੇ ਅਸਲ ਦਸਤਾਵੇਜ਼ਾਂ, ਮਾਲ ਦੀ ਕੀਮਤ ਅਤੇ ਇਸ ਨਾਲ ਜੁੜੀਆਂ ਵਪਾਰਕ ਲੈਣ-ਦੇਣ ਦੀਆਂ ਜਾਣਕਾਰੀਆਂ ’ਤੇ ਹੈ। ਜੇ ਜਾਂਚ ਦੌਰਾਨ ਟੈਕਸ ਚੋਰੀ ਸਾਬਤ ਹੁੰਦੀ ਹੈ ਤਾਂ ਸਬੰਧਤ ਧਿਰਾਂ ਤੋਂ ਬਣਦਾ ਟੈਕਸ ਅਤੇ ਕਾਨੂੰਨੀ ਬਕਾਏ ਵਸੂਲ ਕਰਨ ਦੇ ਨਾਲ ਹੋਰ ਕਾਰਵਾਈ ਵੀ ਹੋ ਸਕਦੀ ਹੈ। 170 ਵਾਹਨਾਂ ਦੀ ਇਕੱਠੀ ਕਾਰਵਾਈ ਅਤੇ ਕਰੋੜਾਂ ਰੁਪਏ ਦਾ ਮਾਲ ਜ਼ਬਤ ਹੋਣਾ ਪੰਜਾਬ ਦੇ ਟੈਕਸ ਵਿਭਾਗ ਵੱਲੋਂ ਹੁਣ ਤੱਕ ਦੀਆਂ ਵੱਡੀਆਂ ਕਾਰਵਾਈਆਂ ਵਿੱਚੋਂ ਇੱਕ ਵਜੋਂ ਦੇਖਿਆ ਜਾ ਰਿਹਾ ਹੈ। ਹਰਪਾਲ ਚੀਮਾ ਦਾ ਸੁਨੇਹਾ ਸਾਫ਼ ਹੈ ਕਿ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਮਹਿੰਗੀ ਪਵੇਗੀ। Punjab Tax Department Action