Punjab Electricity News: ਤਲਵੰਡੀ ਸਾਬੋ ਥਰਮਲ ਪਲਾਂਟ ਅੰਦਰ 4 ਦਿਨਾਂ ਦਾ ਕੋਲਾ, ਯੂਨਿਟ ਕਰਨਾ ਪਿਆ ਬੰਦ
ਰਾਜਪੁਰਾ ਥਰਮਲ ਅੰਦਰ 6 ਦਿਨਾਂ ਦਾ ਕੋਲਾ, ਲੋੜੀਂਦੀ ਮਾਤਰਾ ’ਚ ਨਹੀਂ ਪ੍ਰਾਪਤ ਹੋ ਰਿਹਾ ਕੋਲਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਸਤੰਬਰ ਮਹੀਨੇ ਦੌਰਾਨ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਵੱਡੀ ਪੱਧਰ ’ਤੇ ਵਧੀ ਹੈ। ਚਾਲੂ ਸਤੰਬਰ ਮਹੀਨੇ ਦੌਰਾਨ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਤੋਂ ਪਾਰ ਚੱਲ ਰਹੀ ਹੈ ਜਦਕਿ ਸਾਲ 2025 ਦੇ ਸਤੰਬਰ ਮਹੀਨੇ ਵਿੱਚ ਬਿਜਲੀ ਦੀ ਮੰਗ 7 ਹਜਾਰ ਤੋਂ 10 ਹਜ਼ਾਰ ਮੈਗਾਵਾਟ ਦੇ ਵਿਚਕਾਰ ਹੀ ਦਰਜ਼ ਕੀਤੀ ਗਈ ਸੀ। ਇੱਧਰ ਮੌਜੂਦਾ ਸਮੇਂ ਪ੍ਰਾਈਵੇਟ ਥਰਮਲ ਕੋਲੇ ਦੀ ਕਮੀ ਨਾਲ ਜੂਝ ਰਹੇ ਹਨ, ਜਿਸ ਕਾਰਨ ਬਿਜਲੀ ਦੀ ਕਿੱਲਤ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਇਸ ਸਾਲ ਬਿਜਲੀ ਦੀ ਮੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਤੰਬਰ ਮਹੀਨੇ ’ਚ ਵੀ ਬਿਜਲੀ ਦੀ ਮੰਗ ਨੇ ਪਾਵਰਕੌਮ ਨੂੰ ਤਰੇਲੀਆਂ ਲਿਆ ਰੱਖੀਆਂ ਤੇ ਉਪਰੋਂ ਕੋਲੇ ਦੀ ਘਾਟ ਕਰਕੇ ਥਰਮਲ ਪਲਾਟਾਂ ਦੇ ਯੂਨਿਟ ਬੰਦ ਕਰਨੇ ਪੈ ਰਹੇ ਹਨ। ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਅੰਦਰ ਸਿਰਫ਼ 4 ਦਿਨਾਂ ਦਾ ਕੋਲਾ ਬਚਿਆ ਹੈ, ਜਿਸ ਕਾਰਨ ਇਸ ਥਰਮਲ ਪਲਾਂਟ ਦਾ ਇੱਕ ਨੰਬਰ ਯੂਨਿਟ ਬੰਦ ਕਰਨਾ ਪਿਆ ਹੈ। ਇਸ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ’ਚੋਂ ਦੋ ਯੂਨਿਟ ਚੱਲ ਰਹੇ ਹਨ, ਜਿਨ੍ਹਾਂ ਦਾ ਬਿਜਲੀ ਉਤਪਾਦਨ ਵੀ ਘਟਿਆ ਹੈ।
Read Also : ਨੇਪਾਲ ’ਚ ਹੜ੍ਹ ਤੋਂ ਬਾਅਦ ਅਜੇ ਵੀ 500 ਵਿਦਿਆਰਥੀ ਸੰਪਰਕ ਤੋਂ ਬਾਹਰ
1980 ਮੈਗਾਵਾਟ ਦੇ ਸਭ ਤੋਂ ਵੱਡੇ ਇਸ ਥਰਮਲ ਪਲਾਂਟ ਦੇ ਦੋ ਯੂਨਿਟਾਂ ਵੱਲੋਂ ਸਿਰਫ਼ 1040 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਇਸ ਥਰਮਲ ਪਲਾਂਟ ਨੂੰ 44588 ਮੀਟਰਕ ਟਨ ਕੋਲਾ ਹਾਸਲ ਹੋਇਆ ਹੈ ਜਦਕਿ ਇਸ ਅੰਦਰ ਖਪਤ 28623 ਮੀਟਰਕ ਟਨ ਖ਼ਪਤ ਹੋਈ ਹੈ। ਇਸ ਕੋਲ 105700 ਮੀਟਰਕ ਟਨ ਕੋਲਾ ਬਚਿਆ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕੋਲਾ ਆ ਰਿਹਾ ਹੈ, ਪਰ ਉਸਦੀ ਮਾਤਰਾ ਘੱਟ ਹੈ।
ਇਸੇ ਤਰ੍ਹਾਂ ਹੀ ਪ੍ਰਾਈਵੇਟ ਰਾਜਪੁਰਾ ਥਰਮਲ ਪਲਾਂਟ ਅੰਦਰ 6 ਦਿਨਾਂ ਦਾ ਕੋਲਾ ਹੈ ਤੇ ਇਸ ਦੇ ਦੋਵੇਂ ਯੂਨਿਟ ਭਖੇ ਹੋਏ ਹਨ। ਇਸ ਪਲਾਂਟ ਅੰਦਰ 92058 ਮੀਟਰਕ ਟਨ ਕੋਲਾ ਹੈ। 1400 ਮੈਗਾਵਾਟ ਦੇ ਦੋਵੇਂ ਯੂਨਿਟਾਂ ਵੱਲੋਂ 1247 ਮੈਗਾਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਸਰਕਾਰੀ ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ 11 ਦਿਨਾਂ ਦਾ ਕੋਲਾ ਹੈ ਤੇ ਇਸ ਦੇ ਚਾਰੋਂ ਯੂਨਿਟ ਚੱਲ ਰਹੇ ਹਨ। ਇੱਥੋਂ 800 ਮੈਗਾਵਾਟ ਬਿਜਲੀ ਉਤਪਦਾਨ ਹੋ ਰਿਹਾ ਹੈ। ਰੋਪੜ ਥਰਮਲ ਪਲਾਂਟ ਕੋਲ 29 ਦਿਨਾਂ ਦਾ ਕੋਲਾ ਹੈ ਜਦਕਿ ਇਸ ਵੱਲੋਂ ਸਿਰਫ਼ 340 ਮੈਗਾਵਾਟ ਹੀ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਪਏ ਹਨ।
ਇਸੇ ਤਰ੍ਹਾਂ ਹੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਅੰਦਰ 16 ਦਿਨਾਂ ਦਾ ਕੋਲਾ ਹੈ ਅਤੇ ਇਸ ਦਾ ਇੱਕ ਯੂਨਿਟ ਬੁਆਇਲਰ ਲੀਕ ਕਾਰਨ ਲੰਘੀ ਰਾਤ ਬੰਦ ਹੋ ਗਿਆ। ਮੌਜ਼ੂਦਾ ਸਮੇਂ ਸਤੰਬਰ ਮਹੀਨੇ ਵਿੱਚ ਬਿਜਲੀ ਦੀ ਮੰਗ 16 ਹਜਾਰ ਮੈਗਾਵਾਟ ਤੋਂ ਪਾਰ ਹੀ ਚੱਲ ਰਹੀ ਹੈ ਜਦਕਿ ਪਿਛਲੇ ਸਾਲ ਇਸੇ ਮਹੀਨੇ ਵਿੱਚ 9 ਸਤੰਬਰ ਨੂੰ ਬਿਜਲੀ ਦੀ ਮੰਗ 10078 ਮੈਗਾਵਾਟ ਸੀ ਜਦਕਿ ਪਿਛਲੇ ਸਾਲ 1 ਤੋਂ 8 ਸਤੰਬਰ ਤੱਕ ਇਹ ਮੰਗ ਇਸ ਤੋਂ ਕਿਤੇ ਘੱਟ ਰਹੀ।
