Punjab Rain News: ਹਿਮਾਚਲ ’ਚ ਬਰਫ਼ਬਾਰੀ ਤੇ ਪੰਜਾਬ ’ਚ ਮੀਂਹ ਕਾਰਨ ਵਧੀ ਠੰਢ

27 ਅਕਤੂਬਰ ਤੱਕ ਪੰਜਾਬ ’ਚ ਮੀਂਹ ਦੀ ਕੋਈ ਖ਼ਾਸ ਸੰਭਾਵਨਾ ਨਹੀਂ, ਚੰਡੀਗੜ੍ਹ ’ਚ ਵੀ ਮੌਸਮ ਖੁਸ਼ਕ ਰਹਿਣ ਦੇ ਆਸਾਰ

Khushdeep Singh Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ਼/ਏਜੰਸੀ)। ਹਿਮਾਚਲ ਪ੍ਰਦੇਸ਼ ’ਚ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਪੰਜਾਬ ਤੇ ਚੰਡੀਗੜ੍ਹ ਦੇ ਮੌਸਮ ਵਿੱਚ ਤਬਦੀਲੀ ਆਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸ਼ਨਿੱਚਰਵਾਰ ਦੇਰ ਸ਼ਾਮ ਤੇਜ਼ ਹਵਾਵਾਂ ਨਾਲ ਹੋਈ ਬਾਰਿਸ਼ ਕਾਰਨ ਠੰਢ ਵਧ ਗਈ। ਬਰਨਾਲਾ ਤੇ ਸੰਗਰੂਰ ਸਮੇਤ ਕਈ ਇਲਾਕਿਆਂ ਵਿੱਚ ਮੀਂਹ ਪੈਣ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਮੌਸਮ ਵਿਭਾਗ ਅਨੁਮਾਨ ਅਨੁਸਾਰ, 25 ਅਕਤੂਬਰ ਤੋਂ ਚੰਡੀਗੜ੍ਹ ’ਚ ਅਗਲੇ ਕੁਝ ਦਿਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਦਿਨ ਵੇਲੇ ਧੁੱਪ ਨਿਕਲਣ ਕਾਰਨ ਤਾਪਮਾਨ ਆਮ ਨੇੜੇ ਰਹਿ ਸਕਦਾ ਹੈ। 28 ਅਕਤੂਬਰ ਤੱਕ ਚੰਡੀਗੜ੍ਹ ਵਿੱਚ ਮੁੱਖ ਤੌਰ ’ਤੇ ਮੌਸਮ ਸਾਫ਼ ਰਹਿਣ ਦੇ ਆਸਾਰ ਹਨ। ਪੰਜਾਬ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ 0.2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ ਤੇ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ। ਬਠਿੰਡਾ ’ਚ ਸਭ ਤੋਂ ਵੱਧ 32.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 31.2 ਡਿਗਰੀ ਸੈਲਸੀਅਸ ਰਿਹਾ।

ਮੌਸਮ ਵਿਭਾਗ ਅਨੁਸਾਰ, ਪੰਜਾਬ ’ਚ 27 ਅਕਤੂਬਰ ਤੱਕ ਮੀਂਹ ਪੈਣ ਦੀ ਕੋਈ ਖ਼ਾਸ ਸੰਭਾਵਨਾ ਨਹੀਂ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਫ਼ਤਹਿਗੜ੍ਹ ਸਾਹਿਬ, ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਮੋਹਾਲੀ ਤੇ ਪਟਿਆਲਾ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 30 ਤੋਂ 32 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਸੂਬੇ ਦੇ ਬਾਕੀ ਹਿੱਸਿਆਂ ’ਚ ਇਹ ਤਾਪਮਾਨ 32 ਤੋਂ 34 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।

ਕਈ ਇਲਾਕਿਆਂ ’ਚ ਦਿਨ ਦਾ ਤਾਪਮਾਨ ਆਮ ਨਾਲੋਂ ਥੋੜ੍ਹਾ ਵੱਧ ਰਹਿਣ ਦੇ ਆਸਾਰ ਹਨ। ਰਾਤ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਕੁਝ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ 12 ਤੋਂ 14 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਨਵਾਂਸ਼ਹਿਰ, ਮੋਹਾਲੀ, ਫ਼ਤਹਿਗੜ੍ਹ ਸਾਹਿਬ ਤੇ ਰੂਪਨਗਰ ’ਚ ਇਹ 14 ਤੋਂ 16 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਸੂਬੇ ਦੇ ਹੋਰ ਹਿੱਸਿਆਂ ਵਿੱਚ ਵੀ ਰਾਤ ਦਾ ਤਾਪਮਾਨ ਇਸੇ ਦਾਇਰੇ ’ਚ ਰਹਿ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਰਾਤ ਦੇ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ : Winter Health Tips: ਸਰਦੀਆਂ ’ਚ ਸਿਹਤ ਦਾ ਰੱਖੋ ਖਾਸ ਧਿਆਨ, ਇਨ੍ਹਾਂ ਚੀਜ਼ਾਂ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ

About The Author

Related Posts