School Cultural Program: ਗੋਲਡਨ ਇਰਾ ਸਕੂਲ ਦਾ ਸਾਲਾਨਾ ਸਮਾਗਮ 'ਰੌਣਕ-2026' ਧੂਮ-ਧਾਮ ਨਾਲ ਸੰਪੰਨ
ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ
School Cultural Program: (ਸੁਸ਼ੀਲ ਕੁਮਾਰ) ਭਾਦਸੋਂ। ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੋਲਡਨ ਇਰਾ ਸਕੂਲ ਦਿੱਤੂਪੁਰ ਜੱਟਾਂ ਵੱਲੋਂ ਆਪਣਾ ਸਾਲਾਨਾ ਸਮਾਰੋਹ 'ਰੌਣਕ-2026' ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ (RGNUL) ਦੇ ਆਡੀਟੋਰੀਅਮ ਵਿਖੇ ਬੜੇ ਹੀ ਉਤਸ਼ਾਹ ਅਤੇ ਧੂਮ-ਧਾਮ ਨਾਲ ਕਰਵਾਇਆ ਗਿਆ। ਇਸ ਰੰਗਾ-ਰੰਗ ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਸਰਸ਼ਾਰ ਵੱਖ-ਵੱਖ ਵੰਨਗੀਆਂ ਜਿਵੇਂ ਕਿ ਭੰਗੜਾ, ਗਿੱਧਾ, ਨਾਟਕ ਅਤੇ ਸੱਭਿਆਚਾਰਕ ਕੋਰੀਓਗ੍ਰਾਫ਼ੀ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਬੱਚਿਆਂ ਦੀਆਂ ਇਨ੍ਹਾਂ ਮਨਮੋਹਕ ਪੇਸ਼ਕਾਰੀਆਂ ਨੇ ਸਮਾਗਮ ਵਿੱਚ ਮੌਜ਼ੂਦ ਸਾਰੇ ਦਰਸ਼ਕਾਂ ਦੀਆਂ ਤਾੜੀਆਂ ਨਾਲ ਆਡੀਟੋਰੀਅਮ ਗੂੰਜ਼ਣ ਲਾ ਦਿੱਤਾ।
ਇਹ ਵੀ ਪੜ੍ਹੋ: Gold Price Today: ਸਰਾਫਾ ਬਾਜ਼ਾਰ ’ਚ ਗਿਰਾਵਟ ’ਤੇ ਬ੍ਰੇਕ, ਸੋਨੇ ਤੇ ਚਾਂਦੀ ਦੀ ਚਮਕ ਵਧੀ
ਇਸ ਸਮਾਗਮ ਦੌਰਾਨ ਸਕੂਲ ਦੇ ਪ੍ਰੈਜ਼ੀਡੈਂਟ ਸ੍ਰੀ ਵਿਕਾਸ ਸੇਠ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੁਮੀਰਾ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਬੱਚਿਆਂ ਦੇ ਮਾਪਿਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਸੁਮੀਰਾ ਸ਼ਰਮਾ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਤੇ ਸਕੂਲ ਦੀ ਨਵੀਂ ਬਣੀ ਇਮਾਰਤ ਅਤੇ ਉਸ ਵਿੱਚ ਨਵੇਂ ਬਣੇ ਸਵਿਮਿੰਗ ਪੂਲ ਅਤੇ ਸਮਾਗਮ ਕਰਾਉਣ ਲਈ ਬਣਾਏ ਆਧੁਨਿਕ ਐਡੀਟੋਰੀਅਮ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਦੀਆਂ ਉਪਲੱਬਧੀਆਂ ਨੂੰ ਮਾਪਿਆਂ ਅੱਗੇ ਪੇਸ਼ ਕੀਤਾ।
ਇਸ ਦੌਰਾਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਜਿਵੇਂ ਕੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਟਾਪਰ 12 ਵਿਦਿਆਰਥੀ ਅਤੇ ਖੇਡਾਂ ਵਿੱਚ ਸਟੇਟ ਪੱਧਰ ’ਤੇ ਖੇਡ ਚੁੱਕੇ ਅਤੇ ਨੈਸ਼ਨਲ ਪੱਧਰ ਲਈ ਸਿਲੈਕਟਡ ਖਿਡਾਰੀਆਂ ਅਤੇ ਹੋਰ ਗਤੀਵਿਧੀਆਂ ਵਿੱਚ ਆਪਣਾ ਅਤੇ ਸਕੂਲ ਦਾ ਨਾਂਅ ਰੌਸ਼ਨ ਕਰਨ ਵਾਲੇ 9 ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਦੀ ਸ਼ਾਨਦਾਰ ਸਫ਼ਲਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਲਿਆਉਣ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵੀ ਸਕੂਲ ਵੱਲੋਂ ਬੱਚਿਆਂ ਦੇ ਉੱਜਵਲ ਭਵਿੱਖ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਲਈ ਇਸੇ ਤਰ੍ਹਾਂ ਦੇ ਸ਼ਾਨਦਾਰ ਪ੍ਰੋਗਰਾਮ ਕੀਤੇ ਜਾਂਦੇ ਰਹਿਣਗੇ। ਅੰਤ ਵਿੱਚ ਸਕੂਲ ਦੇ 15 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿੱਚ ਸਕੂਲ ਵਿੱਚ 10 ਸਾਲ ਤੋਂ ਵੱਧ ਆਪਣੀਆ ਸੇਵਾਵਾਂ ਦੇਣ ਵਾਲੇ ਸਕੂਲ ਐਡਮਿਨਿਸਟ੍ਰੇਟਰ ਦੀਪਕ ਕੁਮਾਰ ਅਤੇ 4 ਹੋਰ ਸਟਾਫ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।
