Faridkot News: ਖੁਰਾਕ ਸੁਰੱਖਿਆ ਟੀਮ ਵੱਲੋਂ ਫਰੀਦਕੋਟ ਤੇ ਜੈਤੋ ’ਚ ਵਿਸ਼ੇਸ਼ ਚੈਕਿੰਗ

ਚਮ-ਚਮ, ਦੁੱਧ, ਦੇਸੀ ਘਿਓ, ਖੋਆ ਤੇ ਪਨੀਰ ਦੇ ਨਮੂਨੇ ਲਏ

Khushdeep Singh Picture
Published On

ਫਰੀਦਕੋਟ (ਸੱਚ ਕਹੂੰ ਨਿਊਜ਼/ਹਿੰ.ਸ.)। ‘ਮੇਲਾ ਬਾਬਾ ਫਰੀਦ ਜੀ’ ਦੇ ਮੱਦੇਨਜ਼ਰ ਲੋਕਾਂ ਨੂੰ ਸਾਫ਼-ਸੁਥਰੀ ਤੇ ਮਿਆਰੀ ਖੁਰਾਕੀ ਵਸਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਦੀ ਖੁਰਾਕ ਸੁਰੱਖਿਆ ਟੀਮ ਵੱਲੋਂ ਫਰੀਦਕੋਟ ਸ਼ਹਿਰ ਤੇ ਜੈਤੋ ਮੰਡੀ ’ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਹ ਕਾਰਵਾਈ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਤੇ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ। ਚੈਕਿੰਗ ਦੌਰਾਨ ਵੱਖ-ਵੱਖ ਖਾਣ-ਪੀਣ ਵਾਲੀਆਂ ਦੁਕਾਨਾਂ ’ਤੇ ਖੁਰਾਕੀ ਵਸਤਾਂ ਦੀ ਗੁਣਵੱਤਾ, ਤਿਆਰੀ ਦੇ ਢੰਗ ਤੇ ਸਫਾਈ ਪ੍ਰਬੰਧਾਂ ਦੀ ਜਾਂਚ ਕੀਤੀ ਗਈ। ਟੀਮ ਵੱਲੋਂ ਚਮ-ਚਮ, ਦੁੱਧ ਤੇ ਦੇਸੀ ਘਿਓ ਦੇ ਤਿੰਨ ਨਮੂਨੇ ਲਏ ਗਏ। ਇਸ ਤੋਂ ਇਲਾਵਾ ਖੋਆ ਤੇ ਪਨੀਰ ਦੇ ਵੀ ਨਮੂਨੇ ਇਕੱਠੇ ਕੀਤੇ ਗਏ। ਸਾਰੇ ਨਮੂਨੇ ਜਾਂਚ ਲਈ ਪ੍ਰਯੋਗਸ਼ਾਲਾ ਭੇਜੇ ਜਾਣਗੇ ਤੇ ਰਿਪੋਰਟ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਰੇਸ਼ ਕੁਮਾਰ ਤੇ ਫੂਡ ਸੇਫਟੀ ਅਫ਼ਸਰ ਨਵਦੀਪ ਚਾਹਲ ਨੇ ਦੁਕਾਨਦਾਰਾਂ ਤੇ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਹਦਾਇਤ ਕੀਤੀ। Faridkot News

ਭੋਜਨ ਤਿਆਰ ਕਰਨ ਵਾਲੇ ਕਰਮਚਾਰੀਆਂ ਦੀ ਨਿੱਜੀ ਸਫਾਈ ਦੇ ਨਾਲ-ਨਾਲ ਦੁਕਾਨ ਤੇ ਰਸੋਈ ਵਾਲੀ ਥਾਂ ਦੀ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਵੇ। ਖਾਣ-ਪੀਣ ਦੀਆਂ ਵਸਤਾਂ ਨੂੰ ਢੱਕ ਕੇ ਰੱਖਣ ਤੇ ਉਨ੍ਹਾਂ ਨੂੰ ਸਾਫ਼-ਸੁਥਰੇ ਮਾਹੌਲ ’ਚ ਤਿਆਰ ਕਰਨ ਲਈ ਕਿਹਾ ਗਿਆ। ਉਨ੍ਹਾਂ ਕਾਰੋਬਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਖੁਰਾਕੀ ਵਸਤਾਂ ਤਿਆਰ ਕਰਨ ਲਈ ਸਿਰਫ਼ ਮਿਆਰੀ ਕੱਚਾ ਮਾਲ ਵਰਤਿਆ ਜਾਵੇ ਤੇ ਖਰੀਦ ਸਮੇਂ ਉਸ ਦਾ ਬਿੱਲ ਜ਼ਰੂਰ ਲਿਆ ਜਾਵੇ। ਇਸ ਨਾਲ ਵਰਤੇ ਜਾ ਰਹੇ ਕੱਚੇ ਮਾਲ ਦੀ ਗੁਣਵੱਤਾ ਤੇ ਉਸ ਦੀ ਪੂਰੀ ਜਾਣਕਾਰੀ ਦਾ ਰਿਕਾਰਡ ਰੱਖਣ ਵਿੱਚ ਮਦਦ ਮਿਲੇਗੀ। ਖੁਰਾਕ ਸੁਰੱਖਿਆ ਟੀਮ ਨੇ ਸਪੱਸ਼ਟ ਕੀਤਾ ਕਿ ਮੇਲੇ ਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ’ਤੇ ਨਿਗਰਾਨੀ ਹੋਰ ਸਖ਼ਤ ਕੀਤੀ ਜਾਵੇਗੀ। ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਫੂਡ ਸੇਫਟੀ ਅਫ਼ਸਰ ਨਵਦੀਪ ਚਾਹਲ ਤੇ ਟੀਮ ਮੈਂਬਰ ਤਰਲੋਕ ਸਿੰਘ ਵੀ ਹਾਜ਼ਰ ਸਨ। Faridkot News

ਇਹ ਵੀ ਪੜ੍ਹੋ : Kathmandu News: ਕਾਠਮੰਡੂ ’ਚ ਗੰਭੀਰ LPG ਗੈਸ ਸੰਕਟ, ਖਾਲੀ ਸਿਲੰਡਰਾਂ ਨਾਲ ਭਟਕ ਰਹੇ ਲੋਕ

About The Author

Related Posts