Ration Depot Punjab: ਪੰਜਾਬ ਫੂਡ ਕਮਿਸ਼ਨ ਵੱਲੋਂ ਪਟਿਆਲਾ ਦੇ ਡਿੱਪੂ ਹੋਲਡਰ ‘ਬੈਸਟ ਐਵਾਰਡ’ ਨਾਲ ਸਨਮਾਨਿਤ
ਡਿੱਪੂ ਹੋਲਡਰਾਂ ਵੱਲੋਂ ਸਰਕਾਰੀ ਰਾਸ਼ਨ ਵੰਡ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ
Ration Depot Punjab: ਚੰਡੀਗੜ੍ਹ (ਹਿੰ.ਸ.)| ਪੰਜਾਬ ਫੂਡ ਕਮਿਸ਼ਨ ਵੱਲੋਂ ਕਰਵਾਏ ਗਏ ਸਨਮਾਨ ਸਮਾਗਮ ਵਿੱਚ ਪਟਿਆਲਾ ਜ਼ਿਲ੍ਹੇ ਦੇ ਰਾਸ਼ਨ ਡਿੱਪੂ ਹੋਲਡਰ ਮਨਮੋਹਨ ਅਰੋੜਾ ਨੂੰ ਸ਼ਾਨਦਾਰ ਸੇਵਾਵਾਂ ਲਈ ‘ਬੈਸਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਵੱਲੋਂ ਲੋਕਾਂ ਨੂੰ ਰਾਸ਼ਨ ਵੰਡ ਪ੍ਰਣਾਲੀ ਤਹਿਤ ਦਿੱਤੀਆਂ ਜਾ ਰਹੀਆਂ ਬਿਹਤਰ ਸੇਵਾਵਾਂ ਦੇ ਮੱਦੇਨਜ਼ਰ ਪ੍ਰਦਾਨ ਕੀਤਾ ਗਿਆ।
ਸਮਾਗਮ ਦੌਰਾਨ ਪੰਜਾਬ ਫੂਡ ਸਪਲਾਈ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਅਤੇ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਮਨਮੋਹਨ ਅਰੋੜਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ, ਵਿਜੇ ਦੱਤ, ਡਾ. ਜੇ.ਐਸ. ਬੇਦੀ, ਡਾ. ਸਤੀਸ਼ ਵਰਮਾ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਾਇਰੈਕਟਰ ਅੰਜੂਮਨ ਭਾਸਕਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਧਿਕਾਰੀ ਮੌਜੂਦ ਸਨ। ਪਟਿਆਲਾ ਤੋਂ ਡੀ.ਐੱਫ.ਐੱਸ.ਸੀ. ਅਮਰਿੰਦਰ ਸਿੰਘ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਸਮਾਗਮ ਵਿੱਚ ਸ਼ਾਮਲ ਹੋਏ।
Read Also : 18 ਸਾਲ ਦੇ ਨੌਜਵਾਨਾਂ ਲਈ ਚੰਗੀ ਖਬਰ, ਇਸ ਤਰ੍ਹਾਂ ਬਣਵਾਓ ਨਵੀਂ ਵੋਟ | New Voter Card Apply Punjab
ਮਨਮੋਹਨ ਅਰੋੜਾ ਨੂੰ ਮਿਲੇ ਇਸ ਸਨਮਾਨ ’ਤੇ ਰਾਸ਼ਨ ਡਿੱਪੂ ਹੋਲਡਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਾਮਪਾਲ ਮਹਾਜਨ ਅਤੇ ਉਨ੍ਹਾਂ ਦੀ ਟੀਮ ਨੇ ਪੰਜਾਬ ਫੂਡ ਕਮਿਸ਼ਨ ਅਤੇ ਫੂਡ ਸਪਲਾਈ ਵਿਭਾਗ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਡਿੱਪੂ ਹੋਲਡਰਾਂ ਵੱਲੋਂ ਸਰਕਾਰੀ ਰਾਸ਼ਨ ਵੰਡ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ।
ਪਟਿਆਲਾ ਰਾਸ਼ਨ ਡਿੱਪੂ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕਪਿਲਾ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ, ਜਨਰਲ ਸਕੱਤਰ ਗੁਰਿੰਦਰ ਸਿੰਘ, ਪੰਜਾਬ ਪ੍ਰੈਸ ਸਕੱਤਰ ਸੁਦਰਸ਼ਨ ਮਿੱਤਲ, ਕੈਸ਼ੀਅਰ ਸੁਦਰਸ਼ਨ ਕਿੰਗਰ ਅਤੇ ਸਤੀਸ਼ ਕੁਮਾਰ ਨੇ ਵੀ ਮਨਮੋਹਨ ਅਰੋੜਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਮਨਮੋਹਨ ਅਰੋੜਾ ਲਈ ਹੀ ਨਹੀਂ, ਸਗੋਂ ਪਟਿਆਲਾ ਜ਼ਿਲ੍ਹੇ ਦੇ ਸਮੂਹ ਰਾਸ਼ਨ ਡਿੱਪੂ ਹੋਲਡਰਾਂ ਲਈ ਵੀ ਮਾਣ ਵਾਲੀ ਗੱਲ ਹੈ।
ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਆਸ ਪ੍ਰਗਟਾਈ ਕਿ ਮਨਮੋਹਨ ਅਰੋੜਾ ਨੂੰ ਮਿਲਿਆ ਇਹ ਸਨਮਾਨ ਹੋਰ ਡਿੱਪੂ ਹੋਲਡਰਾਂ ਨੂੰ ਵੀ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਹੋਰ ਸੁਧਾਰ ਕਰਨ ਲਈ ਪ੍ਰੇਰਿਤ ਕਰੇਗਾ। ਉਨ੍ਹਾਂ ਕਿਹਾ ਕਿ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਡਿੱਪੂ ਹੋਲਡਰਾਂ ਦੀ ਹੌਸਲਾ ਅਫਜ਼ਾਈ ਨਾਲ ਰਾਸ਼ਨ ਵੰਡ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਮਿਲੇਗੀ।