Punjab
Sirhind Canal: ਸਰਹਿੰਦ ਨਹਿਰ ’ਚ ਪਾਣੀ ਦੀ ਲੀਕੇਜ, ਵਿਧਾਇਕ ਸੇਖੋਂ ਨੇ ਮੌਕੇ ’ਤੇ ਪਹੁੰਚ ਲਿਆ ਜਾਇਜ਼ਾ
ਸਰਹਿੰਦ ਨਹਿਰ ’ਚ ਪਾਣੀ ਦੀ ਲੀਕੇਜ, ਵਿਧਾਇਕ ਸੇਖੋਂ ਨੇ ਮੌਕੇ ’ਤੇ ਪਹੁੰਚ ਲਿਆ ਜਾਇਜ਼ਾ
ਫਰੀਦਕੋਟ (ਸੱਚ ਕਹੂੰ ਨਿਊਜ਼/ਹਿੰ.ਸ.)। ਪਿੰਡ ਭੋਲੂਵਾਲਾ ਵਿਖੇ ਐਤਵਾਰ ਦੇਰ ਰਾਤ ਸਰਹਿੰਦ ਨਹਿਰ ’ਚੋਂ ਪਾਣੀ ਲੀਕ ਹੋਣ ਦੀ ਸੂਚਨਾ ਮਿਲਦਿਆਂ ਹੀ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਲੀਕੇਜ ਨੂੰ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਜਾਣਕਾਰੀ ਲਈ। ਵਿਧਾਇਕ ਸੇਖੋਂ ਨੇ ਦੱਸਿਆ ਕਿ ਨਹਿਰ ਵਿੱਚੋਂ ਪਾਣੀ ਲੀਕ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਥਿਤੀ ਨੂੰ ਕਾਬੂ ’ਚ ਰੱਖਣ ਲਈ ਸਰਹਿੰਦ ਨਹਿਰ ਵਿੱਚ ਪਾਣੀ ਦੀ ਮਾਤਰਾ ਵੀ ਘਟਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਲੀਕੇਜ ਵਾਲੀ ਥਾਂ ’ਤੇ ਡਿੱਗੀ ਬਣਾ ਕੇ ਬੰਨ੍ਹ ਲਾਉਣ ਦਾ ਕੰਮ ਜਾਰੀ ਹੈ, ਜਿਸ ਨਾਲ ਪਾਣੀ ਦੀ ਲੀਕੇਜ ਨੂੰ ਰੋਕਣ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਸਬੰਧਤ ਵਿਭਾਗਾਂ ਦੀਆਂ ਟੀਮਾਂ ਮੌਕੇ ’ਤੇ ਮੌਜ਼ੂਦ ਹਨ ਤੇ ਸਮੱਸਿਆ ਦੇ ਹੱਲ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਲੋੜੀਂਦੇ ਪ੍ਰਬੰਧ ਵੀ ਕੀਤੇ ਗਏ ਹਨ। ਵਿਧਾਇਕ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਲੀਕੇਜ ਦੀ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕਰ ਲਿਆ ਜਾਵੇਗਾ ਤੇ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਸਰਬਜੀਤ ਸਿੰਘ ਬਰਾੜ, ਐਕਸੀਅਨ ਗੁਰਵੀਨ ਸਿੰਘ, ਜਗਜੀਤ ਸਿੰਘ, ਸਿਕੰਦਰ ਸਿੰਘ ਭੋਲੂਵਾਲਾ, ਗੁਰਸੇਵਕ ਸਿੰਘ ਭੋਲੂਵਾਲਾ, ਗੁਰਪ੍ਰੀਤ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ। Punjab News
ਇਹ ਵੀ ਪੜ੍ਹੋ : SIR 2026 : 18 ਸਾਲ ਦੇ ਨੌਜਵਾਨਾਂ ਲਈ ਚੰਗੀ ਖਬਰ, ਇਸ ਤਰ੍ਹਾਂ ਬਣਵਾਓ ਨਵੀਂ ਵੋਟ | New Voter Card Apply Punjab