PSEB News: PSEB ਦਾ ਵੱਡਾ ਫੈਸਲਾ, 11ਵੀਂ ਤੋਂ ਬਾਅਦ ਹੁਣ ਸਟਰੀਮ ਜਾਂ ਵਿਸ਼ਾ ਨਹੀਂ ਬਦਲ ਸਕਣਗੇ ਵਿਦਿਆਰਥੀ

ਸਰਕਾਰੀ, ਏਡਿਡ ਤੇ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ’ਤੇ ਲਾਗੂ ਹੋਵੇਗਾ ਫੈਸਲਾ

Khushdeep Singh Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਨੇ ਸੀਨੀਅਰ ਸੈਕੰਡਰੀ ਪੱਧਰ ’ਤੇ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਵਿਸ਼ਿਆਂ ਤੇ ਸਟਰੀਮ ਦੀ ਚੋਣ ਸਬੰਧੀ ਵੱਡਾ ਬਦਲਾਅ ਕੀਤਾ ਹੈ। ਨਵੇਂ ਹੁਕਮਾਂ ਤਹਿਤ ਹੁਣ 11ਵੀਂ ਜਮਾਤ ਪਾਸ ਕਰਨ ਤੋਂ ਬਾਅਦ 12ਵੀਂ ਜਮਾਤ ’ਚ ਸਟਰੀਮ ਜਾਂ ਵਿਸ਼ੇ ਬਦਲਣ ਦੀ ਵਿਵਸਥਾ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਗਈ ਹੈ। ਇਸ ਤਹਿਤ ਵਿਦਿਆਰਥੀਆਂ ਨੂੰ 12ਵੀਂ ਜਮਾਤ ’ਚ ਉਹੀ ਸਟਰੀਮ ਤੇ ਵਿਸ਼ੇ ਪੜ੍ਹਨੇ ਪੈਣਗੇ, ਜਿਨ੍ਹਾਂ ਦੀ ਪੜ੍ਹਾਈ ਉਨ੍ਹਾਂ ਨੇ 11ਵੀਂ ਜਮਾਤ ਵਿੱਚ ਕੀਤੀ ਹੈ। ਬੋਰਡ ਦਾ ਇਹ ਫੈਸਲਾ ਪੰਜਾਬ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਤੇ ਬੋਰਡ ਨਾਲ ਸਬੰਧਤ ਨਿੱਜੀ ਸਕੂਲਾਂ ’ਤੇ ਲਾਗੂ ਹੋਵੇਗਾ। ਜਾਣਕਾਰੀ ਅਨੁਸਾਰ ਇਹ ਪ੍ਰਸਤਾਵ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਬੋਰਡ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਵਿਦਿਆਰਥੀਆਂ ਦੀ ਪੜ੍ਹਾਈ ’ਚ ਨਿਰੰਤਰਤਾ ਬਣੀ ਰਹੇਗੀ। Education News Punjab

ਇਹ ਵੀ ਪੜ੍ਹੋ : Water Conservation Campaign: ਪਾਣੀ ਬਚਾਉਣ ਦੀ ਮੁਹਿੰਮ ’ਚ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ

ਸਿੱਖਿਆ ਦੀ ਗੁਣਵੱਤਾ ’ਚ ਸੁਧਾਰ ਹੋਵੇਗਾ ਤੇ ਵਿਦਿਆਰਥੀਆਂ ਦਾ ਬੁਨਿਆਦੀ ਆਧਾਰ ਹੋਰ ਮਜ਼ਬੂਤ ਹੋਵੇਗਾ। ਬੋਰਡ ਆਫ਼ ਡਾਇਰੈਕਟਰਜ਼ ਨੇ ਮੀਟਿੰਗ ਦੌਰਾਨ ਇਸ ਗੱਲ ’ਤੇ ਚਿੰਤਾ ਜ਼ਾਹਰ ਕੀਤੀ ਕਿ ਕਈ ਵਿਦਿਆਰਥੀ 11ਵੀਂ ਜਮਾਤ ’ਚ ਸਾਇੰਸ ਜਾਂ ਹੋਰ ਮੁਸ਼ਕਲ ਮੰਨੀ ਜਾਣ ਵਾਲੀ ਸਟਰੀਮ ਚੁਣਨ ਤੋਂ ਬਾਅਦ 12ਵੀਂ ’ਚ ਆਰਟਸ ਜਾਂ ਕਾਮਰਸ ਸਟਰੀਮ ’ਚ ਤਬਦੀਲ ਹੋ ਜਾਂਦੇ ਸਨ। ਬੋਰਡ ਵੱਲੋਂ ਸਪੱਸ਼ਟ ਕੀਤਾ ਗਿਆ ਕਿ 11ਵੀਂ ਤੇ 12ਵੀਂ ਜਮਾਤ ਦਾ ਪਾਠਕ੍ਰਮ ਆਪਸ ’ਚ ਜੁੜਿਆ ਹੋਇਆ ਹੈ ਤੇ ਦੋਵੇਂ ਜਮਾਤਾਂ ਦੀ ਪੜ੍ਹਾਈ ਨੂੰ ਨਿਰੰਤਰਤਾ ਦੇ ਆਧਾਰ ’ਤੇ ਤਿਆਰ ਕੀਤਾ ਜਾਂਦਾ ਹੈ। ਜੇਕਰ ਕੋਈ ਵਿਦਿਆਰਥੀ 11ਵੀਂ ’ਚ ਕਿਸੇ ਵਿਸ਼ੇ ਦਾ ਬੁਨਿਆਦੀ ਗਿਆਨ ਹਾਸਲ ਨਹੀਂ ਕਰਦਾ ਤੇ ਸਿੱਧਾ 12ਵੀਂ ’ਚ ਉਹ ਵਿਸ਼ਾ ਪੜ੍ਹਦਾ ਹੈ ਤਾਂ ਉਸ ਨੂੰ ਵਿਸ਼ੇ ਦੀ ਪੂਰੀ ਸਮਝ ਵਿਕਸਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਕਿ ਹਿਊਮੈਨਿਟੀਜ਼ ਜਾਂ ਕਾਮਰਸ ਸਟਰੀਮ ਕਿਸੇ ਵੀ ਪੱਖੋਂ ਸਾਇੰਸ ਸਟਰੀਮ ਤੋਂ ਘੱਟ ਨਹੀਂ ਹਨ। ਹਰ ਸਟਰੀਮ ਦਾ ਆਪਣਾ ਮਹੱਤਵ ਤੇ ਭਵਿੱਖ ’ਚ ਕਰੀਅਰ ਦੇ ਵੱਖ-ਵੱਖ ਮੌਕੇ ਹਨ। ਬੋਰਡ ਅਨੁਸਾਰ ਵਿਦਿਆਰਥੀਆਂ ਨੂੰ ਆਪਣੀ ਦਿਲਚਸਪੀ ਤੇ ਸਮਰੱਥਾ ਅਨੁਸਾਰ 11ਵੀਂ ਜਮਾਤ ’ਚ ਹੀ ਸਟਰੀਮ ਤੇ ਵਿਸ਼ਿਆਂ ਦੀ ਚੋਣ ਸੋਚ-ਸਮਝ ਕੇ ਕਰਨੀ ਚਾਹੀਦੀ ਹੈ।

About The Author

Related Posts