Punjab
Punjab Weather: ਪੰਜਾਬ ਤੇ ਚੰਡੀਗੜ੍ਹ ’ਚ ਮਾਨਸੂਨ ਕਮਜ਼ੋਰ, 9 ਜ਼ਿਲ੍ਹਿਆਂ ’ਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ
ਮਾਨਸੂਨ ਦੀ ਰਫਤਾਰ ਪਈ ਪੰਜਾਬ ’ਚ ਮੱਠੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਤੇ ਚੰਡੀਗੜ੍ਹ ’ਚ ਮਾਨਸੂਨ ਦੀ ਰਫ਼ਤਾਰ ਕੁਝ ਮੱਠੀ ਪੈ ਗਈ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਮੁਤਾਬਕ ਸੂਬੇ ਦੇ ਤਾਪਮਾਨ ’ਚ ਇੱਕ ਦਿਨ ਦੌਰਾਨ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਮੰਗਲਵਾਰ ਨੂੰ ਪੰਜਾਬ ਦੇ 9 ਜ਼ਿਲ੍ਹਿਆਂ ’ਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ’ਚ ਦਿਨ ਭਰ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣਗੇ ਤੇ ਇੱਕ-ਦੋ ਵਾਰ ਬਾਰਿਸ਼ ਜਾਂ ਗਰਜ ਨਾਲ ਫੁਹਾਰਾਂ ਪੈ ਸਕਦੀਆਂ ਹਨ। ਸੋਮਵਾਰ ਨੂੰ ਬਾਰਿਸ਼ ਨਾ ਹੋਣ ਕਾਰਨ ਸੂਬੇ ’ਚ ਗਰਮੀ ਤੇ ਉਮਸ ’ਚ ਵਾਧਾ ਹੋਇਆ, ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐੱਸਏਐੱਸ ਨਗਰ (ਮੋਹਾਲੀ) ਦੇ ਕੁਝ ਇਲਾਕਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਸਮੇਂ ਮਾਨਸੂਨ ਟਰਫ ਅੰਮ੍ਰਿਤਸਰ ਰਾਹੀਂ ਲੰਘ ਰਹੀ ਹੈ। Punjab Weather
ਜਿਸ ਕਾਰਨ ਪੰਜਾਬ ਵਿੱਚ ਬਾਰਿਸ਼ ਲਈ ਹਾਲਾਤ ਅਨੁਕੂਲ ਬਣੇ ਹੋਏ ਹਨ। ਇਸ ਦੇ ਨਾਲ ਹੀ ਉੱਤਰੀ ਹਰਿਆਣਾ ਤੇ ਆਸ-ਪਾਸ ਦੇ ਇਲਾਕਿਆਂ ’ਚ ਉੱਪਰੀ ਹਵਾਵਾਂ ਦਾ ਚੱਕਰਵਾਤੀ ਸਿਸਟਮ ਵੀ ਸਰਗਰਮ ਹੈ, ਜਿਸ ਨਾਲ ਬਾਰਿਸ਼ ਦੀਆਂ ਗਤੀਵਿਧੀਆਂ ’ਚ ਤੇਜ਼ੀ ਆ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 27 ਅਗਸਤ ਤੱਕ ਪੰਜਾਬ ਦੇ ਦੱਖਣ-ਪੱਛਮੀ ਹਿੱਸਿਆਂ ਵਿੱਚ ਹਲਕੀ, ਜਦਕਿ ਸੂਬੇ ਦੇ ਬਾਕੀ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 32 ਤੋਂ 34 ਡਿਗਰੀ ਸੈਲਸੀਅਸ, ਉੱਤਰੀ ਤੇ ਉੱਤਰ-ਪੂਰਬੀ ਹਿੱਸਿਆਂ ਵਿੱਚ 34 ਤੋਂ 36 ਡਿਗਰੀ ਅਤੇ ਦੱਖਣੀ ਤੇ ਦੱਖਣ-ਪੱਛਮੀ ਹਿੱਸਿਆਂ ਵਿੱਚ 36 ਤੋਂ 40 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਹੁਣ ਤੱਕ ਆਮ ਦੇ ਮੁਕਾਬਲੇ ਸਿਰਫ਼ 239.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 29 ਫ਼ੀਸਦੀ ਘੱਟ ਹੈ। ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਉੱਪਰ ਰਹਿਣ ਦੀ ਸੰਭਾਵਨਾ ਹੈ, ਜਦਕਿ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ ਵੱਧ ਦਰਜ ਹੋ ਸਕਦਾ ਹੈ। Punjab Weather
ਇਹ ਵੀ ਪੜ੍ਹੋ : Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੰਡਾਂ ਦੇ ਨੌਜਵਾਨਾਂ ਨੂੰ 500 ਆਧੁਨਿਕ 'ਪੇਂਡੂ ਖੇਡ ਮੈਦਾਨਾਂ' ਦਾ ਤੋਹਫ਼ਾ