Ludhiana News: ਮਾਮੂਲੀ ਵਿਵਾਦ ਮਗਰੋਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਲੁਧਿਆਣਾ ’ਚ ਵਾਪਰਿਆ ਭਿਆਨਕ ਹਾਦਸਾ

Khushdeep Singh Picture
Published On

ਲੁਧਿਆਣਾ (ਸੱਚ ਕਹੂੰ ਨਿਊਜ਼/ਹਿੰ.ਸ.)। ਕੋਤਵਾਲੀ ਥਾਣਾ ਖੇਤਰ ਅਧੀਨ ਕਲਾਕ ਟਾਵਰ ਨੇੜੇ ਸੋਮਵਾਰ ਦੇਰ ਰਾਤ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ। ਇਸ ਦੌਰਾਨ 39 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦਕਿ ਉਸ ਦਾ ਦੋਸਤ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਅਸ਼ੋਕ ਨਗਰ ਵਾਸੀ ਹਰਮਿੰਦਰ ਸਿੰਘ ਉਰਫ਼ ਸੋਨੂੰ ਵਜੋਂ ਹੋਈ ਹੈ। ਉਸ ਦੇ ਦੋਸਤ ਸੰਜੂ ਦੀ ਬਾਂਹ ’ਚ ਗੋਲੀ ਲੱਗੀ ਹੈ ਤੇ ਉਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪੁਲਿਸ ਮੁਤਾਬਕ ਸੋਨੂੰ ਆਪਣੇ ਦੋਸਤ ਦੇ ਜਨਮਦਿਨ ਸਮਾਗਮ ’ਚ ਸ਼ਾਮਲ ਹੋਣ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ। ਕਲਾਕ ਟਾਵਰ ਨੇੜੇ ਸਥਾਨਕ ਬੱਸ ਸਟੈਂਡ ਕੋਲ ਉਸ ਦੀ ਕੁਝ ਅਣਪਛਾਤੇ ਨੌਜਵਾਨਾਂ ਨਾਲ ਕਿਸੇ ਗੱਲ ਸਬੰਧੀ ਬਹਿਸ ਹੋ ਗਈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਵਿਵਾਦ ਵਾਹਨ ਨੂੰ ਰਸਤਾ ਦੇਣ ਨੂੰ ਲੈ ਕੇ ਸ਼ੁਰੂ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਬਹਿਸ ਵਧਣ ਤੋਂ ਬਾਅਦ ਮੁਲਜ਼ਮਾਂ ’ਚੋਂ ਇੱਕ ਨੇ ਹਥਿਆਰ ਕੱਢ ਕੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਸੋਨੂੰ ਦੇ ਗਲੇ ’ਚ ਲੱਗੀ, ਜਦਕਿ ਦੂਜੀ ਗੋਲੀ ਸੰਜੂ ਦੀ ਬਾਂਹ ’ਚ ਲੱਗੀ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕਾਰ ’ਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਤਨੀ ਜੋਤੀ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਸੋਨੂੰ ਆਪਣੇ ਦੋਸਤ ਸੰਜੂ ਨਾਲ ਜਨਮਦਿਨ ਦੀ ਪਾਰਟੀ ’ਚ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ। ਰਾਤ ਕਰੀਬ 1 ਵਜੇ ਪਰਿਵਾਰ ਨੂੰ ਫੋਨ ਰਾਹੀਂ ਸੋਨੂੰ ਨੂੰ ਗੋਲੀ ਲੱਗਣ ਦੀ ਸੂਚਨਾ ਮਿਲੀ। ਪਰਿਵਾਰਕ ਮੈਂਬਰ ਤੁਰੰਤ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਸੋਨੂੰ ਨੂੰ ਮ੍ਰਿਤਕ ਐਲਾਨ ਦਿੱਤਾ। ਸੋਨੂੰ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਪੁੱਤਰ ਛੱਡ ਗਿਆ ਹੈ। ਵੱਡੇ ਪੁੱਤਰ ਦੀ ਉਮਰ 8 ਸਾਲ, ਜਦਕਿ ਛੋਟੇ ਪੁੱਤਰ ਦੀ ਉਮਰ ਕਰੀਬ 1 ਸਾਲ 9 ਮਹੀਨੇ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਤੇ ਉਨ੍ਹਾਂ ਦੀ ਕਾਰ ਦੀ ਪਛਾਣ ਕੀਤੀ ਜਾ ਸਕੇ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਕਤਲ ਤੇ ਆਰਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। Ludhiana News

ਇਹ ਵੀ ਪੜ੍ਹੋ : Punjab Employees Protest: ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਧਰਨਾ, ਸੀਐਮ ਮਾਨ ਦਾ ਪੁਤਲਾ ਫੂਕਿਆ

About The Author

Related Posts