Punjab Political News: ਗੁਰਸ਼ਰਨ ਕੌਰ ਨੂੰ ਮਿਲੇ ਔਜਲਾ, ਕਿਹਾ-ਸੱਚ ਦੀ ਹਮੇਸ਼ਾ ਜਿੱਤ

ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਨੂੰ ਮਿਲੇ ਸਾਂਸਦ ਗੁਰਜੀਤ ਸਿੰਘ ਔਜਲਾ, ਕਿਹਾ- ਸੱਚ ਤੇ ਇਮਾਨਦਾਰੀ ਦੀ ਹਮੇਸ਼ਾ ਜਿੱਤ ਹੁੰਦੀ ਹੈ

Khushdeep Singh Picture
Published On

ਅੰਮ੍ਰਿਤਸਰ (ਰਾਜਨ ਮਾਨ)। ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਮੰਗਲਵਾਰ ਨੂੰ ਦਿੱਲੀ ਵਿਖੇ ਸਵਰਗਵਾਸੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੀ ਧਰਮਪਤਨੀ ਸ਼੍ਰੀਮਤੀ ਗੁਰਸ਼ਰਨ ਕੌਰ ਜੀ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਸ਼ਾਦ ਤੇ ਸਿਰੋਪਾਓ ਭੇਂਟ ਕਰਕੇ ਸਤਿਕਾਰ ਪ੍ਰਗਟ ਕੀਤਾ ਤੇ ਡਾ. ਮਨਮੋਹਨ ਸਿੰਘ ਜੀ ਦੀਆਂ ਦੇਸ਼ ਪ੍ਰਤੀ ਨਿਸ਼ਕਾਮ ਸੇਵਾਵਾਂ ਨੂੰ ਯਾਦ ਕੀਤਾ। ਸਾਂਸਦ ਔਜਲਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਵਰਗੀ ਮਹਾਨ ਸ਼ਖ਼ਸੀਅਤ ਦੀ ਕਾਬਲੀਅਤ, ਇਮਾਨਦਾਰੀ ਤੇ ਸਾਦਗੀ ਨੂੰ ਪੂਰੀ ਦੁਨੀਆ ਮੰਨਦੀ ਹੈ। ਉਨ੍ਹਾਂ ਕਿਹਾ ਕਿ ਡਾ. ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੀ ਸੇਵਾ ਤੇ ਤਰੱਕੀ ਲਈ ਸਮਰਪਿਤ ਕੀਤੀ ਅਤੇ ਕਈ ਮਹੱਤਵਪੂਰਨ ਕੰਮ ਕੀਤੇ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਜੀਵਨ ਦੌਰਾਨ ਕਈ ਤਰ੍ਹਾਂ ਦੀਆਂ ਆਲੋਚਨਾਵਾਂ ਤੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਔਜਲਾ ਨੇ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੱਕ ਮਹਾਨ ਤੇ ਇਮਾਨਦਾਰ ਸ਼ਖ਼ਸੀਅਤ ਨੂੰ ਵੀ ਸਿਆਸੀ ਤੌਰ ’ਤੇ ਕਟਹਿਰੇ ’ਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਉਨ੍ਹਾਂ ਕਿਹਾ, ‘ਪਰਮਾਤਮਾ ਦੀ ਕਚਹਿਰੀ ’ਚ ਦੇਰ ਹੈ, ਅੰਧੇਰ ਨਹੀਂ।’ ਅੱਜ ਸਮਾਂ ਡਾ. ਮਨਮੋਹਨ ਸਿੰਘ ਜੀ ਦੀ ਇਮਾਨਦਾਰੀ, ਨਿਸ਼ਕਾਮ ਸੇਵਾ ਤੇ ਦੇਸ਼ ਪ੍ਰਤੀ ਉਨ੍ਹਾਂ ਦੇ ਯੋਗਦਾਨ ਦੀ ਗਵਾਹੀ ਦੇ ਰਿਹਾ ਹੈ। ਸਾਂਸਦ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਜੀ ਸਿਰਫ਼ ਇੱਕ ਰਾਜਨੇਤਾ ਨਹੀਂ ਸਨ, ਸਗੋਂ ਪੂਰੀ ਕਾਇਨਾਤ ਲਈ ਪਰਮਾਤਮਾ ਵੱਲੋਂ ਮਿਲੀ ਇੱਕ ਅਨਮੋਲ ਦਾਤ ਸਨ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਦੇਸ਼ ਤੇ ਦੇਸ਼ ਵਾਸੀਆਂ ਦੀ ਭਲਾਈ ਲਈ ਸਮਰਪਿਤ ਕੀਤਾ ਤੇ ਭਾਰਤ ਦੀ ਤਰੱਕੀ ਵਿੱਚ ਅਮੁੱਲ ਯੋਗਦਾਨ ਪਾਇਆ। ਇਸ ਮੌਕੇ ਔਜਲਾ ਨੇ ਸ਼੍ਰੀਮਤੀ ਗੁਰਸ਼ਰਨ ਕੌਰ ਜੀ ਨਾਲ ਮੁਲਾਕਾਤ ਕਰਕੇ ਪਰਿਵਾਰ ਪ੍ਰਤੀ ਸਤਿਕਾਰ ਪ੍ਰਗਟ ਕੀਤਾ ਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਡਾ. ਮਨਮੋਹਨ ਸਿੰਘ ਜੀ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਜੀ ਦਾ ਜੀਵਨ, ਉਨ੍ਹਾਂ ਦੀ ਇਮਾਨਦਾਰੀ ਤੇ ਦੇਸ਼ ਪ੍ਰਤੀ ਸਮਰਪਣ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਣਾ ਬਣਿਆ ਰਹੇਗਾ। Punjab Political News

ਇਹ ਵੀ ਪੜ੍ਹੋ : Education News: ਸੀਜੀਐਲ ਸਮੇਤ ਟੀਡੀਪੀਐਲ ਦੀਆਂ ਸਾਰੀਆਂ ਪ੍ਰੀਖਿਆਵਾਂ ਰੱਦ, ਮੁੱਖ ਮੰਤਰੀ ਨੇ ਕੀਤਾ ਐਲਾਨ

About The Author

Related Posts