Independence Day Security: ਆਜ਼ਾਦੀ ਦਿਹਾੜੇ ਸਬੰਧੀ ਡੀਜੀਪੀ ਪੰਜਾਬ ਵੱਲੋਂ ਤਿੰਨ ਰੇਂਜਾਂ ਦੀ ਸੁਰੱਖਿਆ ਦਾ ਜਾਇਜ਼ਾ
ਅਜਾਦੀ ਦਿਹਾੜੇ ਕਾਰਨ ਪੰਜਾਬ ’ਚ ਸੁਰੱਖਿਆ ਏਜੰਸੀਆਂ ਅਲਰਟ
ਚੰਡੀਗੜ੍ਹ/ਫਿਰੋਜ਼ਪੁਰ/ਬਠਿੰਡਾ (ਗੁਰਪ੍ਰੀਤ ਪੱਕਾ)। ਆਗਾਮੀ ਆਜ਼ਾਦੀ ਦਿਹਾੜਾ-2026 ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਫਿਰੋਜ਼ਪੁਰ ਤੇ ਬਠਿੰਡਾ ਰੇਂਜਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਕਾਨੂੰਨ-ਵਿਵਸਥਾ ਸਬੰਧੀ ਸਮੀਖਿਆ ਮੀਟਿੰਗਾਂ ਕੀਤੀਆਂ। ਡੀਜੀਪੀ ਨੇ ਅਧਿਕਾਰੀਆਂ ਨੂੰ ਚੌਕਸੀ ਵਧਾਉਣ, ਪੁਲਿਸ ਗਸ਼ਤ ਮਜ਼ਬੂਤ ਕਰਨ, ਨਿਗਰਾਨੀ ਵਧਾਉਣ ਤੇ ਜਨਤਕ ਇਕੱਠ ਵਾਲੀਆਂ ਥਾਵਾਂ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਭਾਵਿਤ ਚੁਣੌਤੀ ਨਾਲ ਨਜਿੱਠਣ ਲਈ ਪੁਲਿਸ ਦੀ ਤੁਰੰਤ ਤੇ ਤਾਲਮੇਲ ਵਾਲੀ ਪ੍ਰਤੀਕਿਰਿਆ ਯਕੀਨੀ ਬਣਾਈ ਜਾਵੇ। ਫਿਰੋਜ਼ਪੁਰ ਵਿਖੇ ਡੀਜੀਪੀ ਨੇ ਫਿਰੋਜ਼ਪੁਰ ਤੇ ਫਰੀਦਕੋਟ ਰੇਂਜਾਂ ਦੀ ਸੁਰੱਖਿਆ ਤਿਆਰੀ ਦਾ ਜਾਇਜ਼ਾ ਲਿਆ।
ਇਸ ਦੌਰਾਨ ਫਿਰੋਜ਼ਪੁਰ, ਤਰਨਤਾਰਨ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੇ ਮੋਗਾ ਜ਼ਿਲ੍ਹਿਆਂ ਦੀ ਸੁਰੱਖਿਆ ਸਥਿਤੀ ਦਾ ਵਿਸ਼ੇਸ਼ ਤੌਰ ’ਤੇ ਮੁਲਾਂਕਣ ਕੀਤਾ ਗਿਆ। ਉਨ੍ਹਾਂ ਤਲਵੰਡੀ ਭਾਈ ਵਿਖੇ ਸਥਾਪਤ ਹਾਈ-ਟੈਕ ਨਾਕੇ ਦਾ ਵੀ ਖੁਦ ਨਿਰੀਖਣ ਕੀਤਾ। ਇਸ ਤੋਂ ਬਾਅਦ ਬਠਿੰਡਾ ਵਿਖੇ ਬਠਿੰਡਾ ਰੇਂਜ ਦੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡੀਜੀਪੀ ਨੇ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਲਈ ਪੁਲਿਸਿੰਗ ਯੋਜਨਾ, ਪੁਲਿਸ ਬਲ ਦੀ ਤਾਇਨਾਤੀ, ਸਮਾਗਮ ਸਥਾਨਾਂ ਤੇ ਜਨਤਕ ਇਕੱਠ ਵਾਲੀਆਂ ਥਾਵਾਂ ਦੀ ਸੁਰੱਖਿਆ ਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਸ ਮੌਕੇ ਡੀਜੀਪੀ ਗੌਰਵ ਯਾਦਵ ਨੇ ਬਠਿੰਡਾ ਪੁਲਿਸ ਵੱਲੋਂ 2.75 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਵੀ ਕੀਤਾ। Independence Day Security
ਇਸ ਕੇਂਦਰ ਰਾਹੀਂ 112 ’ਤੇ ਆਉਣ ਵਾਲੀਆਂ ਐਮਰਜੈਂਸੀ ਕਾਲਾਂ ਲਈ ਤੁਰੰਤ ਪ੍ਰਤੀਕਿਰਿਆ ਦੇ ਨਾਲ-ਨਾਲ 59 ਰਣਨੀਤਕ ਸਥਾਨਾਂ ’ਤੇ ਲੱਗੇ 282 ਕੈਮਰਿਆਂ ਰਾਹੀਂ ਸ਼ਹਿਰ ਦੀ ਸੀਸੀਟੀਵੀ ਨਿਗਰਾਨੀ, ਵਾਇਰਲੈੱਸ ਕਨੈਕਟੀਵਿਟੀ, ਵੀਡੀਓ ਵਿਸ਼ਲੇਸ਼ਣ ਤੇ ਅਸਲ-ਸਮੇਂ ਦੇ ਅਪਰਾਧ ਨਿਗਰਾਨੀ ਡੇਟਾ ਨੂੰ ਇਕੱਠਾ ਕੀਤਾ ਜਾ ਸਕੇਗਾ। ਡੀਜੀਪੀ ਨੇ ਕਿਹਾ ਕਿ ਨਵਾਂ ਕਮਾਂਡ ਸੈਂਟਰ ਬਠਿੰਡਾ ਪੁਲਿਸ ਦੀ ਤਕਨੀਕੀ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗਾ ਤੇ ਅਪਰਾਧਾਂ ਦੀ ਰੋਕਥਾਮ ਤੇ ਤੁਰੰਤ ਕਾਰਵਾਈ ’ਚ ਸਹਾਇਕ ਸਿੱਧ ਹੋਵੇਗਾ। ਉਨ੍ਹਾਂ ਪੰਜਾਬ ਪੁਲਿਸ ਦੀ ਸਰਗਰਮ ਤੇ ਲੋਕ-ਕੇਂਦ੍ਰਿਤ ਪੁਲਿਸਿੰਗ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਨੂੰ ਅਮਨ-ਅਮਾਨ ਅਤੇ ਸੁਰੱਖਿਅਤ ਮਾਹੌਲ ’ਚ ਨੇਪਰੇ ਚਾੜ੍ਹਨ ਲਈ ਹਰ ਪੱਧਰ ’ਤੇ ਪੂਰੀ ਚੌਕਸੀ ਵਰਤੀ ਜਾਵੇਗੀ। ਮੀਟਿੰਗਾਂ ’ਚ ਆਈਜੀਪੀ ਫਰੀਦਕੋਟ ਰੇਂਜ ਨੀਲਾਂਬਰੀ ਜਗਦਲੇ, ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ, ਡੀਆਈਜੀ ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਸਮੇਤ ਮਾਨਸਾ, ਬਠਿੰਡਾ, ਮੋਗਾ, ਸੰਗਰੂਰ, ਤਰਨਤਾਰਨ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ ਤੇ ਫਰੀਦਕੋਟ ਦੇ ਐਸਐਸਪੀਜ਼ ਅਤੇ ਡੀਜੀਪੀ ਪੰਜਾਬ ਦੇ ਸਟਾਫ਼ ਅਧਿਕਾਰੀ ਮੌਜੂਦ ਸਨ। Independence Day Security