Punjab Electricity News: ਪੰਜਾਬ 'ਚ ਬਿਜਲੀ ਸੰਕਟ ਸਬੰਧੀ ਵੜਿੰਗ ਦਾ ਆਪ 'ਤੇ ਸ਼ਬਦੀ ਵਾਰ, ਜਾਣੋ ਕੀ ਕਿਹਾ?

ਪੰਜਾਬ ਕਾਂਗਰਸ ਪ੍ਰਧਾਨ ਨੇ ਨਾਕਾਬਲੀਅਤ, ਕੁਪ੍ਰਬੰਧ ਅਤੇ ਭ੍ਰਿਸ਼ਟਾਚਾਰ ਦੇ ਲਾਏ ਦੋਸ਼

Ravinder Sharma Picture
Published On

ਚੰਡੀਗੜ੍ਹ (ਹਿੰ.ਸ.)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿੱਚ ਪੈਦਾ ਹੋਏ ਬਿਜਲੀ ਸੰਕਟ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਨਾਕਾਬਲੀਅਤ, ਕੁਪ੍ਰਬੰਧ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ‘ਵੜਿੰਗ ਵਿਦ ਵਾਰੀਅਰਜ਼’ ਦੇ ਸੱਤਵੇਂ ਸੈਸ਼ਨ ਦੌਰਾਨ ਲਾਈਵ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਕਥਿਤ ਗਲਤੀਆਂ ਕਾਰਨ ਕਿਸਾਨਾਂ, ਵਿਦਿਆਰਥੀਆਂ, ਉਦਯੋਗਾਂ ਅਤੇ ਆਮ ਲੋਕਾਂ ਨੂੰ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ।

ਵੜਿੰਗ ਨੇ ਦੋਸ਼ ਲਾਇਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਪ੍ਰਬੰਧਨ ਵਿੱਚ ਤਜਰਬੇ ਅਤੇ ਯੋਜਨਾਬੰਦੀ ਦੀ ਘਾਟ ਰਹੀ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਗੈਰ-ਤਜਰਬੇਕਾਰ ਨੌਕਰਸ਼ਾਹ ਨੂੰ ਪੀਐਸਪੀਸੀਐਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ, ਜੋ ਆਪਣੇ ਲਗਭਗ 300 ਦਿਨਾਂ ਦੇ ਕਾਰਜਕਾਲ ਦੌਰਾਨ ਕਥਿਤ ਤੌਰ ’ਤੇ ਸਿਰਫ਼ 25-30 ਦਿਨ ਹੀ ਦਫ਼ਤਰ ਆਇਆ। ਉਨ੍ਹਾਂ ਕਿਹਾ ਕਿ ਚੇਅਰਮੈਨ ਵੱਲੋਂ ਇੱਕੋ ਸਮੇਂ ਹੋਰ ਅਹਿਮ ਅਹੁਦੇ ਵੀ ਸੰਭਾਲੇ ਜਾ ਰਹੇ ਸਨ।

Read Also : ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਨਾ ਹੋਣ ਤੋਂ ਪਰੇਸ਼ਾਨ ਵਿਅਕਤੀ ਨੇ ਡੀਸੀ ਦਫ਼ਤਰ ਦੇ ਬਾਹਰ ਪੀਤਾ ਫਿਨਾਈਲ

ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਪੀਐਸਪੀਸੀਐਲ ਲਗਭਗ ਛੇ ਮਹੀਨੇ ਡਾਇਰੈਕਟਰ ਜਨਰੇਸ਼ਨ ਤੋਂ ਬਿਨਾਂ ਰਿਹਾ ਅਤੇ ਬਾਅਦ ਵਿੱਚ ਕੀਤੀ ਗਈ ਨਿਯੁਕਤੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਬਿਜਲੀ ਦੀ ਮੰਗ ਅਤੇ ਸਪਲਾਈ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਤੋਂ ਲੋੜੀਂਦੀ ਯੋਜਨਾਬੰਦੀ ਨਹੀਂ ਕੀਤੀ ਗਈ। ਉਨ੍ਹਾਂ ਮੁਤਾਬਕ ਆਮ ਤੌਰ ’ਤੇ ਸਰਦੀਆਂ ਵਿੱਚ ਵਾਧੂ ਬਿਜਲੀ ਵੇਚ ਕੇ ਗਰਮੀਆਂ ਦੇ ਪੀਕ ਸੀਜ਼ਨ ਲਈ ਬਿਜਲੀ ਖਰੀਦਣ ਦੀ ਯੋਜਨਾ ਬਣਾਈ ਜਾਂਦੀ ਹੈ, ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ।

ਵੜਿੰਗ ਨੇ ਦਾਅਵਾ ਕੀਤਾ ਕਿ ਬਿਜਲੀ ਦੀ ਖਰੀਦ ਦੀ ਕੀਮਤ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 4-5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦੀ ਜਾਂਦੀ ਸੀ, ਜਦਕਿ ਹੁਣ ਇਹ ਕੀਮਤ 8-10 ਰੁਪਏ ਪ੍ਰਤੀ ਯੂਨਿਟ ਤੱਕ ਪਹੁੰਚ ਗਈ ਹੈ। ਉਨ੍ਹਾਂ ਪੀਐਸਪੀਸੀਐਲ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਵਿੱਚ ਕਥਿਤ 7,000 ਕਰੋੜ ਰੁਪਏ ਦੀ ਕਮੀ ਦਾ ਵੀ ਜ਼ਿਕਰ ਕੀਤਾ।

ਉਨ੍ਹਾਂ ਦੋਸ਼ ਲਾਇਆ ਕਿ ਪੀਐਸਪੀਸੀਐਲ ਨੂੰ ਕਰਜ਼ਾ ਲੈਣ ਲਈ ਨਿੱਜੀ ਵਿਚੋਲੇ ਦੀ ਮਦਦ ਲੈਣੀ ਪਈ ਅਤੇ ਇਸ ਲਈ ਕਥਿਤ ਤੌਰ ’ਤੇ 150 ਕਰੋੜ ਰੁਪਏ ਕਮਿਸ਼ਨ ਦੇਣ ਦੀ ਗੱਲ ਸਾਹਮਣੇ ਆਈ ਹੈ। ਵੜਿੰਗ ਨੇ ਕੋਲੇ ਦੀ ਕਮੀ ਨੂੰ ਬਿਜਲੀ ਸੰਕਟ ਦਾ ਕਾਰਨ ਦੱਸਣ ਵਾਲੇ ਸਰਕਾਰੀ ਦਾਅਵੇ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਪਲਾਂਟਾਂ ਵਿੱਚ ਆਰਜ਼ੀ ਕਰਮਚਾਰੀਆਂ ਦੀ ਹੜਤਾਲ ਕਾਰਨ ਉਤਪਾਦਨ ਪ੍ਰਭਾਵਿਤ ਹੋਇਆ। ਵੜਿੰਗ ਨੇ ਇਹ ਵੀ ਦੋਸ਼ ਲਾਇਆ ਕਿ ਪਿਛਲੇ ਸਾਲ ਹੜ੍ਹਾਂ ਕਾਰਨ ਨੁਕਸਾਨੇ ਯੂਬੀਡੀਸੀ ਹਾਈਡਰੋ ਪਾਵਰ ਪ੍ਰਾਜੈਕਟ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਵਿੱਚ ਪੀਐਸਪੀਸੀਐਲ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਕਥਿਤ ਕਮੀਆਂ ਦਾ ਪ੍ਰਭਾਵ ਆਖਰਕਾਰ ਪੰਜਾਬ ਦੇ ਬਿਜਲੀ ਖਪਤਕਾਰਾਂ ’ਤੇ ਪਿਆ ਹੈ।

About The Author

Related Posts