Punjab
HIV AIDS Awareness Campaign: 60 ਦਿਨਾਂ ਦੀ ਵਿਸ਼ੇਸ਼ ਐਚਆਈਵੀ ਏਡਜ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
ਮੁਹਿੰਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ : ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਸਿਹਤ ਵਿਭਾਗ ਵੱਲੋਂ ਐਚਆਈਵੀ ਏਡਜ਼ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ, ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਪਹੁੰਚਾਉਣ ਤੇ ਵੱਧ ਤੋਂ ਵੱਧ ਲੋਕਾਂ ਨੂੰ ਐਚਆਈਵੀ ਟੈਸਟਿੰਗ ਤੇ ਸਿਹਤ ਸੇਵਾਵਾਂ ਨਾਲ ਜੋੜਨ ਦੇ ਉਦੇਸ਼ ਨਾਲ 60 ਦਿਨਾਂ ਦੀ ਵਿਸ਼ੇਸ਼ ਇੰਟੈਂਸੀਫਾਈਡ ਐਚਆਈਵੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਹ ਮੁਹਿੰਮ 12 ਅਗਸਤ ਤੋਂ ਲਗਾਤਾਰ 60 ਦਿਨਾਂ ਤੱਕ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ’ਚ ਚਲਾਈ ਜਾਵੇਗੀ। ਮੁਹਿੰਮ ਦੀ ਸ਼ੁਰੂਆਤ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਤੇ ਜ਼ਿਲ੍ਹਾ ਏਡਜ਼ ਕੰਟਰੋਲ ਅਫ਼ਸਰ ਡਾ. ਸਰਵਦੀਪ ਸਿੰਘ ਰੋਮਾਣਾ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਮੁਹਿੰਮ ਨੂੰ ਸਫਲ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਡਾ. ਰਮਨਦੀਪ ਸਿੰਗਲਾ ਨੇ ਕਿਹਾ ਕਿ ਐਚਆਈਵੀ ਦੀ ਰੋਕਥਾਮ ਲਈ ਜਾਗਰੂਕਤਾ ਸਭ ਤੋਂ ਮਹੱਤਵਪੂਰਨ ਹਥਿਆਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ’ਚ ਐਚਆਈਵੀ ਸਬੰਧੀ ਕਈ ਗਲਤ ਧਾਰਨਾਵਾਂ ਤੇ ਭਰਮ ਮੌਜੂਦ ਹਨ।
ਜਿਨ੍ਹਾਂ ਨੂੰ ਦੂਰ ਕਰਨ ਲਈ ਵਿਗਿਆਨਕ ਤੇ ਸਹੀ ਜਾਣਕਾਰੀ ਦਾ ਪ੍ਰਸਾਰ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ ਤੇ ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਨੂੰ ਹੀ ਅਪਣਾਉਣ। ਜ਼ਿਲ੍ਹਾ ਏਡਜ਼ ਕੰਟਰੋਲ ਅਫ਼ਸਰ ਡਾ. ਸਰਵਦੀਪ ਸਿੰਘ ਰੋਮਾਣਾ ਨੇ ਦੱਸਿਆ ਕਿ ਮੁਹਿੰਮ ਦੌਰਾਨ ਦਿਸ਼ਾ ਕਲੱਸਟਰ ਅਧੀਨ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਸ਼ੇਪ ਇੰਡੀਆ ਤੇ ਯੂਥ ਅਫੇਅਰ ਆਰਗੇਨਾਈਜੇਸ਼ਨ ਦੀਆਂ ਟੀਮਾਂ ਵੱਲੋਂ ਸਿਹਤ ਸਟਾਫ ਨਾਲ ਤਾਲਮੇਲ ਕਰਕੇ ਵੱਖ-ਵੱਖ ਪਿੰਡਾਂ ’ਚ ਟੈਸਟਿੰਗ ਕੈਂਪ, ਮੀਟਿੰਗਾਂ, ਰੈਲੀਆਂ ਤੇ ਘਰ-ਘਰ ਦੌਰੇ ਸਮੇਤ ਕਈ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਐਚਆਈਵੀ ਦੀ ਸਮੇਂ ਸਿਰ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਮੇਂ ਸਿਰ ਪਤਾ ਲੱਗਣ ਨਾਲ ਲੋੜੀਂਦੀ ਸਿਹਤ ਸੇਵਾ ਤੇ ਸਲਾਹ ਮੁਹੱਈਆ ਕਰਵਾਈ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਐਚਆਈਵੀ ਟੈਸਟ ਕਰਵਾਉਣ ’ਚ ਕਿਸੇ ਤਰ੍ਹਾਂ ਦੀ ਝਿਜਕ ਨਾ ਕਰਨ ਤੇ ਸਰਕਾਰੀ ਸਿਹਤ ਸੰਸਥਾਵਾਂ ’ਚ ਉਪਲਬਧ ਜਾਂਚ ਤੇ ਸਲਾਹ ਸੇਵਾਵਾਂ ਦਾ ਲਾਭ ਲੈਣ।
ਇਹ ਵੀ ਪੜ੍ਹੋ : Assam Floods: ਅਸਾਮ ’ਚ 441 ਪਿੰਡ ਅਜੇ ਵੀ ਹੜ੍ਹ ਦੀ ਲਪੇਟ ’ਚ, 112,718 ਨਾਗਰਿਕ ਪ੍ਰਭਾਵਿਤ
ਉਨ੍ਹਾਂ ਇਹ ਵੀ ਕਿਹਾ ਕਿ ਐਚਆਈਵੀ ਨਾਲ ਜੀ ਰਹੇ ਵਿਅਕਤੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ। ਸਿਹਤ ਜਾਗਰੂਕਤਾ ਗਤੀਵਿਧੀਆਂ ਦੀ ਅਗਵਾਈ ਕਰ ਰਹੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਸੁਧੀਰ ਧੀਰ ਅਤੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ 60 ਦਿਨਾਂ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਲੋਕਾਂ ਨੂੰ ਐਚਆਈਵੀ ਦੇ ਫੈਲਣ ਦੇ ਕਾਰਨਾਂ, ਬਚਾਅ ਦੇ ਤਰੀਕਿਆਂ, ਟੈਸਟਿੰਗ ਦੀ ਮਹੱਤਤਾ ਅਤੇ ਉਪਲਬਧ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਖਾਸ ਤੌਰ ’ਤੇ ਨੌਜਵਾਨਾਂ, ਉੱਚ ਜੋਖਮ ਵਾਲੇ ਸਮੂਹਾਂ ਤੇ ਆਮ ਲੋਕਾਂ ਤੱਕ ਜਾਗਰੂਕਤਾ ਸੰਦੇਸ਼ ਪਹੁੰਚਾਉਣ ’ਤੇ ਜ਼ੋਰ ਦਿੱਤਾ ਜਾਵੇਗਾ। ਇਸ ਮੌਕੇ ਪ੍ਰੋਜੈਕਟ ਮੈਨੇਜਰ ਗੁਰਮੀਤ ਕੌਰ, ਸੁਭਾਸ਼ ਕਬੋਤਰਾ, ਮਨੀਸ਼, ਮੋਨਿਕਾ, ਰੰਜਨਾ, ਪੂਜਾ, ਅਮਨਦੀਪ ਕੌਰ, ਪਾਇਲ, ਗੁਲਸ਼ਨ ਕੁਮਾਰ, ਟੀਨਾ, ਦੀਪਾਵਾਲੀ ਤੇ ਕੌਸ਼ਲ ਕੁਮਾਰ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। HIV AIDS Awareness Campaign