Faridkot News: ਫਰੀਦਕੋਟ ਪੁਲਿਸ ਵੱਲੋਂ 47.3 ਕਿਲੋ ਹੈਰੋਇਨ ਤੇ 3 ਪਸਤੌਲਾਂ ਸਮੇਤ 4 ਮੁਲਜ਼ਮ ਕਾਬੂ

ਸਰਹੱਦ ਪਾਰੋਂ ਡਰੋਨ ਰਾਹੀਂ ਆਉਣ ਵਾਲੀ ਹੈਰੋਇਨ ਤੇ ਹਥਿਆਰਾਂ ਦੀ ਖੇਪ ਨੂੰ ਪੰਜਾਬ ’ਚ ਪਹੁੰਚਾਉਣ ਵਾਲੇ ਨੈੱਟਵਰਕ ਨਾਲ ਜੁੜੇ ਹੋਣ ਦਾ ਖੁਲਾਸਾ

Khushdeep Singh Picture
Published On

ਫ਼ਰੀਦਕੋਟ (ਗੁਰਪ੍ਰੀਤ ਪੱਕਾ)। Faridkot News: ਪੰਜਾਬ ਨੂੰ ਨਸ਼ਾ ਤੇ ਅਪਰਾਧ ਮੁਕਤ ਬਣਾਉਣ ਲਈ ਚੱਲ ਰਹੀ ਮੁਹਿੰਮ ਤਹਿਤ ਫ਼ਰੀਦਕੋਟ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸਰਹੱਦ ਪਾਰੋਂ ਹੈਰੋਇਨ ਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 47.3 ਕਿਲੋ ਹੈਰੋਇਨ, 30 ਬੋਰ ਦੇ 3 ਪਸਤੌਲ, 3 ਮੈਗਜ਼ੀਨ ਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਤਸਕਰੀ ਲਈ ਵਰਤੀਆਂ ਜਾ ਰਹੀਆਂ ਹੌਂਡਾ ਸਿਟੀ ਤੇ ਹੁੰਡਈ ਔਰਾ ਕਾਰਾਂ ਵੀ ਪੁਲਿਸ ਨੇ ਕਬਜ਼ੇ ’ਚ ਲੈ ਲਈਆਂ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰੋਂ ਪੰਜਾਬ ’ਚ ਹੈਰੋਇਨ ਤੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਨੈੱਟਵਰਕ ਨਾਲ ਜੁੜੇ ਹੋਏ ਹਨ।

ਪੁਲਿਸ ਵੱਲੋਂ ਇਸ ਨੈੱਟਵਰਕ ਦੀਆਂ ਅਗਲੀਆਂ ਤੇ ਪਿਛਲੀਆਂ ਕੜੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਫ਼ਰੀਦਕੋਟ ਦੇ ਐੱਸਐੱਸਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਬਾਬਾ ਫ਼ਰੀਦ ਆਗਮਨ ਪੁਰਬ ਦੇ ਮੱਦੇਨਜ਼ਰ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਇਸੇ ਦੌਰਾਨ ਸ਼ਨਿੱਚਰਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਸੀਆਈਏ ਫ਼ਰੀਦਕੋਟ ਦੀ ਟੀਮ ਨੇ ਇੱਕ ਹੌਂਡਾ ਸਿਟੀ ਕਾਰ ਨੂੰ ਰੋਕ ਕੇ ਉਸ ’ਚ ਸਵਾਰ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 47.3 ਕਿਲੋ ਹੈਰੋਇਨ ਸਮੇਤ ਨਾਜਾਇਜ਼ ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਹੋਇਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਕੁਸ਼ ਵਾਸੀ ਘੁਬਾਇਆ, ਫਿਰੋਜ਼ਪੁਰ, ਮੰਗਲ ਸਿੰਘ ਵਾਸੀ ਪੰਜੇ ਕੇ ਉੱਤਰ, ਫਿਰੋਜ਼ਪੁਰ ਸਚਿਨ ਉਰਫ਼ ਸੰਜੂ ਵਾਸੀ ਪਰਭਾਤ ਸਿੰਘ ਵਾਲਾ, ਫਿਰੋਜ਼ਪੁਰ ਤੇ ਅਨਮੋਲ ਸਿੰਘ ਵਾਸੀ ਲਾਮੋਚੜ ਖੁਰਦ, ਫਿਰੋਜ਼ਪੁਰ ਵਜੋਂ ਹੋਈ ਹੈ।

ਐੱਸਐੱਸਪੀ ਬੈਂਸ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਫ਼ਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ’ਚ ਡਰੋਨ ਰਾਹੀਂ ਸਰਹੱਦ ਪਾਰੋਂ ਸੁੱਟੀਆਂ ਜਾਣ ਵਾਲੀਆਂ ਹੈਰੋਇਨ ਤੇ ਹਥਿਆਰਾਂ ਦੀਆਂ ਖੇਪਾਂ ਨੂੰ ਪ੍ਰਾਪਤ ਕਰਦਾ ਸੀ ਤੇ ਬਾਅਦ ’ਚ ਇਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਪਹੁੰਚਾਉਣ ਦਾ ਕੰਮ ਕਰਦਾ ਸੀ। ਇਸ ਸਬੰਧੀ ਥਾਣਾ ਸਾਦਿਕ, ਫ਼ਰੀਦਕੋਟ ਵਿਖੇ ਐੱਫਆਈਆਰ ਨੰਬਰ 187 ਮਿਤੀ 20 ਸਤੰਬਰ ਤਹਿਤ ਐੱਨਡੀਪੀਐੱਸ ਐਕਟ ਦੀ ਧਾਰਾ 21(ਸੀ) ਤੇ ਆਰਮਜ਼ ਐਕਟ ਦੀਆਂ ਧਾਰਾਵਾਂ 25(6) ਤੇ 25 (7) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। Faridkot News

ਇਹ ਵੀ ਪੜ੍ਹੋ : Crime News: ਘਰੇਲੂ ਕਲੇਸ਼ ਕਾਰਨ ਪਤਨੀ ਦਾ ਕਤਲ, ਪਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ

About The Author

Related Posts