Punjab
Kisan News: ਦੁੱਨੇਵਾਲਾ ਦਾ ਸੁਖਰਾਜ ਸਿੰਘ 21 ਏਕੜ ਰਕਬੇ ’ਚ ਝੋਨੇ ਦੀ ਪਰਾਲੀ ਦੀ ਬਿਨਾਂ ਅੱਗ ਲਾਏ ਕਰ ਰਿਹਾ ਹੈ ਸੰਭਾਲ
ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਹੈਪੀ ਸੀਡਰ ਤੇ ਸੁਪਰ ਸੀਡਰ ਨਾਲ ਕਣਕ ਬੀਜਦਾ ਹੈ ਸੁਖਰਾਜ
ਬਠਿੰਡਾ (ਮਨਜੀਤ ਨਰੂਆਣਾ)। ਜ਼ਿਲ੍ਹਾ ਬਠਿੰਡਾ ਦੇ ਸੰਗਤ ਬਲਾਕ ਹੇਠ ਪੈਂਦੇ ਪਿੰਡ ਦੁੱਨੇਵਾਲਾ ਦਾ ਕਿਸਾਨ ਸੁਖਰਾਜ ਸਿੰਘ 21 ਏਕੜ ਰਕਬੇ ’ਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ ਉਸ ਦੀ ਸੰਭਾਲ ਕਰ ਰਿਹਾ ਹੈ। ਪਿਛਲੇ 6-7 ਸਾਲਾਂ ਤੋਂ ਸੁਖਰਾਜ ਸਿੰਘ ਹੈਪੀ ਸੀਡਰ ਅਤੇ ਸੁਪਰ ਸੀਡਰ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤਾਂ ਵਿਚ ਹੀ ਵਾਹ ਦਿੰਦਾ ਹੈ, ਜਿਸ ਨਾਲ ਉਸ ਦਾ ਕਣਕ ਅਤੇ ਝੋਨੇ ਦਾ ਝਾੜ ਵਧਿਆ ਹੈ। ਕਿਸਾਨ ਸੁਖਰਾਜ ਸਿੰਘ ਨੇ ਦੱਸਿਆ ਕਿ ਉਹ ਕਰੀਬ 24 ਏਕੜ ਵਿੱਚ ਖੇਤੀ ਕਰਦਾ ਹੈ ਅਤੇ 21 ਏਕੜਾਂ ’ਚ ਝੋਨੇ ਦੀ ਕਾਸ਼ਤ ਕਰ ਰਿਹਾ ਹੈ। ਉਸ ਨੇ ਸਭ ਤੋਂ ਪਹਿਲਾਂ 10 ਏਕੜ ਜ਼ਮੀਨ ’ਚ ਪਰਾਲੀ ਦਾ ਨਿਬੇੜਾ ਬਿਨਾਂ ਅੱਗ ਲਾਏ ਕੀਤਾ। 10 ਏਕੜ ਵਿੱਚ ਹੈਪੀ ਸੀਡਰ ਮਸ਼ੀਨ ਨਾਲ ਝੋਨੇ ਦੀ ਪਰਾਲੀ ਦੇ ਖੜੇ ਕਰਚਿਆਂ ਵਿੱਚ ਕਣਕ ਦੀ ਬਿਜਾਈ ਕੀਤੀ ਅਤੇ ਦੂਜੇ ਸਾਲ ਉਸ ਨੇ ਉਹ ਰਕਬਾ ਵਧਾ ਕੇ 18 ਏਕੜ ਕਰ ਲਿਆ। Kisan News
ਇਹ ਵੀ ਪੜ੍ਹੋ : Education News: ਐੱਮਏ/ਐੱਮਐੱਸਸੀ ਭੂਗੋਲ ’ਚ ਸ਼ਾਨਦਾਰ ਕਰੀਅਰ ਦੀਆਂ ਸੰਭਾਵਨਾਵਾਂ
ਪਰਾਲੀ ਨੂੰ ਖੇਤ ਵਿੱਚ ਵਾਹ ਕੇ ਉਸ ਨੇ ਪਹਿਲੇ ਸਾਲ ਹੈਪੀ ਸੀਡਰ ਅਤੇ ਦੂਜੇ ਸਾਲ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ, ਇੰਝ ਕਰਨ ਨਾਲ ਕਣਕ ਦਾ ਝਾੜ ਬਹੁਤ ਵਧੀਆ ਰਿਹਾ। ਕਿਸਾਨ ਨੇ ਕਿਹਾ ਕਿ ਸੁਪਰ ਸੀਡਰ ਮਸ਼ੀਨ ਝੋਨੇ ਦੇ ਨਾੜ (ਪਰਾਲੀ) ਨੂੰ ਖੇਤ ਵਿੱਚ ਹੀ ਬਾਰੀਕ ਕੱਟ ਕੇ ਮਿੱਟੀ ਵਿੱਚ ਮਿਲਾ ਦਿੰਦੀ ਹੈ, ਜਿਸ ਨਾਲ ਧੂੰਏਂ ਅਤੇ ਪ੍ਰਦੂਸ਼ਣ ਤੋਂ ਨਿਜਾਤ ਮਿਲਦੀ ਹੈ। ਮਿੱਟੀ ਵਿੱਚ ਮਿਲ ਕੇ ਪਰਾਲੀ ਗਲ ਜਾਂਦੀ ਹੈ ਅਤੇ ਦੇਸੀ ਖਾਦ ਦਾ ਕੰਮ ਕਰਦੀ ਹੈ। ਇਸ ਨਾਲ ਮਿੱਟੀ ਵਿੱਚ ਮੌਜ਼ੂਦ ਮਿੱਤਰ ਕੀੜੇ (ਜਿਵੇਂ ਗੰਡੋਏ) ਵੀ ਸੁਰੱਖਿਅਤ ਰਹਿੰਦੇ ਹਨ। ਸੁਪਰ ਸੀਡਰ ਨਾਲ ਇੱਕੋ ਗੇੜੇ ਵਿੱਚ ਖੇਤ ਵਾਹੁਣ, ਪਰਾਲੀ ਮਿਲਾਉਣ ਅਤੇ ਬੀਜਾਈ ਕਰਨ ਦਾ ਕੰਮ ਹੋ ਜਾਂਦਾ ਹੈ। ਇਸ ਨਾਲ ਵਾਰ-ਵਾਰ ਤਵੀਆਂ ਜਾਂ ਰੋਟਾਵੇਟਰ ਚਲਾਉਣ ਦੀ ਲੋੜ ਨਹੀਂ ਪੈਂਦੀ, ਜਿਸ ਨਾਲ ਡੀਜ਼ਲ ਅਤੇ ਸਮਾਂ ਦੋਵੇਂ ਬਚਦੇ ਹਨ। ਖੇਤ ਵਿੱਚ ਪਰਾਲੀ ਮਿਲੀ ਹੋਣ ਕਰਕੇ ਮਿੱਟੀ ਵਿੱਚ ਨਮੀ ਲੰਮੇ ਸਮੇਂ ਤੱਕ ਬਰਕਰਾਰ ਰਹਿੰਦੀ ਹੈ।
ਜਿਸ ਕਰਕੇ ਪਹਿਲੇ ਪਾਣੀ ਦੀ ਲੋੜ ਦੇਰੀ ਨਾਲ ਪੈਂਦੀ ਹੈ ਅਤੇ ਪਾਣੀ ਘੱਟ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਜ਼ਮੀਨ ਦੀ ਸਿਹਤ ਸੁਧਰਨ ਨਾਲ ਕਣਕ ਦਾ ਬੂਟਾ ਵਧੀਆ ਫੁਟਾਰਾ ਕਰਦਾ ਹੈ ਅਤੇ ਫਸਲ ਦਾ ਝਾੜ ਵੀ ਚੰਗਾ ਨਿਕਲਦਾ ਹੈ। ਕਣਕ ਦੀ ਫਸਲ ਦਾ ਅਖੀਰ ਤੱਕ ਬਾਰਿਸ਼ ਅਤੇ ਤੇਜ ਹਵਾ ਨਾਲ ਵੀ ਕੋਈ ਨੁਕਸਾਨ ਨਹੀਂ ਹੋਇਆ ਅਤੇ ਕਣਕ ਵਿੱਚ ਨਦੀਨਾਂ ਦੀ ਸਮੱਸਿਆ ਵੀ ਘੱਟ ਹੋਈ ਹੈ। ਉਸਨੇ ਕਣਕ ਦੇ ਬੀਜ ਨੂੰ 4 ਮਿਲੀਲੀਟਰ ਕਲੋਰੋਪਾਈਰੀਫਾਸ ਪ੍ਰਤੀ ਕਿਲੋ ਲਗਾ ਕੇ ਬਿਜਾਈ ਕੀਤੀ ਜਿਸ ਕਰਕੇ ਕਣਕ ਦੀ ਫਸਲ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਘੱਟ ਹੋਇਆ। ਪਹਿਲੇ ਸਾਲ ਹੈਪੀ ਸੀਡਰ ਦੀ ਵਿਧੀ ਨਾਲ ਅਤੇ ਦੂਜੇ ਸਾਲ ਸੁਪਰ ਸੀਡਰ ਦੀ ਵਿਧੀ ਨਾਲ ਝਾੜ ਕ੍ਰਮਵਾਰ 24 ਕੁਇੰਟਲ ਅਤੇ 25 ਕੁਇੰਟਲ ਪ੍ਰਾਪਤ ਕੀਤਾ। ਉਨ੍ਹਾਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਹੈਪੀ ਸੀਡਰ ਜਾਂ ਸੁਪਰ ਸੀਡਰ ਮਸ਼ੀਨ ਨਾਲ ਬਿਜਾਈ ਕੀਤੀ ਜਾਵੇ ਤਾਂ ਜੋ ਪਾਣੀ ਦੀ ਬੱਚਤ, ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮੱਲੜ ਦੀ ਮਾਤਰਾ ਵਿਚ ਵਾਧਾ ਹੋ ਸਕੇ। Kisan News