Punjab
Farmers Protest News: ਕਿਸਾਨ ਜਥੇਬੰਦੀਆਂ ਵੱਲੋਂ ਪੁਲਿਸ ਕਾਰਵਾਈਆਂ ਤੇ ਕਿਸਾਨ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ
ਮੋਦੀ ਅਤੇ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ, ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ
Farmers Protest News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਸੱਦੇ ’ਤੇ ਪੰਜਾਬ ਭਰ ’ਚ ਪੁਲਿਸ ਕਾਰਵਾਈਆਂ ਅਤੇ ਵੱਖ-ਵੱਖ ਕਿਸਾਨੀ ਮੰਗਾਂ ਸਬੰਧੀ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਹਿਤ ਫ਼ਰੀਦਕੋਟ ਅਤੇ ਜੈਤੋ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪੱਈਆ ਵਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਦੀ ਅਗਵਾਈ ਹੇਠ ਰੋਸ ਮੁਜ਼ਾਹਰੇ ਕਰਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ ਗਏ।
ਇਹ ਵੀ ਪੜ੍ਹੋ: Sagar Accident News: ਸਾਗਰ ’ਚ ਬੱਸ ਅਤੇ ਕਾਰ ਵਿਚਕਾਰ ਟੱਕਰ, ਚਾਰ ਦੀ ਮੌਤ, ਇੱਕ ਜ਼ਖਮੀ
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਆਪਣੀਆਂ ਮੰਗਾਂ ਲਈ ਸ਼ਾਂਤਮਈ ਢੰਗ ਨਾਲ ਆਵਾਜ਼ ਚੁੱਕਣ ਵਾਲੇ ਲੋਕਾਂ ਅਤੇ ਕਿਸਾਨਾਂ ਖ਼ਿਲਾਫ਼ ਪੁਲਿਸ ਕਾਰਵਾਈਆਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਵਿੱਚ ਕਿਸਾਨ ਪੰਚਾਇਤ ਦੌਰਾਨ ਕੁਝ ਕਿਸਾਨਾਂ ਨਾਲ ਹੋਈ ਕਥਿਤ ਕੁੱਟਮਾਰ ਅਤੇ ਹੋਰ ਘਟਨਾਵਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਆਗੂਆਂ ਨੇ ਨਸ਼ਿਆਂ ਦੇ ਮੁੱਦੇ ’ਤੇ ਵੀ ਚਿੰਤਾ ਜਤਾਉਂਦਿਆਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਸਰਕਾਰ ਨੂੰ ਹੋਰ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਿਆਂ ਅਤੇ ਹੋਰ ਜਨਤਕ ਮੁੱਦਿਆਂ ਸਬੰਧੀ ਸਵਾਲ ਉਠਾਉਣ ਵਾਲੇ ਲੋਕਾਂ ਨੂੰ ਦਬਾਉਣ ਦੀ ਬਜਾਏ ਉਨ੍ਹਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ।
ਕਿਸਾਨ ਜਥੇਬੰਦੀਆਂ ਨੇ ਝੋਨੇ ਦੀ ਖ਼ਰੀਦ ਤੁਰੰਤ ਸ਼ੁਰੂ ਕਰਨ, ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ-ਖਸੁੱਟ ਰੋਕਣ, ਬਿਨਾਂ ਕੱਟ ਦੇ ਫ਼ਸਲ ਦੀ ਖ਼ਰੀਦ ਯਕੀਨੀ ਬਣਾਉਣ ਅਤੇ ਮੰਡੀਆਂ ਵਿੱਚੋਂ ਖ਼ਰੀਦੇ ਗਏ ਝੋਨੇ ਦੀ ਤੁਰੰਤ ਲਿਫ਼ਟਿੰਗ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਗੰਨੇ ਦਾ ਭਾਅ 600 ਰੁਪਏ ਪ੍ਰਤੀ ਕੁਇੰਟਲ ਕਰਨ, ਬਕਾਇਆ ਰਕਮ ਵਿਆਜ਼ ਸਮੇਤ ਜਾਰੀ ਕਰਨ ਅਤੇ ਗੰਨਾ ਮਿੱਲਾਂ ਨੂੰ ਸਮੇਂ ਸਿਰ ਚਲਾਉਣ ਦੀ ਮੰਗ ਵੀ ਉਠਾਈ ਗਈ।
ਕਿਸਾਨ ਆਗੂਆਂ ਨੇ ਬਿਜਲੀ ਕੱਟਾਂ ਕਾਰਨ ਝੋਨੇ ਦੀ ਫਸਲ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਅਤੇ ਡੀਜ਼ਲ ਰਾਹੀਂ ਸਿੰਚਾਈ ਕਰਨ ਵਾਲੇ ਕਿਸਾਨਾਂ ਲਈ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦੇਣ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਕੋਆਪ੍ਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕਾਂ ਨਾਲ ਸੰਬੰਧਿਤ ਮੰਗਾਂ ਅਤੇ ਵਨ ਟਾਈਮ ਸੈਟਲਮੈਂਟ ਸਕੀਮ ਨੂੰ ਲਾਗੂ ਕਰਨ ਦੀ ਮੰਗ ਵੀ ਦੁਹਰਾਈ।
ਕਿਸਾਨ ਆਗੂਆਂ ਨੇ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰਨ, ਸੀਡ ਬਿੱਲ 2025, ਜੀਐਮ ਬੀਜਾਂ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਸਬੰਧੀ ਕਿਸਾਨ ਹਿੱਤਾਂ ਦੀ ਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਅੱਗੇ ਮਜ਼ਬੂਤ ਪੱਖ ਰੱਖਣ ਦੀ ਵੀ ਮੰਗ ਕੀਤੀ। ਇਸ ਮੌਕੇ ਜ਼ਿਲ੍ਹਾ ਖਜਾਨਚੀ ਗੁਰਾਂਦਿੱਤਾ ਸਿੰਘ ਬਾਜਾਖਾਨਾ, ਸ਼ਿੰਦਰਪਾਲ ਸਿੰਘ, ਬਲਜਿੰਦਰ ਸਿੰਘ ਵਾੜਾ ਭਾਈਕਾ, ਨਾਇਬ ਸਿੰਘ ਸ਼ੇਰ ਸਿੰਘ ਵਾਲਾ, ਲਵਪ੍ਰੀਤ ਸਿੰਘ ਚੱਕਸਾਹੂ, ਨਿਰਮਲ ਸਿੰਘ ਢਿੱਲਵਾਂ, ਸੁਖਚਰਨ ਸਿੰਘ ਕਾਲਾ, ਰਾਜਵੀਰ ਸਿੰਘ ਪੱਖੀ, ਤੇਜਾ ਸਿੰਘ ਪੱਕਾ, ਸੁਰਜੀਤ ਸਿੰਘ ਸੇਵੇਵਾਲਾ, ਜਤਿੰਦਰਜੀਤ ਸਿੰਘ ਭਿੰਡਰ, ਹੁਸ਼ਿਆਰ ਸਿੰਘ ਸੋਨਾ ਮਿਸ਼ਰੀ ਵਾਲਾ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ