Punjab
Air Pollution Punjab: ਫਰੀਦਕੋਟ ’ਚ ਪਰਾਲੀ ਸਾੜਨ ਤੋਂ ਰੋਕਣ ਲਈ 22 ਕਲੱਸਟਰਾਂ ਵਿੱਚ ਅਧਿਕਾਰੀ ਤਾਇਨਾਤ
ਹਰੇਕ ਪਿੰਡ ’ਚ ਨੋਡਲ ਅਫ਼ਸਰ ਨਿਯੁਕਤ, ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ : ਡਿਪਟੀ ਕਮਿਸ਼ਨਰ
ਫਰੀਦਕੋਟ (ਸੱਚ ਕਹੂੰ ਨਿਊਜ਼/ਹਿੰ.ਸ.)। ਜ਼ਿਲ੍ਹਾ ਫਰੀਦਕੋਟ ’ਚ ਝੋਨੇ ਤੇ ਬਾਸਮਤੀ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 22 ਕਲੱਸਟਰ ਬਣਾਕੇ ਕਲੱਸਟਰ ਤੇ ਹਰੇਕ ਪਿੰਡ ’ਚ ਨੋਡਲ ਅਫ਼ਸਰ ਤਾਇਨਾਤ ਕਰ ਦਿੱਤੇ ਗਏ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੀ ਪ੍ਰਧਾਨਗੀ ਹੇਠ ਕਲੱਸਟਰ ਅਫ਼ਸਰਾਂ, ਖੇਤੀਬਾੜੀ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਾਇਨਾਤ ਕੀਤੇ ਗਏ ਨੋਡਲ ਅਫ਼ਸਰ ਪਿੰਡਾਂ ’ਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਤੇ ਇਸ ਦੇ ਯੋਗ ਪ੍ਰਬੰਧਨ ਲਈ ਪ੍ਰੇਰਿਤ ਕਰਨਗੇ। ਇਸ ਦੇ ਨਾਲ ਹੀ ਜੇਕਰ ਕੋਈ ਕਿਸਾਨ ਝੋਨੇ ਜਾਂ ਬਾਸਮਤੀ ਦੀ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਖਿਲਾਫ਼ ਨਿਯਮਾਂ ਅਨੁਸਾਰ ਕਾਨੂੂੰਨੀ ਕਾਰਵਾਈ ਯਕੀਨੀ ਬਣਾਈ ਜਾਵੇਗੀ। Air Pollution Punjab
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਟੀਚਾ ਜ਼ਿਲ੍ਹਾ ਫਰੀਦਕੋਟ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ। ਉਨ੍ਹਾਂ ਕਲੱਸਟਰ ਅਫ਼ਸਰਾਂ ਨੂੰ ਆਪਣੇ-ਆਪਣੇ ਕਲੱਸਟਰ ਦੇ ਕਿਸੇ ਇੱਕ ਪਿੰਡ ’ਚ ਦਫ਼ਤਰ ਸਥਾਪਿਤ ਕਰਨ ਅਤੇ ਕਲੱਸਟਰ ਅਧੀਨ ਆਉਂਦੇ ਸਾਰੇ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨਾਲ ਨਿਯਮਤ ਮੀਟਿੰਗਾਂ ਕਰਨ ਦੀ ਹਦਾਇਤ ਕੀਤੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਜ਼ਿਲ੍ਹਾ ਫਰੀਦਕੋਟ ’ਚ ਲਗਭਗ 1.16 ਲੱਖ ਹੈਕਟੇਅਰ ਰਕਬੇ ’ਚ ਝੋਨੇ ਤੇ ਬਾਸਮਤੀ ਦੀ ਬਿਜਾਈ ਕੀਤੀ ਗਈ ਹੈ, ਜਿਸ ਤੋਂ ਤਕਰੀਬਨ 7.45 ਲੱਖ ਟਨ ਪਰਾਲੀ ਪੈਦਾ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ 76 ਫੀਸਦੀ ਕਮੀ ਦਰਜ ਕੀਤੀ ਗਈ ਸੀ ਅਤੇ ਸਿਰਫ਼ ਚਾਰ ਪਿੰਡ ਹੀ ਹੌਟ-ਸਪਾਟ ਪਿੰਡਾਂ ਦੀ ਸੂਚੀ ਵਿੱਚ ਸ਼ਾਮਲ ਹੋਏ ਸਨ।
ਸਹਾਇਕ ਮੰਡੀਕਰਨ ਅਫ਼ਸਰ-ਕਮ-ਨੋਡਲ ਅਫ਼ਸਰ ਸਟੱਬਲ ਬਰਨਿੰਗ ਡਾ. ਗੁਰਪ੍ਰੀਤ ਸਿੰਘ ਨੇ ਮੀਟਿੰਗ ’ਚ ਮੌਜ਼ੂਦ ਕਲੱਸਟਰ ਅਫ਼ਸਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਦੌਰਾਨ ਕੀਤੀ ਜਾਣ ਵਾਲੀ ਕਾਰਵਾਈ ਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਉਪਲਬਧ ਤਰੀਕਿਆਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰਨ ਲਈ ਕਿਹਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਕੇਸ਼ਵ ਗੋਇਲ, ਐੱਸਡੀਐੱਮ ਫਰੀਦਕੋਟ ਪੁਨੀਤ ਸ਼ਰਮਾ, ਐੱਸਡੀਐੱਮ ਜੈਤੋ ਵਿਕਰਮਜੀਤ ਸਿੰਘ, ਵਾਤਾਵਰਣ ਇੰਜੀਨੀਅਰ ਰਮਨਦੀਪ ਸਿੱਧੂ ਅਤੇ ਸਹਾਇਕ ਵਾਤਾਵਰਣ ਇੰਜੀਨੀਅਰ ਸ਼ੁਭਕਰਮਨ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। Air Pollution Punjab
ਇਹ ਵੀ ਪੜ੍ਹੋ : Rojgar Mela 2026: ਪ੍ਰਧਾਨ ਮੰਤਰੀ ਮੋਦੀ 20ਵੇਂ ਰੁਜ਼ਗਾਰ ਮੇਲੇ ’ਚ ਵੰਡਣਗੇ 51,000 ਤੋਂ ਵੱਧ ਨਿਯੁਕਤੀ ਪੱਤਰ