Punjab Weather Today: ਪੰਜਾਬ ਦੇ 8 ਜ਼ਿਲ੍ਹਿਆਂ ’ਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਭਲਕੇ ਤੋਂ ਮੌਸਮ ਰਹੇਗਾ ਖੁਸ਼ਕ

ਪੱਛਮੀ ਹਵਾਵਾਂ ਕਾਰਨ ਦਿਨ ਦੇ ਤਾਪਮਾਨ ’ਚ ਵਾਧਾ, ਸਵੇਰੇ-ਸ਼ਾਮ ਠੰਢਕ ਵਧੇਗੀ, ਮਾਨਸੂਨ ਦੀ ਵਾਪਸੀ ਦਾ ਰਾਹ ਸਾਫ਼ ਹੋਣ ਲੱਗਾ

Khushdeep Singh Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। Punjab Weather Today: ਪੰਜਾਬ ਦੇ 8 ਜ਼ਿਲ੍ਹਿਆਂ ’ਚ ਅੱਜ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ ਤੇ ਰੂਪਨਗਰ ’ਚ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਅਸਮਾਨ ਅੰਸ਼ਕ ਤੌਰ ’ਤੇ ਬੱਦਲਵਾਈ ਵਾਲਾ ਰਹੇਗਾ ਤੇ ਇੱਕ-ਦੋ ਵਾਰ ਮੀਂਹ ਜਾਂ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਕੱਲ੍ਹ ਤੋਂ ਪੰਜਾਬ ’ਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਉਮੀਦ ਹੈ। ਹੁਣ ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਕਾਰਨ ਦਿਨ ਦੇ ਤਾਪਮਾਨ ’ਚ ਵਾਧਾ ਹੋਵੇਗਾ, ਜਦਕਿ ਸਵੇਰੇ ਤੇ ਸ਼ਾਮ ਦੇ ਤਾਪਮਾਨ ’ਚ ਕਮੀ ਆਉਣ ਦੀ ਸੰਭਾਵਨਾ ਹੈ। ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਤੇ ਘੱਟ ਤੋਂ ਘੱਟ ਤਾਪਮਾਨ ਵਿਚਕਾਰ ਫਰਕ ਵਧੇਗਾ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਅਨੁਸਾਰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। Punjab Weather Today

ਹੁਣ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ। ਸੂਬੇ ’ਚ ਸਭ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਫਰੀਦਕੋਟ ’ਚ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਥਾਈਲੈਂਡ ਨੂੰ ਪਾਰ ਕਰਨ ਤੋਂ ਬਾਅਦ ਘੱਟ ਦਬਾਅ ਵਾਲਾ ਖੇਤਰ ਹੁਣ ਬੰਗਾਲ ਦੀ ਖਾੜੀ ’ਚ ਬਣ ਰਿਹਾ ਹੈ। ਇਸ ਨਾਲ ਜੁੜੀ ਟਰੱਫ ਓਡੀਸ਼ਾ ਤੱਕ ਫੈਲੀ ਹੋਈ ਹੈ। ਇਸ ਤੋਂ ਇਲਾਵਾ ਰਾਜਸਥਾਨ ਉੱਪਰ ਇੱਕ ਐਂਟੀ-ਸਾਈਕਲੋਨ ਬਣਨ ਦੀ ਸੰਭਾਵਨਾ ਹੈ। ਐਂਟੀ-ਸਾਈਕਲੋਨ ਕਾਰਨ ਹਵਾ ਘੜੀ ਦੀ ਦਿਸ਼ਾ ’ਚ ਘੁੰਮਦੀ ਹੈ ਤੇ ਹੇਠਾਂ ਵੱਲ ਆਉਂਦੀ ਹੈ। ਇਸ ਪ੍ਰਕਿਰਿਆ ਨੂੰ ਸਬਸਾਈਡੈਂਸ ਕਿਹਾ ਜਾਂਦਾ ਹੈ, ਜਿਸ ਕਾਰਨ ਬੱਦਲ ਬਣਨ ਦੀ ਪ੍ਰਕਿਰਿਆ ਘੱਟ ਹੁੰਦੀ ਹੈ ਤੇ ਮੌਸਮ ਸਾਫ਼ ਰਹਿਣ ਲੱਗਦਾ ਹੈ। ਇਸ ਦੇ ਪ੍ਰਭਾਵ ਕਾਰਨ ਪੰਜਾਬ ਦੇ ਕਈ ਇਲਾਕਿਆਂ ’ਚ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ। ਅੱਜ ਤੋਂ ਪੱਛਮੀ ਗਰਮ ਹਵਾਵਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਮਾਨਸੂਨ ਦੀ ਵਾਪਸੀ ਪੱਛਮੀ ਰਾਜਸਥਾਨ ਤੋਂ ਸ਼ੁਰੂ ਹੋਵੇਗੀ, ਜਿਸ ਨਾਲ ਪੰਜਾਬ ’ਚ ਵੀ ਮੌਸਮ ਖੁਸ਼ਕ ਹੋਣ ਦੇ ਆਸਾਰ ਬਣ ਰਹੇ ਹਨ। ਮੌਸਮ ਵਿਭਾਗ ਵੱਲੋਂ ਪੰਜਾਬ ਤੋਂ ਮਾਨਸੂਨ ਦੀ ਵਾਪਸੀ ਦੀ ਅਧਿਕਾਰਤ ਤਾਰੀਖ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਮੌਸਮ ਦੇ ਮੌਜ਼ੂਦਾ ਹਾਲਾਤਾਂ ਦੇ ਆਧਾਰ ’ਤੇ 20 ਜਾਂ 21 ਸਤੰਬਰ ਤੋਂ ਮਾਨਸੂਨ ਦੀ ਵਾਪਸੀ ਸ਼ੁਰੂ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਪਿਛਲੇ ਸਾਲ ਪੰਜਾਬ ਤੋਂ ਮਾਨਸੂਨ ਦੀ ਪੂਰੀ ਵਾਪਸੀ 24 ਸਤੰਬਰ ਨੂੰ ਹੋ ਗਈ ਸੀ।

ਇਹ ਵੀ ਪੜ੍ਹੋ : AAP Punjab: ਆਪ 20 ਸਤੰਬਰ ਤੋਂ ਪੂਰੇ ਪੰਜਾਬ 'ਚ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰੇਗੀ: ਮਨੀਸ਼ ਸਿਸੋਦੀਆ

About The Author

Related Posts