Punjab News: ਪੰਜਾਬ ਡਿਗਰੀ ਕਾਲਜ ਵਿਖੇ ‘ਨਸ਼ਾ ਮੁਕਤ ਯੁਵਾ–ਵਿਕਸਿਤ ਭਾਰਤ’ ਸਬੰਧੀ ਜਾਗਰੂਕਤਾ ਪ੍ਰੋਗਰਾਮ

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿੱਖਿਆ, ਖੇਡਾਂ ਤੇ ਰਚਨਾਤਮਕ ਗਤੀਵਿਧੀਆਂ ਨਾਲ ਜੁੜਨ ਲਈ ਕੀਤਾ ਪ੍ਰੇਰਿਤ

Khushdeep Singh Picture
Published On

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਪੰਜਾਬ ਡਿਗਰੀ ਕਾਲਜ, ਮਹਿਮੂਆਣਾ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਸਮਾਜ ’ਚ ਨਸ਼ਾ ਮੁਕਤੀ ਦਾ ਸੰਦੇਸ਼ ਪਹੁੰਚਾਉਣ ਦੇ ਉਦੇਸ਼ ਨਾਲ ‘ਨਸ਼ਾ ਮੁਕਤ ਯੁਵਾ–ਵਿਕਸਿਤ ਭਾਰਤ’ ਵਿਸ਼ੇ ’ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਕਾਲਜ ਦੀ ਵਾਈਸ ਪ੍ਰਿੰਸੀਪਲ ਪ੍ਰੀਤਇੰਦਰ ਕੌਰ ਗੌਂਦਾਰਾ ਵੱਲੋਂ ਰਸਮੀ ਜੋਤ ਜਗਾ ਕੇ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ ‘ਨਸ਼ਾ ਮੁਕਤ ਯੁਵਾ–ਵਿਕਸਿਤ ਭਾਰਤ’ ਦੇ ਅਫਸਰ ਮਨਜੀਤ ਸਿੰਘ ਭੁੱਲਰ ਵੱਲੋਂ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਯੂਥ ਭਲਾਈ ਅਫਸਰ ਵੀਰਦੀਪ ਕੌਰ ਸੰਧੂ ਮੁੱਖ ਮਹਿਮਾਨ ਤੇ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਤੇ ਦੇਸ਼ ਦੇ ਵਿਕਾਸ ’ਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਆਰਥਿਕ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੁੰਦੇ ਹਨ ਤੇ ਤੰਦਰੁਸਤ, ਸਿੱਖਿਅਤ ਤੇ ਨਸ਼ਾ ਮੁਕਤ ਨੌਜਵਾਨ ਹੀ ਦੇਸ਼ ਨੂੰ ਤਰੱਕੀ ਦੀਆਂ ਨਵੀਆਂ ਉਚਾਈਆਂ ਤੱਕ ਲੈ ਕੇ ਜਾ ਸਕਦੇ ਹਨ। Faridkot News

ਇਸ ਮੌਕੇ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਭਾਗ ਲੈਂਦਿਆਂ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੂੰ ਸਿੱਖਿਆ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਤੇ ਰਚਨਾਤਮਕ ਕੰਮਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ‘ਨਸ਼ਿਆਂ ਨੂੰ ਨਾਂਹ, ਜ਼ਿੰਦਗੀ ਨੂੰ ਹਾਂ’ ਤੇ ‘ਨਸ਼ਾ ਮੁਕਤ ਯੁਵਾ, ਵਿਕਸਿਤ ਭਾਰਤ’ ਵਰਗੇ ਪ੍ਰਭਾਵਸ਼ਾਲੀ ਨਾਅਰਿਆਂ ਰਾਹੀਂ ਵੀ ਨੌਜਵਾਨਾਂ ਨੂੰ ਨਸ਼ਿਆਂ ਦੇ ਖ਼ਤਰਿਆਂ ਪ੍ਰਤੀ ਜਾਗਰੂਕ ਕੀਤਾ ਗਿਆ। ਕਾਲਜ ਦੀ ਵਾਈਸ ਪ੍ਰਿੰਸੀਪਲ ਪ੍ਰੀਤਇੰਦਰ ਕੌਰ ਗੌਂਦਾਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਕਰਦਾ, ਸਗੋਂ ਇਸ ਦਾ ਮਾੜਾ ਅਸਰ ਪੂਰੇ ਪਰਿਵਾਰ ਤੇ ਸਮਾਜ ’ਤੇ ਪੈਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦਾ ਨਸ਼ਾ ਮੁਕਤ ਨੌਜਵਾਨ ਹੀ ਕੱਲ੍ਹ ਦੇ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਹੈ। ਪ੍ਰੋਗਰਾਮ ਦੇ ਅੰਤ ’ਚ ਵਿਦਿਆਰਥੀਆਂ ਵੱਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਦੀ ਸਹੁੰ ਚੁੱਕਦਿਆਂ ਦ੍ਰਿੜ੍ਹ ਪ੍ਰਣ ਲਿਆ ਗਿਆ। ਇਸ ਮੌਕੇ ਪ੍ਰੋ. ਹਰਵਿੰਦਰ ਪਾਲ ਸਿੰਘ, ਪ੍ਰੋ. ਜਗਰਾਜ ਸਿੰਘ, ਪ੍ਰੋ. ਰੋਜ਼ੀ, ਪ੍ਰੋ. ਮਨਪ੍ਰੀਤ ਸਮੇਤ ਕਾਲਜ ਦਾ ਸਮੂਹ ਵਿਦਿਆਰਥੀ ਵਰਗ ਹਾਜ਼ਰ ਸੀ। Faridkot News

ਇਹ ਵੀ ਪੜ੍ਹੋ : Faridkot News: 21,550 ਕਿਲੋ ਸ਼ੱਕੀ ਘਿਓ ਨਾਲ ਭਰਿਆ ਟਰੱਕ ਕਾਬੂ

About The Author

Related Posts