Abhishek Sharma: ਪੰਜਾਬ ਦੇ ਇਸ ਤੂਫਾਨੀ ਬੱਲੇਬਾਜ਼ ਦਾ ਕ੍ਰਿਕੇਟ ਸਫਰ, ਸੰਘਰਸ਼ ਤੋਂ ਸਟਾਰ ਬਣਨ ਤੱਕ ਦੀ ਪੂਰੀ ਕਹਾਣੀ

ਭਾਰਤੀ ਕ੍ਰਿਕੇਟ ’ਚ ਨੌਜਵਾਨ ਖਿਡਾਰੀਆਂ ਦੀ ਗੱਲ ਹੋਵੇ ਤਾਂ ਅਭਿਸ਼ੇਕ ਸ਼ਰਮਾ ਦਾ ਨਾਂਅ ਇਨ੍ਹੀਂ ਦਿਨੀਂ ਖਾਸ ਤੌਰ ’ਤੇ ਚਰਚਾ ’ਚ

Khushdeep Singh Picture
Published On

ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ’ਚ ਨੌਜਵਾਨ ਖਿਡਾਰੀਆਂ ਦੀ ਗੱਲ ਹੋਵੇ ਤਾਂ ਅਭਿਸ਼ੇਕ ਸ਼ਰਮਾ ਦਾ ਨਾਂਅ ਇਨ੍ਹੀਂ ਦਿਨੀਂ ਖਾਸ ਤੌਰ ’ਤੇ ਚਰਚਾ ’ਚ ਹੈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੀ ਹਮਲਾਵਰ ਬੱਲੇਬਾਜ਼ੀ ਤੇ ਵੱਡੇ ਸ਼ਾਟ ਖੇਡਦ ਦੀ ਕਾਬਲੀਅਤ ਨਾਲ ਕ੍ਰਿਕੇਟ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਬੱਲੇਬਾਜ਼ੀ ਦੇ ਨਾਲ-ਨਾਲ ਉਹ ਖੱਬੇ ਹੱਥ ਦੀ ਸਪਿਨ ਗੇਂਦਬਾਜ਼ੀ ਵੀ ਕਰਦੇ ਹਨ। ਅਭਿਸ਼ੇਕ ਦਾ ਕ੍ਰਿਕੇਟ ਸਫਰ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ। ਸਖ਼ਤ ਮਿਹਨਤ, ਲਗਾਤਾਰ ਅਭਿਆਸ ਤੇ ਖੇਡ ਪ੍ਰਤੀ ਸਮਰਪਣ ਦੇ ਦਮ ’ਤੇ ਉਹ ਉਮਰ ਵਰਗ ਦੀ ਕ੍ਰਿਕੇਟ ਤੋਂ ਘਰੇਲੂ ਕ੍ਰਿਕੇਟ, ਆਈਪੀਐੱਲ ਤੇ ਫਿਰ ਭਾਰਤੀ ਟੀਮ ਤੱਕ ਦਾ ਸਫਰ ਕੀਤਾ।

ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਕ੍ਰਿਕੇਟ ਦਾ ਸੋਹਣਾ ਸਫਰ

ਅਭਿਸ਼ੇਕ ਸ਼ਰਮਾ ਦਾ ਜਨਮ 4 ਸਤੰਬਰ 2000 ਨੂੰ ਅੰਮ੍ਰਿਤਸਰ, ਪੰਜਾਬ ’ਚ ਹੋਇਆ। ਕ੍ਰਿਕੇਟ ਨਾਲ ਉਨ੍ਹਾਂ ਦਾ ਰਿਸ਼ਤਾ ਬਹੁਤ ਛੋਟੀ ਉਮਰ ’ਚ ਹੀ ਬਣ ਗਿਆ ਸੀ। ਉਨ੍ਹਾਂ ਦੇ ਪਿਤਾ ਰਾਜਕੁਮਾਰ ਸ਼ਰਮਾ ਖੁਦ ਕ੍ਰਿਕੇਟ ਕੋਚ ਹਨ ਤੇ ਉਨ੍ਹਾਂ ਨੇ ਪੁੱਤਰ ਨੂੰ ਬਚਪਨ ਤੋਂ ਹੀ ਕ੍ਰਿਕੇਟ ਨਾਲ ਜੋੜਿਆ। ਅਭਿਸ਼ੇਕ ਨੇ ਸਿਰਫ 5 ਸਾਲਾਂ ਦੀ ਉਮਰ ’ਚ ਬੈਟ ਫੜ ਲਿਆ ਸੀ। ਘਰ ’ਚ ਕ੍ਰਿਕੇਟ ਦਾ ਮਾਹੌਲ ਹੋਣ ਕਾਰਨ ਉਨ੍ਹਾਂ ਨੂੰ ਖੇਡ ਸਿੱਖਣ ਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਸ਼ੁਰੂ ਤੋਂ ਹੀ ਮਦਦ ਮਿਲਦੀ ਰਹੀ। ਉਨ੍ਹਾਂ ਦੀ ਮਾਂ ਮੰਜੂ ਸ਼ਰਮਾ ਨੇ ਵੀ ਉਨ੍ਹਾਂ ਨੂੰ ਹਮੇਸ਼ਾ ਹੌਸਲਾ ਦਿੱਤਾ। ਉਨ੍ਹਾਂ ਨੇ ਅਭਿਆਸ ਕਰਦਿਆਂ ਆਪਣੇ ਖੇਡ ਹੁਨਰ ਨੂੰ ਹੋਰ ਬਿਹਤਰ ਕੀਤਾ।

ਕੌਣ ਹਨ ਅਭਿਸ਼ੇਕ ਸ਼ਰਮਾ? | Abhishek Sharma

ਅਭਿਸ਼ੇਕ ਸ਼ਰਮਾ ਭਾਰਤੀ ਕ੍ਰਿਕੇਟ ਟੀਮ ਨਾਲ ਜੁੜੇ ਬੱਲੇਬਾਜ਼ ਤੇ ਆਲਰਾਊਂਡਰ ਖਿਡਾਰੀ ਹਨ। ਉਹ ਖਾਸ ਤੌਰ ’ਤੇ ਓਪਨਿੰਗ ਬੱਲੇਬਾਜ਼ ਵਜੋਂ ਆਪਣੀ ਭੂਮਿਕਾ ਨਿਭਾਉਂਦੇ ਹਨ। ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਉਣਾ, ਸ਼ੁਰੂ ਤੋਂ ਹੀ ਗੇਂਦਬਾਜ਼ਾਂ ’ਤੇ ਦਬਾਅ ਬਣਾਉਣਾ ਤੇ ਵੱਡੇ ਛੱਕੇ ਲਾਉਣਾ ਉਨ੍ਹਾਂ ਦੀ ਬੱਲੇਬਾਜ਼ੀ ਦੀਆਂ ਮੁੱਖ ਖੂਬੀਆਂ ਹਨ। ਉਨ੍ਹਾਂ ਨੇ ਪੰਜਾਬ ਦੀ ਉਮਰ ਵਰਗ ਦੀ ਕ੍ਰਿਕੇਟ ਤੋਂ ਆਪਣਾ ਸਫ਼ਰ ਅੱਗੇ ਵਧਾਇਆ ਤੇ ਬਾਅਦ ’ਚ ਘਰੇਲੂ ਕ੍ਰਿਕੇਟ ਤੇ ਆਈਪੀਐੱਲ ’ਚ ਆਪਣੀ ਪਛਾਣ ਬਣਾਈ। ਆਈਪੀਐੱਲ ’ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਟੀਮ ’ਚ ਵੀ ਮੌਕਾ ਮਿਲਿਆ। ਅਭਿਸ਼ੇਕ ਦੀ ਕ੍ਰਿਕੇਟ ਨੂੰ ਨਿਖਾਰਨ ’ਚ ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਦੀ ਭੂਮਿਕਾ ਮੁੱਖ ਰਹੀ ਹੈ। ਦੋਵਾਂ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ।

Abhi-2

ਅਭਿਸ਼ੇਕ ਸ਼ਰਮਾ : ਇੱਕ ਨਜ਼ਰ ’ਚ
  1. ਪੂਰਾ ਨਾਮ : ਅਭਿਸ਼ੇਕ ਸ਼ਰਮਾ
  2. ਜਨਮ ਮਿਤੀ : 4 ਸਤੰਬਰ 2000
  3. ਜਨਮ ਸਥਾਨ : ਅਮ੍ਰਿਤਸਰ, ਪੰਜਾਬ
  4. ਉਮਰ : 26 ਸਾਲ
  5. ਕੌਮੀਅਤ : ਭਾਰਤੀ
  6. ਭੂਮਿਕਾ : ਬੱਲੇਬਾਜ਼ੀ ਆਲਰਾਊਂਡਰ
  7. ਬੱਲੇਬਾਜ਼ੀ : ਖੱਬੇ ਹੱਥ ਨਾਲ
  8. ਗੇਂਦਬਾਜ਼ੀ : ਖੱਬੇ ਹੱਥ ਦੀ ਆਰਥੋਡਾਕਸ ਸਪਿਨ
  9. ਘਰੇਲੂ ਟੀਮ : ਪੰਜਾਬ
  10. ਆਈਪੀਐੱਲ ਟੀਮ : ਸਨਰਾਈਜ਼ਰਜ਼ ਹੈਦਰਾਬਾਦ
  11. ਜਰਸੀ ਨੰਬਰ : 4
ਛੋਟੀ ਉਮਰ ’ਚ ਹੀ ਸ਼ੁਰੂ ਕਰ ਦਿੱਤਾ ਸੀ ਕ੍ਰਿਕੇਟ ਖੇਡਣਾ

ਅਭਿਸ਼ੇਕ ਸ਼ਰਮਾ ਦਾ ਕ੍ਰਿਕੇਟ ਨਾਲ ਨਾਤਾ ਬਚਪਨ ਤੋਂ ਹੀ ਜੁੜ ਗਿਆ ਸੀ। ਉਨ੍ਹਾਂ ਦੇ ਪਿਤਾ ਰਾਜਕੁਮਾਰ ਸ਼ਰਮਾ ਨੇ ਸ਼ੁਰੂਆਤੀ ਦੌਰ ’ਚ ਹੀ ਉਨ੍ਹਾਂ ਨੂੰ ਕ੍ਰਿਕੇਟ ਦੀਆਂ ਬਾਰੀਕੀਆਂ ਸਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਅੰਮ੍ਰਿਤਸਰ ਦੇ ਗੁਰੂ ਨਾਨਕ ਪਬਲਿਕ ਸਕੂਲ ਤੋਂ ਪੜ੍ਹਾਈ ਕਰਨ ਵਾਲੇ ਅਭਿਸ਼ੇਕ ਨੇ ਸਕੂਲ ਪੱਧਰ ’ਤੇ ਵੀ ਆਪਣੀ ਕਾਬਲੀਅਤ ਦਿਖਾਈ ਤੇ ਟੀਮ ਦੀ ਕਪਤਾਨੀ ਵੀ ਕੀਤੀ। ਉਮਰ ਵਰਗ ਦੀ ਕ੍ਰਿਕੇਟ ’ਚ ਉਨ੍ਹਾਂ ਦਾ ਪ੍ਰਦਰਸ਼ਨ ਲਗਾਤਾਰ ਚੰਗਾ ਰਿਹਾ। ਉਹ ਪੰਜਾਬ ਅੰਡਰ-16 ਤੇ ਅੰਡਰ-19 ਟੀਮਾਂ ਦਾ ਹਿੱਸਾ ਰਹੇ। ਇਸ ਤੋਂ ਬਾਅਦ 2018 ’ਚ ਉਨ੍ਹਾਂ ਨੂੰ ਭਾਰਤ ਦੀ ਅੰਡਰ-19 ਟੀਮ ’ਚ ਜਗ੍ਹਾ ਮਿਲੀ। ਉਸੇ ਸਾਲ ਭਾਰਤੀ ਟੀਮ ਨੇ ਅੰਡਰ-19 ਵਿਸ਼ਵ ਕੱਪ ਆਪਣੇ ਜਿੱਤਿਆ। ਅਭਿਸ਼ੇਕ ਨੇ ਇਸ ਮੁਹਿੰਮ ਦੌਰਾਨ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ’ਚ ਆਪਣੀ ਆਲਰਾਊਂਡ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। Abhishek Sharma

Abhishek

ਇਹ ਵੀ ਪੜ੍ਹੋ : PGI Chandigarh: ਪੀਜੀਆਈ ਦੇ ਐਡਵਾਂਸਡ ਨਿਊਰੋ ਸਾਇੰਸ ਸੈਂਟਰ ’ਚ ਸੀਟੀ ਸਕੈਨ ਦੀ ਸਹੂਲਤ ਸ਼ੁਰੂ

ਪਰਿਵਾਰ ਨੇ ਦਿੱਤਾ ਪੂਰਾ ਸਾਥ

ਅਭਿਸ਼ੇਕ ਦੀ ਕ੍ਰਿਕੇਟ ਯਾਤਰਾ ’ਚ ਪਰਿਵਾਰ ਦਾ ਸਹਿਯੋਗ ਵੀ ਅਹਿਮ ਰਿਹਾ। ਉਨ੍ਹਾਂ ਦੇ ਪਿਤਾ ਰਾਜਕੁਮਾਰ ਸ਼ਰਮਾ ਕ੍ਰਿਕੇਟ ਕੋਚ ਹਨ, ਜਦਕਿ ਮਾਂ ਮੰਜੂ ਸ਼ਰਮਾ ਨੇ ਵੀ ਉਨ੍ਹਾਂ ਨੂੰ ਅੱਗੇ ਵਧਣ ਲਈ ਲਗਾਤਾਰ ਉਤਸ਼ਾਹਿਤ ਕੀਤਾ। ਬਚਪਨ ’ਚ ਹੀ ਕ੍ਰਿਕੇਟ ਨੂੰ ਲੈ ਕੇ ਬਣੀ ਇਹ ਲਗਨ ਅੱਗੇ ਚੱਲ ਕੇ ਉਨ੍ਹਾਂ ਦੇ ਪੇਸ਼ੇਵਰ ਕਰੀਅਰ ਦੀ ਨੀਂਹ ਬਣੀ। Abhishek Sharma

Abhishek-Family

2024 ’ਚ ਭਾਰਤੀ ਟੀਮ ਲਈ ਮਿਲਿਆ ਮੌਕਾ

ਘਰੇਲੂ ਕ੍ਰਿਕੇਟ ਤੇ ਆਈਪੀਐੱਲ ’ਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੂੰ ਸਾਲ 2024 ’ਚ ਭਾਰਤੀ ਦੀ ਟੀ20 ਟੀਮ ’ਚ ਸ਼ਾਮਲ ਕੀਤਾ ਗਿਆ। ਉਨ੍ਹਾਂ ਨੇ 6 ਜੁਲਾਈ 2024 ਨੂੰ ਜ਼ਿੰਬਾਬਵੇ ਖਿਲਾਫ਼ ਆਪਣਾ ਟੀ20 ਡੈਬਿਊ ਕੀਤਾ। ਅੰਤਰਰਾਸ਼ਟਰੀ ਪੱਧਰ ’ਤੇ ਮੌਕਾ ਮਿਲਣ ਤੋਂ ਬਾਅਦ ਅਭਿਸ਼ੇਕ ਨੇ ਆਪਣੀ ਹਮਲਾਵਰ ਬੱਲੇਬਾਜ਼ੀ ਨਾਲ ਪ੍ਰਭਾਵ ਛੱਡਿਆ। ਤੇਜ਼ੀ ਨਾਲ ਦੌੜਾਂ ਬਣਾਉਣ ਦੀ ਉਨ੍ਹਾਂ ਦੀ ਸਮਰੱਥਾ ਕਾਰਨ ਉਹ ਭਾਰਤੀ ਟੀ20 ਸੈਟਅਪ ਦੇ ਚਰਚਿਤ ਖਿਡਾਰੀਆਂ ’ਚ ਸ਼ਾਮਲ ਹੋ ਗਏ।

Shek

ਟੀ20 ਕ੍ਰਿਕੇਟ ’ਚ ਅਭਿਸ਼ੇਕ ਦੀ ਬੱਲੇਬਾਜ਼ੀ ਕਿਉਂ ਹੈ ਖਾਸ?

ਅਭਿਸ਼ੇਕ ਸ਼ਰਮਾ ਦੀ ਸਭ ਤੋਂ ਵੱਡੀ ਪਛਾਣ ਉਨ੍ਹਾਂ ਦੀ ਹਮਲਾਵਰ ਬੱਲੇਬਾਜ਼ੀ ਹੈ। ਉਹ ਪਾਰੀ ਦੀ ਸ਼ੁਰੂਆਤ ਤੋਂ ਹੀ ਗੇਂਦਬਾਜ਼ਾਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਖਾਸ ਤੌਰ ’ਤੇ ਪਾਵਰਪਲੇ ਦੌਰਾਨ ਉਨ੍ਹਾਂ ਦੀ ਬੱਲੇਬਾਜ਼ੀ ਕਾਫ਼ੀ ਤੇਜ਼ ਰਹਿੰਦੀ ਹੈ।

ਅਭਿਸ਼ੇਕ ਦੇ ਖੇਡ ਦੀਆਂ ਮੁੱਖ ਖੂਬੀਆਂ ’ਚ
  • ਵੱਡੇ ਛੱਕੇ ਲਾਉਣ ਦੀ ਸਮਰੱਥਾ
  • ਤੇਜ਼ ਸਟ੍ਰਾਈਕ ਰੇਟ
  • ਪਾਵਰਪਲੇ ’ਚ ਹਮਲਾਵਰ ਬੱਲੇਬਾਜ਼ੀ
  • ਸਪਿਨ ਗੇਂਦਬਾਜ਼ੀ ਵਿਰੁੱਧ ਪ੍ਰਭਾਵਸ਼ਾਲੀ ਸ਼ਾਟ
  • ਥੋੜ੍ਹੇ ਸਮੇਂ ’ਚ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕਾਬਲੀਅਤ ਸ਼ਾਮਲ ਹਨ।
  • ਇਸੇ ਹਮਲਾਵਰ ਅੰਦਾਜ਼ ਨੇ ਉਨ੍ਹਾਂ ਨੂੰ ਟੀ20 ਕ੍ਰਿਕੇਟ ’ਚ ਦਿਵਾਈ ਵੱਖਰੀ ਪਛਾਣ
ਯੁਵਰਾਜ ਸਿੰਘ ਤੋਂ ਮਿਲੀ ਕ੍ਰਿਕੇਟ ਦੀ ਰਹਿਨੁਮਾਈ | Abhishek Sharma

ਅਭਿਸ਼ੇਕ ਸ਼ਰਮਾ ਦੇ ਕਰੀਅਰ ਦੀ ਗੱਲ ਯੁਵਰਾਜ ਸਿੰਘ ਦੇ ਜ਼ਿਕਰ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ। ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਨੇ ਅਭਿਸ਼ੇਕ ਨੂੰ ਬੱਲੇਬਾਜ਼ੀ ਨਾਲ ਜੁੜੇ ਕਈ ਪਹਿਲੂਆਂ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਮਜ਼ਬੂਤ ਰਹਿਣ ਲਈ ਵੀ ਮਾਰਗਦਰਸ਼ਨ ਦਿੱਤਾ ਹੈ। ਯੁਵਰਾਜ ਦੀ ਤਰ੍ਹਾਂ ਹੀ ਅਭਿਸ਼ੇਕ ਦੀ ਬੱਲੇਬਾਜ਼ੀ ’ਚ ਵੀ ਹਮਲਾਵਰ ਰੁਖ਼ ਸਾਫ਼ ਨਜ਼ਰ ਆਉਂਦਾ ਹੈ। ਦੋਵਾਂ ਦੀ ਗੁਰੂ-ਸ਼ਿਸ਼ ਵਾਲੀ ਸਾਂਝ ਕਈ ਮੌਕਿਆਂ ’ਤੇ ਚਰਚਾ ਦਾ ਵਿਸ਼ਾ ਰਹੀ ਹੈ। ਅਭਿਸ਼ੇਕ ਦੇ ਜਨਮਦਿਨ ਮੌਕੇ ਯੁਵਰਾਜ ਵੱਲੋਂ ਸਾਂਝਾ ਕੀਤਾ ਗਿਆ ਪੁਰਾਣਾ ਵੀਡੀਓ ਵੀ ਦੋਵਾਂ ਦੇ ਇਸ ਖਾਸ ਰਿਸ਼ਤੇ ਨੂੰ ਦਰਸ਼ਾਉਂਦਾ ਹੈ।

YuvRaj

ਅਭਿਸ਼ੇਕ ਸ਼ਰਮਾ ਦੀਆਂ ਵੱਡੀਆਂ ਉਪਲਬਧੀਆਂ | Abhishek Sharma Records

ਛੋਟੀ ਉਮਰ ’ਚ ਹੀ ਅਭਿਸ਼ੇਕ ਨੇ ਆਪਣੇ ਕ੍ਰਿਕਟ  ਕਰੀਅਰ ’ਚ ਕਈ ਮਹੱਤਵਪੂਰਨ ਪੜਾਅ ਪਾਰ ਕੀਤੇ ਹਨ। ਉਨ੍ਹਾਂ ਦੀਆਂ ਮੁੱਖ ਪ੍ਰਾਪਤੀਆਂ ’ਚ 2016 ਦੀ ਭਾਰਤ ਦੀ ਅੰਡਰ-19 ਏਸ਼ੀਆ ਕੱਪ ਜੇਤੂ ਟੀਮ ਦਾ ਹਿੱਸਾ ਬਣਨਾ, 2018 ’ਚ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਵਿੱਚ ਸ਼ਾਮਲ ਹੋਣਾ ਤੇ ਬਾਅਦ ’ਚ ਆਈਪੀਐੱਲ ਤੇ ਅੰਤਰਰਾਸ਼ਟਰੀ ਕ੍ਰਿਕਟ  ਤੱਕ ਪਹੁੰਚਣਾ ਸ਼ਾਮਲ ਹੈ। ਇਸ ਤੋਂ ਇਲਾਵਾ ਉਹ ਅੰਤਰਰਾਸ਼ਟਰੀ ਟੀ20 ਕ੍ਰਿਕਟ ’ਚ ਸੈਂਕੜਾ ਲਾਉਣ ਦਾ ਕਾਰਨਾਮਾ ਵੀ ਕਰ ਚੁੱਕੇ ਹਨ। ਆਪਣੀ ਧਮਾਕੇਦਾਰ ਬੱਲੇਬਾਜ਼ੀ ਕਾਰਨ ਉਹ ਟੀ20 ਫਾਰਮੈਟ ਦੇ ਖਾਸ ਖਿਡਾਰੀਆਂ ’ਚ ਆਪਣੀ ਜਗ੍ਹਾ ਬਣਾ ਚੁੱਕੇ ਹਨ।

ਆਈਸੀਸੀ ਟੀ20 ਰੈਂਕਿੰਗ ’ਚ ਵੀ ਬਣਾਈ ਜਗ੍ਹਾ

ਅਭਿਸ਼ੇਕ ਸ਼ਰਮਾ ਦੀਆਂ ਪ੍ਰਾਪਤੀਆਂ ’ਚ ਅੰਤਰਰਾਸ਼ਟਰੀ ਟੀ20 ਰੈਂਕਿੰਗ ’ਚ ਸਿਖਰਲੇ ਸਥਾਨ ਤੱਕ ਪਹੁੰਚਣਾ ਵੀ ਸ਼ਾਮਲ ਹੈ। ਉਹ ਆਈਸੀਸੀ ਟੀ20 ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਵੀ ਹਾਸਲ ਕਰ ਚੁੱਕੇ ਹਨ। ਮੌਜੂਦਾ ਪ੍ਰੋਫਾਈਲ ਅਨੁਸਾਰ ਉਹ ਟੀ20 ਬੱਲੇਬਾਜ਼ੀ ਰੈਂਕਿੰਗ ’ਚ ਟੌਪ-3 ’ਚ ਸ਼ਾਮਲ ਹਨ। ਆਈਸੀਸੀ ਦੀ ਪ੍ਰੋਫਾਈਲ ’ਚ ਉਨ੍ਹਾਂ ਨੂੰ ਭਾਰਤੀ ਆਲਰਾਊਂਡਰ ਵਜੋਂ ਦਰਸ਼ਾਇਆ ਗਿਆ ਹੈ।

ਅਭਿਸ਼ੇਕ ਸ਼ਰਮਾ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ

ਅਭਿਸ਼ੇਕ ਸ਼ਰਮਾ ਦੀ ਕ੍ਰਿਕੇਟ ਯਾਤਰਾ ਕਈ ਦਿਲਚਸਪ ਪਹਿਲੂਆਂ ਨਾਲ ਭਰੀ ਹੋਈ ਹੈ। ਬਚਪਨ ਤੋਂ ਕ੍ਰਿਕੇਟ ਦੇ ਮਾਹੌਲ ’ਚ ਪਲੇ ਇਸ ਖਿਡਾਰੀ ਨੇ ਛੋਟੀ ਉਮਰ ’ਚ ਹੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਇਸ ਤਰ੍ਹਾਂ ਹਨ:

  1. ਅਭਿਸ਼ੇਕ ਦਾ ਸਬੰਧ ਖੇਡਾਂ ਨਾਲ ਜੁੜੇ ਪਰਿਵਾਰ ਨਾਲ ਹੈ ਤੇ ਉਨ੍ਹਾਂ ਦੇ ਪਿਤਾ ਕ੍ਰਿਕੇਟ ਕੋਚ ਰਹੇ ਹਨ।
  2. ਸਿਰਫ 17 ਸਾਲ ਦੀ ਉਮਰ ’ਚ ਉਨ੍ਹਾਂ ਨੇ ਭਾਰਤ ਦੀ ਅੰਡਰ-19 ਟੀਮ ਤੱਕ ਪਹੁੰਚ ਕੇ ਆਪਣੀ ਪਛਾਣ ਬਣਾਈ।
  3. 2018 ’ਚ ਆਈਪੀਐਲ ਡੈਬਿਊ ਕਰਦਿਆਂ ਅਭਿਸ਼ੇਕ ਨੇ 19 ਗੇਂਦਾਂ ’ਚ 46 ਦੌੜਾਂ ਦੀ ਤੇਜ਼ ਪਾਰੀ ਖੇਡੀ ਸੀ। ਇਸ ਪਾਰੀ ’ਚ ਉਨ੍ਹਾਂ ਨੇ 4 ਛੱਕੇ ਵੀ ਸ਼ਾਮਲ ਸਨ।
  4. ਆਈਪੀਐਲ 2022 ਦੇ ਸੀਜ਼ਨ ਦੌਰਾਨ ਉਹ ਸਨਰਾਈਜ਼ਰਜ਼ ਹੈਦਰਾਬਾਦ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ।
  5. ਕ੍ਰਿਕੇਟ ਤੋਂ ਇਲਾਵਾ ਅਭਿਸ਼ੇਕ ਆਪਣੀ ਫਿਟਨੈੱਸ ਤੇ ਜਿਮ ਵਰਕਆਊਟ ਨੂੰ ਵੀ ਕਾਫ਼ੀ ਮਹੱਤਵ ਦਿੰਦੇ ਹਨ।
  6. ਭਾਰਤ ਲਈ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਬਣਨਾ ਉਨ੍ਹਾਂ ਦੇ ਵੱਡੇ ਸੁਪਨਿਆਂ ’ਚੋਂ ਇੱਕ ਹੈ।
  7. ਆਈਪੀਐਲ 2024 ’ਚ ਉਨ੍ਹਾਂ ਨੇ 42 ਛੱਕੇ ਜੜੇ ਸਨ, ਜੋ ਉਸ ਸੀਜ਼ਨ ’ਚ ਕਿਸੇ ਭਾਰਤੀ ਬੱਲੇਬਾਜ਼ ਵੱਲੋਂ ਸਭ ਤੋਂ ਵੱਧ ਸਨ।
  8. ਅਭਿਸ਼ੇਕ ਨੂੰ ਪੰਜਾਬੀ ਗੀਤ ਤੇ ਸੰਗੀਤ ਸੁਣਨਾ ਵੀ ਪਸੰਦ ਹੈ।
  9. ਉਨ੍ਹਾਂ ਨੇ ਆਪਣੇ ਕ੍ਰਿਕੇਟ ਆਦਰਸ਼ ਯੁਵਰਾਜ ਸਿੰਘ ਨਾਲ ਟ੍ਰੇਨਿੰਗ ਵੀ ਕੀਤੀ ਹੈ।
  10. ਟੀ20 ਕਰੀਅਰ ਦੀ ਸ਼ੁਰੂਆਤ ’ਚ ਹੀ ਸੈਂਕੜਾ ਲਾਉਣਾ ਵੀ ਅਭਿਸ਼ੇਕ ਦੇ ਕਰੀਅਰ ਦੀਆਂ ਖਾਸ ਪ੍ਰਾਪਤੀਆਂ ’ਚੋਂ ਇੱਕ ਹੈ। ਅੰਤਰਰਾਸ਼ਟਰੀ ਟੀ20 ਕ੍ਰਿਕੇਟ ਦੀ ਸ਼ੁਰੂਆਤ ਤੋਂ ਹੀ ਸੈਂਕੜਾ ਲਾਉਣ ਵਾਲੇ ਭਾਰਤੀ ਖਿਡਾਰੀਆਂ ਦੀ ਸੂਚੀ ’ਚ ਉਨ੍ਹਾਂ ਦਾ ਨਾਂਅ ਸ਼ਾਮਲ ਹੈ।

About The Author

Related Posts