Punjab
Rajpura Thermal Plant: ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਹੋਇਆ ਬੰਦ
ਬਿਜਲੀ ਕੱਟਾਂ ਕਾਰਨ ਲੋਕਾਂ ਵੱਲੋਂ ਕੀਤਾ ਜਾ ਰਿਹੈ ਰੋਸ ਪ੍ਰਦਰਸ਼ਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Rajpura Thermal Plant: ਪੰਜਾਬ ਦੇ ਥਰਮਲ ਪਲਾਂਟਾਂ ਦਾ ਆਏ ਦਿਨ ਕੋਈ ਨਾ ਕੋਈ ਯੂਨਿਟ ਬੰਦ ਹੋ ਰਿਹਾ ਹੈ। ਕੋਲੇ ਦੀ ਘਾਟ ਨੇ ਥਰਮਲ ਪਲਾਂਟਾਂ ਦੀਆਂ ਚਿਮਨੀਆਂ ਨੂੰ ਠੰਢਾ ਕਰ ਦਿੱਤਾ ਹੈ, ਜਿਸ ਕਾਰਨ ਕੋਈ ਨਾ ਕੋਈ ਯੂਨਿਟ ਬੰਦ ਕਰਨਾ ਥਰਮਲ ਪਲਾਟਾਂ ਦੀ ਮਜ਼ਬੂਰੀ ਬਣ ਰਿਹਾ ਹੈ। ਜਾਣਕਾਰੀ ਅਨੁਸਾਰ ਬਿਜਲੀ ਦੀ ਕਿੱਲਤ ਕਾਰਨ ਸੂਬੇ ਦੇ ਵੱਖ-ਵੱਖ ਥਾਵਾਂ ਤੋਂ ਲੋਕਾਂ ਵੱਲੋਂ ਗਰਿੱਡ ਵਿੱਚ ਪੁੱਜ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਤਰਕ ਹੈ ਕਿ ਟਿਊਬਵੈੱਲਾਂ ਲਈ ਤਿੰਨ-ਚਾਰ ਘੰਟੇ ਹੀ ਬਿਜਲੀ ਰਹਿ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਕੱਟਾਂ ਕਾਰਨ ਲੋਕਾਂ ਵੱਲੋਂ ਸੜਕਾਂ ’ਤੇ ਆ ਕੇ ਧਰਨੇ ਦਿੱਤੇ ਜਾ ਰਹੇ ਹਨ। ਸੂਬੇ ਅੰਦਰ ਅੱਜ ਵੀ ਬਿਜਲੀ ਦੀ ਮੰਗ 16619 ਮੈਗਾਵਾਟ ਦਰਜ਼ ਕੀਤੀ ਗਈ ਹੈ।
ਪਾਵਰਕੌਮ ਦੇ 15 ਯੂਨਿਟਾਂ ਵਿੱਚੋਂ 12 ਯੂਨਿਟ ਚੱਲ ਰਹੇ ਹਨ, ਜਦਕਿ 3 ਯੂਨਿਟ ਬੰਦ ਪਏ ਹਨ। ਜੇਕਰ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਸਥਿਤੀ ਦੇਖੀ ਜਾਵੇ ਤਾਂ ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਠੱਪ ਹੋ ਗਿਆ, ਜਦਕਿ ਇੱਕ ਯੂਨਿਟ ਚੱਲ ਰਿਹਾ ਹੈ। 1400 ਮੈਗਾਵਾਟ ਦੇ ਰਾਜਪੁਰਾ ਥਰਮਲ ਪਲਾਂਟ ਦੇ ਇੱਕ ਯੂਨਿਟ ਵੱਲੋਂ 669 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਇੱਧਰ ਸਰਕਾਰੀ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਸਾਰੇ ਚਾਰ ਯੂਨਿਟ ਚੱਲ ਰਹੇ ਹਨ ਅਤੇ 812 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਰੋਪੜ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚੱਲ ਰਹੇ ਹਨ ਅਤੇ ਇੱਕ ਯੂਨਿਟ ਬੰਦ ਪਿਆ ਹੈ। ਇੱਥੋਂ ਸਿਰਫ਼ 356 ਮੈਗਾਵਾਟ ਹੀ ਬਿਜਲੀ ਉਤਪਾਦਨ ਪੈਦਾ ਹੋ ਰਿਹਾ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਪੂਰੀ ਤਰ੍ਹਾਂ ਭਖੇ ਹੋਏ ਹਨ। ਪਾਵਰਕੌਮ ਵੱਲੋਂ ਕੇਂਦਰੀ ਪੂਲ ਵਿੱਚੋਂ ਜ਼ਿਆਦਾ ਬਿਜਲੀ ਹਾਸਲ ਕੀਤੀ ਜਾ ਰਹੀ ਹੈ। Rajpura Thermal Plant
ਇਹ ਵੀ ਪੜ੍ਹੋ : PRTC Strike: ਪਨਬੱਸ-ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ 22 ਤੋਂ ਚੱਕਾ ਜਾਮ ਦਾ ਐਲਾਨ
ਹਾਈਡ੍ਰਲ ਪ੍ਰਾਜੈਕਟਾਂ ਤੋਂ ਵੀ ਹੋ ਰਿਹੈ ਉਤਪਾਦਨ ਘੱਟ | Rajpura Thermal Plant
ਪਾਵਰਕੌਮ ਦੇ ਹਾਈਡਲ ਪ੍ਰਾਜੈਕਟ ਵੀ ਪੂਰਾ ਬਿਜਲੀ ਉਤਪਾਦਨ ਨਹੀਂ ਕਰ ਰਹੇ। ਹਾਈਡ੍ਰਲ ਪ੍ਰਾਜੈਕਟਾਂ ਤੋਂ 675 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਰਣਜੀਤ ਸਾਗਰ ਡੈਮ ਦੇ ਚਾਰ ਯੂਨਿਟਾਂ ਵਿੱਚੋਂ ਦੋ ਯੂਨਿਟ ਬੰਦ ਪਏ ਹਨ।