Punjab
Employees Protest: ਸੰਧਵਾਂ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਜ਼ੋਨਲ ਰੋਸ ਰੈਲੀ ਅੱਜ
ਰੋਸ ਮਾਰਚ ਉਪਰੰਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ
ਫਰੀਦਕੋਟ (ਗੁਰਪ੍ਰੀਤ ਪੱਕਾ)। ਸਾਂਝੀ ਤਾਲਮੇਲ ਕਮੇਟੀ, ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਤਹਿਤ ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਆਸ਼ਾ ਵਰਕਰਾਂ, ਮਿਡ-ਡੇਅ ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ, ਅਧਿਆਪਕਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ 12 ਸਤੰਬਰ ਨੂੰ ਪਿੰਡ ਸੰਧਵਾਂ ਵਿਖੇ ਜ਼ੋਨਲ ਪੱਧਰ ਦੀ ਰੋਸ ਰੈਲੀ ਕੀਤੀ ਜਾਵੇਗੀ। ਜਥੇਬੰਦੀਆਂ ਦੇ ਆਗੂਆਂ ਅਨੁਸਾਰ ਰੈਲੀ ਸਵੇਰੇ 10 ਵਜੇ ਫਰੀਦਕੋਟ-ਕੋਟਕਪੂਰਾ ਸੜਕ ’ਤੇ ਗੁਰਦੁਆਰਾ ਸਾਹਿਬ ਮਾਤਾ ਦਯਾ ਕੌਰ ਨੇੜੇ ਹੋਵੇਗੀ। ਇਸ ਉਪਰੰਤ ਪ੍ਰਦਰਸ਼ਨਕਾਰੀ ਪਿੰਡ ’ਚ ਰੋਸ ਮਾਰਚ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕੋਠੀ ਦਾ ਘਿਰਾਓ ਕਰਨਗੇ। ਇਸ ਐਕਸ਼ਨ ਦੀਆਂ ਤਿਆਰੀਆਂ ਸਬੰਧੀ ਸਥਾਨਕ ਪੈਨਸ਼ਨਰ ਭਵਨ ਵਿਖੇ ਸਾਂਝੀ ਤਾਲਮੇਲ ਕਮੇਟੀ ’ਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਇੰਦਰਜੀਤ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਨੂੰ ਅਮਰੀਕ ਸਿੰਘ ਸੰਧੂ, ਪ੍ਰੇਮ ਚਾਵਲਾ, ਜਤਿੰਦਰ ਕੁਮਾਰ, ਬਲਬੀਰ ਸਿੰਘ ਸਿਬੀਆਂ, ਸੁਖਵਿੰਦਰ ਸਿੰਘ ਸੁੱਖੀ, ਵਿਕਰਮਜੀਤ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਸਰਾਂ, ਧਰਮਿੰਦਰ ਸਿੰਘ, ਸਰਬਜੀਤ ਕੌਰ ਮਚਾਕੀ, ਚਿਤਰੰਜਨ ਗਾਭਾ, ਕੁਲਵੰਤ ਸਿੰਘ ਚਾਨੀ, ਪ੍ਰਿੰਸੀਪਲ ਕ੍ਰਿਸ਼ਨ ਲਾਲ, ਇੰਦਰਜੀਤ ਸਿੰਘ ਗਿੱਲ, ਜੀਤੇਂਦਰ ਕੁਮਾਰ ਹੰਸ, ਨਰਿੰਦਰ ਕੁਮਾਰ ਅਤੇ ਬਖਸ਼ਿੰਦਰਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਪੰਜਾਬ ਸਰਕਾਰ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਾ ਦਿਖਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਮੁਲਾਜ਼ਮ ਵਰਗ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਮੁਲਾਜ਼ਮਾਂ ਸਬੰਧੀ ਪੇਸ਼ ਕੀਤੇ ਗਏ ਅੰਕੜਿਆਂ ’ਤੇ ਵੀ ਸਖ਼ਤ ਇਤਰਾਜ਼ ਜਤਾਇਆ। Employees Protest
ਇਹ ਵੀ ਪੜ੍ਹੋ : ਇਰਾਨੀ ਰਾਸ਼ਟਰਪਤੀ ਭਾਰਤ ਲਈ ਰਵਾਨਾ, BRICS ਨੂੰ ਇੱਕਪਾਸੜ ਨੀਤੀਆਂ ਦਾ ਮੁਕਾਬਲਾ ਕਰਨ ਲਈ ਦੱਸਿਆ ਇੱਕ ਮੰਚ
ਡੀਏ ਤੇ ਪੁਰਾਣੀ ਪੈਨਸ਼ਨ ਸਕੀਮ ਦਾ ਮੁੱਦਾ ਉਠਾਇਆ | Employees Protest
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜਦੋਂ ਕਈ ਰਾਜਾਂ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 60 ਫੀਸਦੀ ਡੀਏ ਦਿੱਤਾ ਜਾ ਰਿਹਾ ਹੈ ਤਾਂ ਪੰਜਾਬ ’ਚ ਇਹ ਦਰ 42 ਫੀਸਦੀ ਕਿਉਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉੱਚ ਅਫ਼ਸਰਸ਼ਾਹੀ ਨੂੰ 60 ਫੀਸਦੀ ਡੀਏ ਦਿੱਤਾ ਜਾ ਰਿਹਾ ਹੈ, ਜਦਕਿ ਆਮ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਸ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਰੀਬ ਚਾਰ ਸਾਲ ਪਹਿਲਾਂ ਮੰਤਰੀ ਮੰਡਲ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਫੈਸਲਾ ਕੀਤੇ ਜਾਣ ਦੇ ਬਾਵਜੂਦ ਇਸ ਨੂੰ ਅਜੇ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰ ’ਚ ਆਸ਼ਾ ਵਰਕਰਾਂ, ਮਿਡ-ਡੇਅ ਮੀਲ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਦੀਆਂ ਉਜਰਤਾਂ ਵਿੱਚ ਦੁੱਗਣਾ ਵਾਧਾ ਕਰਨ ਦਾ ਕੀਤਾ ਗਿਆ ਵਾਅਦਾ ਵੀ ਪੂਰਾ ਨਹੀਂ ਹੋਇਆ। ਆਗੂਆਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ’ਚ ਸਰਕਾਰ ਪ੍ਰਤੀ ਵਿਆਪਕ ਰੋਸ ਹੈ। ਉਨ੍ਹਾਂ ਸਮੂਹ ਜਥੇਬੰਦੀਆਂ ਦੇ ਵਰਕਰਾਂ ਤੇ ਮੁਲਾਜ਼ਮਾਂ ਨੂੰ 12 ਸਤੰਬਰ ਦੀ ਰੋਸ ਰੈਲੀ ਅਤੇ ਘਿਰਾਓ ਵਿੱਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਅਮਰਜੀਤ ਸਿੰਘ ਵਾਲੀਆ, ਬਿਸ਼ਨ ਕੁਮਾਰ ਅਰੋੜਾ, ਇੰਜੀਨੀਅਰ ਜੀਤ ਸਿੰਘ, ਜਸਕਰਨ ਸਿੰਘ, ਪ੍ਰਿੰਸੀਪਲ ਜੁਗਿੰਦਰ ਸਿੰਘ, ਦਰਸ਼ਨ ਸਿੰਘ, ਪ੍ਰਤਾਪ ਸਿੰਘ ਅਤੇ ਉਪਿੰਦਰ ਪਾਲ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ। Employees Protest