Batala News: ਬਟਾਲਾ ’ਚ ਵਿਆਹ ਪੁਰਬ ਮੌਕੇ ਹੁੱਲੜਬਾਜ਼ੀ, ਉੱਚੀ ਆਵਾਜ਼ ’ਚ ਸਪੀਕਰ ਤੇ ਬੁਲੇਟ ਦੇ ਪਟਾਕਿਆਂ ’ਤੇ ਪਾਬੰਦੀ
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ 14 ਤੋਂ 18 ਸਤੰਬਰ ਤੱਕ ਹੁਕਮ ਜਾਰੀ
ਬਟਾਲਾ (ਸੱਚ ਕਹੂੰ ਨਿਊਜ਼/ਹਿੰ.ਸ.)। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਬਟਾਲਾ ’ਚ ਪ੍ਰਸ਼ਾਸਨ ਵੱਲੋਂ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਸਿਮਰਨ ਸਿੰਘ ਢਿੱਲੋਂ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਬ-ਡਵੀਜ਼ਨ ਬਟਾਲਾ ’ਚ ਟਰੈਕਟਰਾਂ ਤੇ ਹੋਰ ਵਾਹਨਾਂ ’ਤੇ ਹੁੱਲੜਬਾਜ਼ੀ ਕਰਨ, ਉੱਚੀ ਆਵਾਜ਼ ’ਚ ਸਪੀਕਰ ਵਜਾਉਣ ਅਤੇ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਚਲਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ 14 ਸਤੰਬਰ 2026 ਤੋਂ 18 ਸਤੰਬਰ 2026 ਤੱਕ ਲਾਗੂ ਰਹੇਗਾ। ਇਸ ਸਬੰਧੀ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ 18 ਸਤੰਬਰ ਨੂੰ ਬਟਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ, ਜਿਸ ’ਚ ਵੱਡੀ ਗਿਣਤੀ ’ਚ ਸੰਗਤ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਮੁਤਾਬਕ ਧਾਰਮਿਕ ਮੇਲੇ ਦੌਰਾਨ ਕੁਝ ਸ਼ਰਾਰਤੀ ਅਨਸਰ ਟਰੈਕਟਰਾਂ ਤੇ ਹੋਰ ਵਾਹਨਾਂ ’ਤੇ ਹੁੱਲੜਬਾਜ਼ੀ ਕਰਦੇ ਹਨ ਤੇ ਉੱਚੀ ਆਵਾਜ਼ ’ਚ ਵੱਡੇ ਸਪੀਕਰ ਲਾਉਂਦੇ ਹਨ। ਇਸ ਤੋਂ ਇਲਾਵਾ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਚਲਾਉਣ ਕਾਰਨ ਵੀ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਕਮਾਂ ’ਚ ਕਿਹਾ ਗਿਆ ਹੈ ਕਿ ਅਜਿਹੀਆਂ ਗਤੀਵਿਧੀਆਂ ਕਾਰਨ ਖ਼ਾਸ ਤੌਰ ’ਤੇ ਬਜ਼ੁਰਗਾਂ ਤੇ ਛੋਟੇ ਬੱਚਿਆਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਪਾਬੰਦੀ ਸਬੰਧੀ ਇਹ ਹੁਕਮ 14 ਸਤੰਬਰ ਤੋਂ 18 ਸਤੰਬਰ ਤੱਕ ਬਟਾਲਾ ਸਬ-ਡਵੀਜ਼ਨ ’ਚ ਪ੍ਰਭਾਵੀ ਰਹੇਗਾ। Batala News
ਇਹ ਵੀ ਪੜ੍ਹੋ : Sri Lanka News: ਸ਼੍ਰੀਲੰਕਾ ’ਚ ਗ੍ਰਨੇਡ ਹਮਲੇ ’ਚ ਦੋ ਬੱਚਿਆਂ ਦੀ ਮੌਤ