Weather Alert: ਪੰਜਾਬ-ਚੰਡੀਗੜ੍ਹ 'ਚ ਮਾਨਸੂਨ ਦੀ ਰਫ਼ਤਾਰ ਮੱਠੀ, ਗਰਮੀ ਤੇ ਹੁੰਮਸ ਵਧੀ
14-15 ਸਤੰਬਰ ਨੂੰ ਭਾਰੀ ਮੀਂਹ ਦੇ ਆਸਾਰ, ਅੱਜ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਤੇ ਗੁਰਦਾਸਪੁਰ ਵਿੱਚ ਮੀਂਹ ਦੀ ਸੰਭਾਵਨਾ
ਚੰਡੀਗੜ੍ਹ (ਹਿੰ.ਸ.)। ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਪੈਣ ਕਾਰਨ ਦਿਨ ਦੇ ਸਮੇਂ ਗਰਮੀ ਅਤੇ ਹੁੰਮਸ ਵਿੱਚ ਵਾਧਾ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ, 11 ਸਤੰਬਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਚੰਡੀਗੜ੍ਹ ਵਿੱਚ ਮੌਸਮ ਖੁਸ਼ਕ ਰਹਿਣ ਦੇ ਆਸਾਰ ਹਨ। ਹਾਲਾਂਕਿ 14 ਅਤੇ 15 ਸਤੰਬਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ।
ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਆਮ ਨਾਲੋਂ 2.7 ਡਿਗਰੀ ਵੱਧ ਰਿਹਾ। ਵੀਰਵਾਰ ਨੂੰ ਪੰਜਾਬ ਵਿੱਚ ਦੋ ਥਾਵਾਂ ’ਤੇ ਮੀਂਹ ਦਰਜ ਕੀਤਾ ਗਿਆ। ਲੁਧਿਆਣਾ ਵਿੱਚ 11.4 ਮਿਲੀਮੀਟਰ ਅਤੇ ਰੂਪਨਗਰ ਵਿੱਚ 0.5 ਮਿਲੀਮੀਟਰ ਮੀਂਹ ਪਿਆ। ਚੰਡੀਗੜ੍ਹ ਵਿੱਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਪਟਿਆਲਾ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 37.5 ਡਿਗਰੀ ਦਰਜ ਹੋਇਆ। ਰੂਪਨਗਰ ਵਿੱਚ ਤਾਪਮਾਨ 37.1 ਡਿਗਰੀ ਰਿਹਾ।ਮੌਸਮ ਵਿਭਾਗ ਮੁਤਾਬਕ ਇਸ ਸਮੇਂ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ’ਤੇ ਤਿੰਨ ਮੌਸਮੀ ਪ੍ਰਣਾਲੀਆਂ ਦਾ ਅਸਰ ਪੈ ਰਿਹਾ ਹੈ।
Read Also : ਮਹਿਲਾ ਠੇਕਾ ਮੁਲਾਜ਼ਮਾਂ ਨੂੰ ਹੁਣ ਨਹੀਂ ਮਿਲੇਗੀ ਵਾਧੂ ਸੀਐੱਲ
ਮਾਨਸੂਨ ਦੀ ਧੁਰੀ ਜੰਮੂ, ਦੇਹਰਾਦੂਨ, ਉੱਤਰ ਪ੍ਰਦੇਸ਼ ਅਤੇ ਝਾਰਖੰਡ ਤੋਂ ਹੁੰਦੀ ਹੋਈ ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਵਾਲੇ ਖੇਤਰ ਤੱਕ ਸਰਗਰਮ ਹੈ। ਇਸ ਦਾ ਅਸਰ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ’ਤੇ ਵੀ ਪੈ ਰਿਹਾ ਹੈ।ਇਸ ਤੋਂ ਇਲਾਵਾ ਉੱਤਰੀ ਹਰਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਉੱਪਰੀ ਹਵਾਵਾਂ ਦਾ ਚੱਕਰਵਾਤੀ ਤੰਤਰ ਸਰਗਰਮ ਹੈ। ਇਸ ਕਾਰਨ ਕੁਝ ਇਲਾਕਿਆਂ ਵਿੱਚ ਬੱਦਲ ਛਾਉਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਉੱਧਰ ਉੱਤਰੀ ਪਾਕਿਸਤਾਨ ਅਤੇ ਜੰਮੂ ਦੇ ਉੱਪਰ ਪੱਛਮੀ ਗੜਬੜੀ ਵੀ ਸਰਗਰਮ ਹੈ। ਮਾਨਸੂਨ ਦੀ ਧੁਰੀ, ਚੱਕਰਵਾਤੀ ਤੰਤਰ ਅਤੇ ਪੱਛਮੀ ਗੜਬੜੀ ਦੇ ਸਾਂਝੇ ਪ੍ਰਭਾਵ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਵਿੱਚ ਤਬਦੀਲੀ ਆ ਸਕਦੀ ਹੈ ਅਤੇ ਕਈ ਥਾਵਾਂ ’ਤੇ ਮੀਂਹ ਜਾਂ ਗਰਜ-ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ।