Punjab News: ਭਾਜਪਾ ਨੇ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਤੇ ਚੁੱਕੇ ਸਵਾਲ, ਕਿਹਾ: ਲੋਕਾਂ ਦਾ ਅਸਲ ਦਰਦ ਨਹੀਂ ਸਮਝੀ ਸਰਕਾਰ

ਪੰਜਾਬ ਦੇ ਲੋਕਾਂ ਨੂੰ ਅੱਜ ‘ਉੱਡਦਾ ਪੰਜਾਬ’ ਨਹੀਂ ‘ਉੱਭਰਦਾ ਪੰਜਾਬ’ ਚਾਹੀਦਾ ਹੈ: ਨਿਤਿਨ ਨਬੀਨ

Ravinder Sharma Picture
Published On

ਮਾਧੋਪੁਰ (ਪਠਾਨਕੋਟ) (ਰਾਜਨ ਮਾਨ)। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਨਿਤਿਨ ਨਬੀਨ ਨੇ ਅੱਜ ਏਕਤਾ ਸਥਲ, ਮਾਧੋਪੁਰ, ਪਠਾਨਕੋਟ ਤੋਂ ਪਹਿਲੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ‘ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ’ ਦੇ ਸੰਕਲਪ ਸ਼ੁਰੂ ਹੋਈ ਨਸ਼ਾ ਮੁਕਤ ਯਾਤਰਾ 30 ਸਤੰਬਰ ਨੂੰ ਜਲੰਧਰ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਨਿਤਿਨ ਨਬੀਨ ਨੇ ਜਿੱਥੇ ਨਸ਼ਿਆਂ ਖਿਲਾਫ਼ ਫੈਸਲਾਕੁਨ ਲੜਾਈ ਲੜਨ ਦਾ ਸੱਦਾ ਦਿੱਤਾ। ਉੱਥੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਕੌਮੀ ਉੱਪ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨਸ਼ਿਆਂ ਖਿਲਾਫ਼ ਲੜਾਈ ਨੂੰ ਲੋਕ ਅੰਦੋਲਨ ਬਣਾਉਣ ਦੀ ਗੱਲ ਕਹੀ।

ਇਸ ਮੌਕੇ ਨਿਤਿਨ ਨਬੀਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ‘ਉੱਡਦਾ ਪੰਜਾਬ’ ਨਹੀਂ ‘ਉੱਭਰਦਾ ਪੰਜਾਬ’ ਚਾਹੀਦਾ ਹੈ, ਜਿਨ੍ਹਾਂ ਲੋਕਾਂ ਨੇ ਸੱਤਾ ਦੇ ਜ਼ੋਰ ’ਤੇ ਭ੍ਰਿਸ਼ਟਾਚਾਰ ਅਤੇ ਅਮਨ-ਕਾਨੂੰਨ ਦੀ ਹਾਲਤ ਨੂੰ ਖ਼ਰਾਬ ਕਰਕੇ ਪੰਜਾਬ ਨੂੰ ਨਸ਼ੇ ਨਾਲ ਬਰਬਾਦ ਕੀਤਾ, ਉਨ੍ਹਾਂ ਖਿਲਾਫ਼ ਫੈਸਲਾਕੁਨ ਲੜਾਈ ਕਰਨ ਦਾ ਸਮਾਂ ਆ ਗਿਆ ਹੈ ।

Read Also : UPI 'ਤੇ ਵਾਧੂ ਚਾਰਜਾਂ ਖਿਲਾਫ਼ ਜਲੰਧਰ ਤੇ ਪਠਾਨਕੋਟ 'ਚ ਆਪ ਦਾ ਪ੍ਰਦਰਸ਼ਨ, ਆਪ ਕਰਮਚਾਰੀਆਂ ਨੇ ਮੋਦੀ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ, ਫੂਕਿਆ ਪੁਤਲਾ

ਭਾਰਤੀ ਜਨਤਾ ਪਾਰਟੀ ਦੇ ਨਸ਼ੇ ਖਿਲਾਫ਼ ਲੜਾਈ ਦਾ ਮੂਲ-ਮੰਤਰ ਸਾਂਝਾ ਕਰਦਿਆਂ ਨਿਤਿਨ ਨਬੀਨ ਨੇ ਕਿਹਾ ਕਿ ਨਸ਼ਾ ਤਸਕਰਾਂ ’ਤੇ ਵਾਰ, ਨਸ਼ਾ ਸਪਲਾਈ ਨੈੱਟਵਰਕ ਨੂੰ ਤੋੜਨਾ, ਡਰੱਗ ਮਨੀ ਨੂੰ ਜ਼ਬਤ ਕਰਨਾ, ਨਸ਼ੇ ਦੇ ਸ਼ਿਕਾਰ ਲੋਕਾਂ ਦਾ ਮੁੜ ਵਸੇਬਾ ਕਰਨਾ ਅਤੇ ਸਮਾਜ ਦੇ ਸਹਿਯੋਗ ਨਾਲ ਨਸ਼ੇ ਖਿਲ਼ਾਫ ਲ਼ੜਾਈ ਨੂੰ ਅੱਗੇ ਤੋਰਿਆ ਜਾਵੇਗਾ । ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬਹੁਤ ਖਾਸ ਹੈ, ਉਹ ਪੰਜਾਬ ਦੇ ਘਰ-ਘਰ ਦੇ ਦਰਦ ਨਾਲ ਜੁੜਨ ਆਏ ਹਨ ਨਿਤਿਨ ਨਬੀਨ ਨੇ ਕਿਹਾ ਕਿ ਸੂਬੇ ’ਚ ਸੱਤਾ ਵਿੱਚ ਬੈਠੈ ਲੋਕਾਂ ਨੇ ਪੰਜਾਬ ਦੀ ਪਛਾਣ ਨੂੰ ਬਦਲਣ ਦਾ ਕੰਮ ਕੀਤਾ, ਸਾਡੀਆ ਪੀੜ੍ਹੀਆਂ ਨੂੰ ਖਤਮ ਕਰਨ ਦਾ ਕੰਮ ਕੀਤਾ। ਪੰਜਾਬ ਦੀ ਆਪ ਸਰਕਾਰ ਨੇ ਨਸ਼ੇ ਖਿਲਾਫ਼ ਲੜਾਈ ਨੂੰ ਸੱਤਾ ਦੀ ਚਾਬੀ ਸਮਝਿਆ, ਲੋਕਾਂ ਦਾ ਦਰਦ ਨਹੀਂ ਮੰਨਿਆ।

ਉਨ੍ਹਾਂ ਕਿਹਾ ਕਿ ਨਸ਼ੇ ਵਿਰੁੱਧ ਅਵਾਜ਼ ਉਠਾਉਣ ਵਾਲਾ ਦਲਿਤ ਭਰਾ ਸਰਕਾਰ ਦੀ ਜ਼ਿਆਦਤੀ ਕਾਰਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਇਆ । ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਆਮ ਆਦਮੀ ਦੇ ਵਰਕਰਾਂ ਵੱਲੋਂ ਰੋਕਿਆ ਗਿਆ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨਸ਼ੇ ਦੇ ਨੈਟਵਰਕ ਨੂੰ ਤੋੜਨ ਦੀ ਬਜਾਏ ਨਸ਼ਾ ਪੀੜਤ ਪਰਿਵਾਰਾਂ ਦੇ ਮਨੋਬਲ ਨੂੰ ਤੋੜਨ ਦਾ ਕੰਮ ਕੀਤਾ ।

ਇਸ ਮੌਕੇ ਬੋਲਦਿਆਂ ਪਾਰਟੀ ਦੇ ਕੌਮੀ ਉਪ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਆਪਣੀ ਪਛਾਣ ਗੁਆਉਂਦਾ ਜਾ ਰਿਹਾ ਹੈ। ਪੰਜਾਬ ਦੀ ਜੋ ਤਸਵੀਰ ਪਹਿਲਾਂ ਹੁੰਦੀ ਸੀ, ਹੁਣ ਉਹ ਤਸਵੀਰ ਨਹੀਂ ਰਹੀ। ਇਸ ਮੌਕੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸ਼ਿਆਮ ਪ੍ਰਸਾਦ ਮੁਖਰਜੀ ਨਾਲ ਸਬੰਧਤ ਇਤਿਹਾਸਕ ਸਥਾਨ ਤੋਂ ਯਾਤਰਾ ਸ਼ੁਰੂ ਕਰਕੇ ਭਾਜਪਾ ਨੇ ਨਸ਼ਿਆਂ ਖਿਲਾਫ਼ ਲੋਕ ਅੰਦੋਲਨ ਸ਼ੁਰੂ ਕੀਤਾ ਹੈ। ਇਸ ਦਾ ਬੈਨਰ ਸਿਆਸੀ ਹੋ ਸਕਦਾ ਹੈ, ਪਰ ਸਮੱਸਿਆ ਘਰ-ਘਰ ਦੀ ਹੈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸੰਸਦੀ ਕਮੇਟੀ ਮੈਂਬਰ ਇਕਬਾਲ ਸਿੰਘ ਲਾਲਪੁਰਾ, ਸਾਬਕਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਪੰਜਾਬ ਮਨੋਰੰਜਨ ਕਾਲੀਆ, ਮੁਕੇਰੀਆਂ ਤੋਂ ਵਿਧਾਇਕ ਜੰਗੀ ਲਾਲ ਮਹਾਜਨ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ ਨੇ ਵੀ ਸੰਬੋਧਨ ਕੀਤਾ। 

ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਤੀਸ਼ ਪੂਨੀਆ, ਸਹਿ ਇੰਚਾਰਜ ਸੌਦਾਨ ਸਿੰਘ, ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰੈਣਾ, ਰਾਜ ਸਭਾ ਮੈਂਬਰ ਤਰੁਣ ਚੁੱਘ, ਰਾਜ ਸਭਾ ਮੈਂਬਰ ਬਿਕਰਮਜੀਤ ਸਾਹਨੀ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਭਾਜਪਾ ਦੇ ਜਨਰਲ ਸਕੱਤ ਅਨਿਲ ਸਰੀਨ, ਰਾਜ ਸਭਾ ਮੈਂਬਰ ਰਾਘਵ ਚੱਢਾ,  ਪੰਜਾਬ ਭਾਜਪਾ ਮਹਿਲਾ ਵਿੰਗ ਪ੍ਰਧਾਨ ਜੈਇੰਦਰ ਕੌਰ,  ਅਮਨਜੋਤ ਕੌਰ ਰਾਮੂਵਾਲੀਆ, ਸਾਬਕਾ ਵਿਧਾਇਕ ਅਸ਼ਵਨੀ ਸ਼ੇਖੜੀ ਸਣੇ ਹੋਰ ਕਈ ਆਗੂ ਹਾਜ਼ਰ ਸਨ।

ਦੋ ਸਾਲਾਂ ’ਚ ਨਸ਼ੇ ਦੀ ਜੜ੍ਹ ਮੁਕਾ ਦਿਆਂਗੇ: ਕੇਵਲ ਢਿੱਲੋਂ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਇਕੱਠ ਕੋਈ ਸਿਆਸੀ ਰੈਲੀ ਨਹੀਂ ਹੈ, ਸਗੋਂ ਅਸੀਂ ਮਾਵਾਂ-ਭੈਣਾਂ ਦੇ ਦੁੱਖ ਵੰਡਾਉਣ ਆਏ ਹਾਂ। ਉਨ੍ਹਾਂ ਕਿਹਾ ਕਿ ਇਹ ਲੋਕ ਅੰਦੋਲਨ ਹੈ, ਜਿਸ ਤਹਿਤ ਅਸੀਂ 117 ਹਲਕਿਆਂ ’ਚ ਘਰ-ਘਰ ਜਾਵਾਂਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਕਲਪ ਮੁਤਾਬਕ ਅਗਲੇ ਦੋ ਸਾਲਾਂ ’ਚ ਨਸ਼ੇ ਨੂੰ ਜੜ੍ਹੋਂ ਮੁਕਾਵਾਂਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਤਿੰਨ ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕੀਤਾ ਸੀ, ਪਰ ਹੁਣ ਹਾਲਾਤ ਇਹ ਹੈ ਕਿ ਇੱਥੇ ਪੀਜ਼ੇ ਦੀ ਡਲਿਵਰੀ ਲੇਟ ਹੋ ਸਕਦੀ ਹੈ, ਪਰ ਚਿੱਟੇ ਦੀ ਨਹੀਂ।

About The Author

Related Posts