Baba Farid Festival: 57ਵੇਂ ਬਾਬਾ ਫਰੀਦ ਆਗਮਨ ਪੁਰਬ ’ਤੇ ਦੋ ਪ੍ਰਮੁੱਖ ਸਨਮਾਨਾਂ ਦਾ ਐਲਾਨ
ਜਸਵਿੰਦਰ ਸਿੰਘ ਖਾਲਸਾ ਨੂੰ ‘ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ’ ਤੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਨੂੰ ‘ਸ. ਇੰਦਰਜੀਤ ਸਿੰਘ ਖਾਲਸਾ ਯਾਦਗਰੀ ਅਵਾਰਡ’
(ਗੁਰਪ੍ਰੀਤ ਪੱਕਾ) ਫ਼ਰੀਦਕੋਟ। 57ਵਾਂ ਬਾਬਾ ਫਰੀਦ ਆਗਮਨ ਪੁਰਬ ਇਸ ਵਾਰ 19 ਤੋਂ 23 ਸਤੰਬਰ ਤੱਕ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਰੰਗਤ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦਿੱਤੇ ਜਾਣ ਵਾਲੇ ਦੋ ਪ੍ਰਮੁੱਖ ਸਨਮਾਨਾਂ ਲਈ ਸਨਮਾਨਿਤ ਕੀਤੇ ਜਾਣ ਵਾਲੀਆਂ ਸ਼ਖ਼ਸੀਅਤ ਅਤੇ ਸੰਸਥਾ ਦਾ ਐਲਾਨ ਕਰ ਦਿੱਤਾ ਗਿਆ ਹੈ। ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਹੋਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਇਸ ਸਾਲ ‘ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ’ ਨਾਲ ਸ. ਜਸਵਿੰਦਰ ਸਿੰਘ ਖਾਲਸਾ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Cyber Crime Awareness: ਬੈਂਕ ਯੋਜਨਾਵਾਂ ਅਤੇ ਸਾਈਬਰ ਠੱਗੀ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਸ. ਸੇਖੋਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਖਾਲਸਾ ਵੱਲੋਂ ਮਨੁੱਖਤਾ ਦੀ ਭਲਾਈ, ਸਿੱਖਿਆ ਦੇ ਪ੍ਰਸਾਰ, ਗਰੀਬ ਅਤੇ ਵੰਚਿਤ ਬੱਚਿਆਂ ਦੇ ਉਥਾਨ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਲੰਬੇ ਸਮੇਂ ਤੋਂ ਮਹੱਤਵਪੂਰਨ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੀਆਂ ਪ੍ਰਮੁੱਖ ਪਹਿਲਕਦਮੀਆਂ ਵਿੱਚ ‘ਐਜੂਕੇਟ ਪੰਜਾਬ ਪ੍ਰੋਜੈਕਟ’ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਖਾਲਸਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਸਿਰਫ਼ ਵਿੱਤੀ ਸਹਾਇਤਾ ਤੱਕ ਸੀਮਤ ਨਹੀਂ ਹਨ, ਸਗੋਂ ਬੱਚਿਆਂ ਨੂੰ ਸਿੱਖਿਆ, ਮੌਕੇ, ਸਨਮਾਨ, ਆਤਮ-ਵਿਸ਼ਵਾਸ ਅਤੇ ਬਿਹਤਰ ਭਵਿੱਖ ਪ੍ਰਦਾਨ ਕਰਨ ਦੇ ਉਦੇਸ਼ ਨਾਲ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ।
25 ਸਾਲਾਂ ਤੋਂ ਅੱਖਾਂ ਦੇ ਮਰੀਜ਼ਾਂ ਦੀ ਸੇਵਾ ਕਰ ਰਹੀ ਹੈ ਸੰਸਥਾ
ਇਸੇ ਤਰ੍ਹਾਂ ‘ਸ. ਇੰਦਰਜੀਤ ਸਿੰਘ ਖਾਲਸਾ ਯਾਦਗਰੀ ਐਵਾਰਡ’ ਲਈ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਦੀ ਚੋਣ ਕੀਤੀ ਗਈ ਹੈ। ਸ. ਸੇਖੋਂ ਨੇ ਦੱਸਿਆ ਕਿ ਸੰਸਥਾ ਵੱਲੋਂ ਪਿਛਲੇ ਕਰੀਬ 25 ਸਾਲਾਂ ਤੋਂ ਅੱਖਾਂ ਦਾ ਚੈਰੀਟੇਬਲ ਹਸਪਤਾਲ ਚਲਾਇਆ ਜਾ ਰਿਹਾ ਹੈ, ਜਿੱਥੇ ਹਰ ਰੋਜ਼ ਲਗਭਗ 350 ਤੋਂ 400 ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸਾਲ 2025-26 ਦੌਰਾਨ ਹਸਪਤਾਲ ਵਿੱਚ 79,010 ਮਰੀਜ਼ਾਂ ਦੀ ਜਾਂਚ ਕੀਤੀ ਗਈ। ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦੇ ਵਾਰਿਸਾਂ ਲਈ ਮੁਫ਼ਤ ਲੰਗਰ ਅਤੇ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸੰਸਥਾ ਵੱਲੋਂ ਸਮੇਂ-ਸਮੇਂ ’ਤੇ ਖੂਨਦਾਨ ਕੈਂਪ, ਬਵਾਸੀਰ ਕੈਂਪ, ਹੋਮਿਓਪੈਥੀ ਕੈਂਪ, ਫਿਜ਼ਿਓਥੈਰੇਪੀ ਕੈਂਪ ਅਤੇ ਹੋਰ ਸਿਹਤ ਸੇਵਾ ਕੈਂਪ ਲਗਾ ਕੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਲੋੜਵੰਦ ਬੱਚਿਆਂ ਦੀ ਵੀ ਸਮੇਂ-ਸਮੇਂ ’ਤੇ ਸਹਾਇਤਾ ਕੀਤੀ ਜਾਂਦੀ ਹੈ। ਸ. ਸਿਮਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਦੋਵੇਂ ਸਨਮਾਨ 23 ਸਤੰਬਰ ਨੂੰ ਬਾਬਾ ਫਰੀਦ ਆਗਮਨ ਪੁਰਬ ਦੇ ਆਖਰੀ ਦਿਨ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ ਸ. ਚਰਨਜੀਤ ਸਿੰਘ ਸੇਖੋਂ, ਸ. ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਸ. ਦੀਪਇੰਦਰ ਸਿੰਘ ਸੇਖੋਂ, ਸ. ਕੁਲਜੀਤ ਸਿੰਘ ਮੌਗੀਆਂ, ਸ. ਗੁਰਜਾਪ ਸਿੰਘ ਸੇਖੋਂ ਅਤੇ ਸ. ਨਰਿੰਦਰ ਪਾਲ ਸਿੰਘ ਬਰਾੜ ਵੀ ਹਾਜ਼ਰ ਸਨ।