Patiala News: ਪਟਿਆਲਾ ’ਚ ਸੜਕਾਂ, ਸਫ਼ਾਈ ਤੇ ਪਾਣੀ ਖੜ੍ਹਨ ਸਬੰਧੀ ਸ਼ਿਕਾਇਤਾਂ ਲਈ 24x7 ਵਟਸਐਪ ਹੈਲਪਲਾਈਨ ਜਾਰੀ

ਪਟਿਆਲਾ ’ਚ ਸੜਕਾਂ, ਸਫ਼ਾਈ ਤੇ ਪਾਣੀ ਖੜ੍ਹਨ ਸਬੰਧੀ ਸ਼ਿਕਾਇਤਾਂ ਲਈ 24x7 ਵਟਸਐਪ ਹੈਲਪਲਾਈਨ ਜਾਰੀ

Khushdeep Singh Picture
Published On

ਪਟਿਆਲਾ (ਸੱਚ ਕਹੂੰ ਨਿਊਜ਼/ਹਿੰ.ਸ.)। ਪਟਿਆਲਾ ਸ਼ਹਿਰ ’ਚ ਟੁੱਟੀਆਂ ਸੜਕਾਂ, ਸਫ਼ਾਈ ਦੀ ਘਾਟ, ਬਰਸਾਤ ਤੋਂ ਬਾਅਦ ਪਾਣੀ ਖੜ੍ਹਨ ਤੇ ਖਾਲੀ ਪਲਾਟਾਂ ਵਿੱਚ ਕੂੜਾ-ਕਰਕਟ ਸੁੱਟਣ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 24 ਘੰਟੇ, 7 ਦਿਨ ਕਾਰਜਸ਼ੀਲ ਵਟਸਐਪ ਹੈਲਪਲਾਈਨ ਨੰਬਰ 95920-03366 ਜਾਰੀ ਕੀਤਾ ਗਿਆ ਹੈ। ਲੋਕ ਇਸ ਨੰਬਰ ’ਤੇ ਸਬੰਧਤ ਸਥਾਨ ਦੀ ਲੋਕੇਸ਼ਨ ਤੇ ਫੋਟੋਆਂ ਭੇਜ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਸ਼ਿਕਾਇਤਾਂ ਦੀ ਨਿਗਰਾਨੀ ਤੇ ਨਿਪਟਾਰੇ ਲਈ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਸ਼ਹਿਰ ’ਚ ਕੂੜਾ ਸੁੱਟੇ ਜਾਣ ਵਾਲੇ ਪਛਾਣੇ ਗਏ 172 ਮੁੱਖ ਸਥਾਨਾਂ ਦੀ ਗਿਣਤੀ ਘਟਾਉਣ ਲਈ ਯਤਨ ਤੇਜ਼ ਕੀਤੇ ਜਾਣ। ਉਨ੍ਹਾਂ ਖੁੱਲ੍ਹੇ ’ਚ ਕੂੜਾ ਸੁੱਟਣ ਵਾਲੇ ਰੈਸਟੋਰੈਂਟਾਂ, ਢਾਬਿਆਂ ਤੇ ਹੋਰ ਵਪਾਰਕ ਅਦਾਰਿਆਂ ਵਿਰੁੱਧ ਨਿਯਮਾਂ ਅਨੁਸਾਰ ਜੁਰਮਾਨੇ ਕਰਨ ਤੇ ਪ੍ਰਭਾਵਸ਼ਾਲੀ ਇਨਫੋਰਸਮੈਂਟ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। Patiala News

ਡਾ. ਅਗਰਵਾਲ ਨੇ ਕਿਹਾ ਕਿ ਖਾਲੀ ਪਲਾਟਾਂ ’ਚ ਗੰਦਗੀ, ਕੂੜਾ-ਕਰਕਟ ਤੇ ਪਾਣੀ ਖੜ੍ਹਨ ਸਬੰਧੀ ਸ਼ਿਕਾਇਤਾਂ ਵੀ ਹੈਲਪਲਾਈਨ ’ਤੇ ਭੇਜੀਆਂ ਜਾ ਸਕਦੀਆਂ ਹਨ। ਖਾਲੀ ਪਲਾਟ ਦੀ ਸਫ਼ਾਈ ਨਾ ਕਰਵਾਉਣ ਦੀ ਸੂਰਤ ’ਚ ਸਬੰਧਤ ਮਾਲਕ ਜਾਂ ਕਾਬਜ਼ ਨੂੰ ਨਿਯਮਾਂ ਅਨੁਸਾਰ ਜੁਰਮਾਨਾ ਲਾਉਣ ਦੇ ਨਾਲ ਸਫ਼ਾਈ ’ਤੇ ਆਇਆ ਖਰਚਾ ਵੀ ਵਸੂਲਿਆ ਜਾਵੇਗਾ। ਭੁਗਤਾਨ ਨਾ ਹੋਣ ’ਤੇ ਮਾਲ ਰਿਕਾਰਡ ’ਚ ਸਬੰਧਤ ਜਾਇਦਾਦ ਵਿਰੁੱਧ ਐਂਟਰੀ ਦਰਜ ਕੀਤੀ ਜਾਵੇਗੀ। ਇਸ ਸਬੰਧੀ ਕਾਰਵਾਈ 21 ਸਤੰਬਰ 2026 ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਮੁੱਖ ਚੌਕਾਂ ਦੀ ਸਫ਼ਾਈ ਤੇ ਸੁੰਦਰੀਕਰਨ, ਕੂੜਾ ਛਾਂਟਣ ਤੇ ਰੀਸਾਈਕਲਿੰਗ ਕੇਂਦਰਾਂ, ਘਰ-ਘਰ ਕੂੜਾ ਇਕੱਠਾ ਕਰਨ ਤੇ ਬਾਇਓ-ਮਾਈਨਿੰਗ ਰਾਹੀਂ ਕੂੜਾ ਨਿਪਟਾਰੇ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕੂੜਾ ਰਾਤ ਸਮੇਂ ਵੀ ਚੁੱਕਿਆ ਜਾਵੇ ਅਤੇ ਜਿੱਥੇ ਵੱਡੀ ਮਾਤਰਾ ’ਚ ਕੂੜਾ ਸੁੱਟਿਆ ਜਾਂਦਾ ਹੈ, ਉੱਥੇ ਸੀਸੀਟੀਵੀ ਕੈਮਰੇ ਲਾ ਕੇ ਉਲੰਘਣਾ ਕਰਨ ਵਾਲਿਆਂ ਦੀ ਪਛਾਣ ਕੀਤੀ ਜਾਵੇ।

ਇਹ ਵੀ ਪੜ੍ਹੋ : TMC Election Symbol: ਤ੍ਰਿਣਮੂਲ ਕਾਂਗਰਸ ਦੇ ਚੋਣ ਚਿੰਨ੍ਹ ਨੂੰ ਫ੍ਰੀਜ਼ ਕਰਨ 'ਤੇ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ 'ਤੇ ਸਵਾਲ ਉਠਾਏ

ਉਨ੍ਹਾਂ ਅਬਲੋਵਾਲ ਡੇਅਰੀ ਪ੍ਰੋਜੈਕਟ ਨਾਲ ਸਬੰਧਤ ਰਹਿੰਦੀ ਸੜਕ ਦਾ ਨਿਰਮਾਣ 30 ਸਤੰਬਰ ਤੱਕ ਮੁਕੰਮਲ ਕਰਨ ਤੇ ਸ਼ਹਿਰ ਦੀਆਂ ਡੇਅਰੀਆਂ ਨੂੰ ਇੱਥੇ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ। ਗਊ ਸੈੱਸ ਦੀ ਵਸੂਲੀ ਦੀ ਸਮੀਖਿਆ ਕਰਦਿਆਂ ਉਨ੍ਹਾਂ ਪੈਟਰੋਲ-ਡੀਜ਼ਲ, ਇਸ਼ਤਿਹਾਰਬਾਜ਼ੀ, ਰੈਂਟ/ਲੀਜ਼, ਸੀਮਿੰਟ, ਰੇਤਾ-ਬਜਰੀ ਤੇ ਮੈਰਿਜ ਪੈਲੇਸਾਂ ਤੋਂ ਨਿਯਮਤ ਵਸੂਲੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਰਾਜਿੰਦਰਾ ਝੀਲ ਦੇ ਸੁੰਦਰੀਕਰਨ ਕੰਮਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ ਗਏ। ਇਸ ਤੋਂ ਇਲਾਵਾ ਸ਼ਹਿਰੀ ਵਿਕਾਸ, ਪਾਰਕਾਂ, ਸਟਰੀਟ ਲਾਈਟਾਂ, ਆਵਾਜਾਈ ਪ੍ਰਬੰਧਨ, ਅਵਾਰਾ ਪਸ਼ੂਆਂ ਤੇ ਹੋਰ ਲੋਕ-ਸਹੂਲਤਾਂ ਨਾਲ ਸਬੰਧਤ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ’ਚ ਪਟਿਆਲਾ ਡਿਵੈਲਪਮੈਂਟ ਅਥਾਰਟੀ ਦੀ ਮੁੱਖ ਪ੍ਰਸ਼ਾਸਕ ਅਪਰਨਾ ਐਮਬੀ, ਓਐਸਡੀ ਸ਼ਹਿਰੀ ਵਿਕਾਸ ਮੁਕਲਿਨ ਆਰ, ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

About The Author

Related Posts