UPI Payment Update: ਨਹੀਂ ਲਵਾਂਗੇ ਯੂਪੀਆਈ ਭੁਗਤਾਨ, ਵਪਾਰੀਆਂ ਨੇ ਦੁਕਾਨਾਂ ਦੇ ਬਾਹਰ ਲਾਏ ਨੋਟਿਸ
ਐੱਮਡੀਆਰ ਸਬੰਧੀ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਲਾਏ ਨੋਟਿਸ
ਗਾਜ਼ੀਆਬਾਦ (ਬਿਊਰੋ)। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਨੋਟਿਸ ਲਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਵਿੱਚ ਲਿਖਿਆ ਹੈ, ‘ਅਸੀਂ ਯੂਪੀਆਈ ਭੁਗਤਾਨ ਸਵੀਕਾਰ ਨਹੀਂ ਕਰਾਂਗੇ।’ ਉਹ 15 ਅਕਤੂਬਰ ਤੋਂ ਲਾਗੂ ਹੋਣ ਵਾਲੇ 2,000 ਰੁਪਏ ਤੋਂ ਵੱਧ ਦੇ ਚੋਣਵੇਂ ਯੂਪੀਆਈ ਲੈਣ-ਦੇਣ ’ਤੇ ਪ੍ਰਸਤਾਵਿਤ ਵਪਾਰੀ ਛੋਟ ਦਰ (ਐੱਮਡੀਆਰ) ਦਾ ਵਿਰੋਧ ਕਰ ਰਹੇ ਹਨ।
ਨਵੇਂ ਯੂਪੀਆਈ ਨਿਯਮਾਂ ਅਨੁਸਾਰ 2,000 ਰੁਪਏ ਤੋਂ ਵੱਧ ਦੇ ‘ਵਿਅਕਤੀ ਤੋਂ ਵਪਾਰੀ’ ਯੂਪੀਆਈ ਲੈਣ-ਦੇਣ ’ਤੇ 0.4 ਫੀਸਦੀ ਐੱਮਡੀਆਰ ਲਾਗੂ ਹੋਵੇਗਾ। 75,000 ਹਜ਼ਾਰ ਜਾਂ ਇਸ ਤੋਂ ਵੱਧ ਦੇ ਭੁਗਤਾਨਾਂ ਲਈ ਵੱਧ ਤੋਂ ਵੱਧ ਫੀਸ 300 ਰੁਪਏ ਤੱਕ ਸੀਮਤ ਕੀਤੀ ਗਈ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਸਮੇਤ ਹੋਰ ਆਗੂਆਂ ਨੇ ਹਾਲ ਹੀ ਵਿੱਚ ਇਸ ਮੁੱਦੇ ’ਤੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਰਾਹੁਲ ਗਾਂਧੀ ਨੇ ਇਸ ਨੂੰ ਅਮਰੀਕੀ ਦਬਾਅ ਅੱਗੇ ਸਮਰਪਣ ਦੱਸਿਆ।
Read Also : ਕੇਂਦਰ ਨੇ 14 ਨਵੇਂ ਜੱਜਾਂ ਦੀ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ
ਵਪਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਐੱਮਡੀਆਰ ਵਪਾਰੀਆਂ ਤੋਂ ਵਸੂਲੀ ਜਾਵੇਗੀ, ਪਰ ਇਹ ਵਾਧੂ ਫੀਸ ਅੰਤ ਵਿੱਚ ਗਾਹਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਵਪਾਰੀ ਹੁਣ ਗਾਹਕਾਂ ਨੂੰ 15 ਅਕਤੂਬਰ ਤੋਂ ਖਰੀਦਦਾਰੀ ਕਰਦੇ ਸਮੇਂ ਨਗਦੀ ਆਪਣੇ ਨਾਲ ਰੱਖਣ ਦੀ ਸਲਾਹ ਦੇ ਰਹੇ ਹਨ, ਖਾਸ ਕਰਕੇ 2,000 ਰੁਪਏ ਤੋਂ ਵੱਧ ਦੇ ਲੈਣ-ਦੇਣ ਲਈ।