Amritsar News: ਜਨਰੇਟਰ ਦੇ ਧੂੰਏਂ ਨੇ ਲਈ ਬਜ਼ੁਰਗ ਦੀ ਜਾਨ, 4 ਦੀ ਹਾਲਤ ਗੰਭੀਰ
ਬੰਦ ਕਮਰੇ ’ਚ ਜਨਰੇਟਰ ਚੱਲਣ ਕਾਰਨ ਪੰਜੇ ਬੇਹੋਸ਼, ਹਸਪਤਾਲ ’ਚ ਇਲਾਜ ਦੌਰਾਨ ਇੱਕ ਦੀ ਮੌਤ
ਅੰਮ੍ਰਿਤਸਰ (ਰਾਜਨ ਮਾਨ/ਹਿੰ.ਸ.)। ਅੰਮ੍ਰਿਤਸਰ ਦੇ ਮਹਾਨ ਸਿੰਘ ਗੇਟ ਇਲਾਕੇ ਵਿੱਚ ਸੋਮਵਾਰ ਰਾਤ ਜਨਰੇਟਰ ਦੇ ਧੂੰਏਂ ਕਾਰਨ ਇੱਕ ਬਜ਼ੁਰਗ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਚਾਰਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਮਹਾਨ ਸਿੰਘ ਗੇਟ ਇਲਾਕੇ ਵਿੱਚ ਮਸ਼ਹੂਰ ਗਾਂਧੀ ਬ੍ਰਦਰ ਲੁਧਿਆਣਾ ਘੰਟਾ ਘਰ ਵਾਲਿਆਂ ਦੀ ਲਾਟਰੀ ਦੀ ਦੁਕਾਨ ਹੈ। ਦੁਕਾਨ ਦੀ ਤੀਜੀ ਮੰਜ਼ਿਲ ’ਤੇ ਇੱਕ ਬੰਦ ਕਮਰੇ ਵਿੱਚ ਜਨਰੇਟਰ ਰੱਖਿਆ ਹੋਇਆ ਸੀ। ਸੋਮਵਾਰ ਰਾਤ ਨੂੰ ਇਸੇ ਕਮਰੇ ਵਿੱਚ ਪੰਜ ਵਿਅਕਤੀ ਬੈਠ ਕੇ ਖਾਣਾ ਖਾ ਰਹੇ ਸਨ।
ਜਨਰੇਟਰ ਦੇ ਧੂੰਏਂ ਕਾਰਨ ਕਮਰੇ ਵਿੱਚ ਮੌਜੂਦ ਪੰਜਾਂ ਵਿਅਕਤੀਆਂ ਦੀ ਅਚਾਨਕ ਤਬੀਅਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਇਲਾਜ ਦੌਰਾਨ ਖਾਸਾ, ਅੰਮ੍ਰਿਤਸਰ ਦੇ ਰਹਿਣ ਵਾਲੇ 55 ਸਾਲਾ ਜੋਗਿੰਦਰ ਸਿੰਘ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹੀਰਾ ਲਾਲ, ਸੁਖਦੇਵ, ਆਸ਼ੀਸ਼ ਦੀਪ ਅਤੇ ਜਗਜੀਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
Read Also : Punjab Congress ’ਚ ਅੰਦਰੂਨੀ ਖਿੱਚੋਤਾਣ ਵਿਚਾਲੇ Sachin Pilot ਦਾ ਪਹਿਲਾ ਦੌਰਾ ਅੱਜ ਤੋਂ
ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ। ਜਾਣਕਾਰੀ ਮਿਲਣ ’ਤੇ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਬੰਧੀ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਜਨਰੇਟਰ ਤੋਂ ਨਿਕਲੇ ਧੂੰਏਂ ਕਾਰਨ ਪੈਦਾ ਹੋਏ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।