Punjab
Amritsar Crime News: ਅੰਮ੍ਰਿਤਸਰ ਪੁਲਿਸ ਨੇ ਚਾਰ ਪੈਟਰੋਲ ਬੰਬਾਂ ਤੇ 3 ਪਸਤੌਲਾਂ ਸਮੇਤ 9 ਮੁਲਜ਼ਮਾਂ ਨੂੰ ਕੀਤਾ ਕਾਬੂ
ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ
Amritsar Crime News: ਅੰਮ੍ਰਿਤਸਰ (ਸੱਚ ਕਹੂੰ ਨਿਊਜ਼/ਹਿੰ.ਸ.)। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਆਈਐਸਆਈ ਦੀ ਹਮਾਇਤ ਵਾਲੇ ਦੋ ਸਰਹੱਦ ਪਾਰਲੇ ਅੱਤਵਾਦੀ ਮੋਡਿਊਲਾਂ ਦਾ ਪਰਦਾਫਾਸ਼ ਕਰਕੇ ਚਾਰ ਨਾਬਾਲਗਾਂ ਸਮੇਤ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਕਬਜ਼ੇ ’ਚੋਂ 9 ਜ਼ਿੰਦਾ ਕਾਰਤੂਸਾਂ ਸਮੇਤ ਤਿੰਨ ਗੈਰ-ਕਾਨੂੰਨੀ ਪਸਤੌਲ ਤੇ ਚਾਰ ਪੈਟਰੋਲ ਬੰਬ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਵੰਸ਼ ਕੁਮਾਰ (19) ਤੇ ਅਨਮੋਲ ਸਿੰਘ ਉਰਫ਼ ਸਾਹਿਲ (20) ਦੋਵੇਂ ਵਾਸੀ ਪੱਟੀ (ਤਰਨ ਤਾਰਨ), ਹਰਮਨ ਸਿੰਘ ਉਰਫ਼ ਹੰਮੂ (24) ਤੇ ਸੁਖਦੇਵ ਸਿੰਘ (30) ਦੋਵੇਂ ਵਾਸੀ ਪਿੰਡ ਝੰਜੋਟੀ (ਅੰਮ੍ਰਿਤਸਰ), ਸੁਖਮਨ ਸਿੰਘ (19) ਵਾਸੀ ਪਿੰਡ ਜੋਥ (ਅੰਮ੍ਰਿਤਸਰ) ਵਜੋਂ ਹੋਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ’ਚ ਚਾਰ ਨਾਬਾਲਗ ਵੀ ਸ਼ਾਮਲ ਹੈ।
ਪਸਤੌਲਾਂ ਤੇ ਪੈਟਰੋਲ ਬੰਬਾਂ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮਾਂ ਨੇ ਮੁਲਜ਼ਮਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ, ਜਿਸ ਦੀ ਵਰਤੋਂ ਉਹ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕਰ ਰਹੇ ਸਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਤੋਂ ਖੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਅਧਾਰਤ ਆਈਐਸਆਈ ਹੈਂਡਲਰਾਂ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ, ਜੋ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ, ਸੁਰੱਖਿਆ ਅਦਾਰਿਆਂ ਦੀ ਰੇਕੀ ਕਰਨ, ਗੈਰ-ਕਾਨੂੰਨੀ ਹਥਿਆਰ ਮੁਹੱਈਆ ਕਰਵਾਉਣ ਤੇ ਅਮਨ-ਸ਼ਾਂਤੀ ਭੰਗ ਕਰਨ ਲਈ ਸਥਾਨਕ ਨੌਜਵਾਨਾਂ ਨੂੰ ਭਰਤੀ ਕਰਦੇ ਸਨ। ਡੀਜੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਰੇਲਵੇ ਟਰੈਕਾਂ ਦੇ ਨੇੜੇ ਸਰਵੇਲੈਂਸ ਕੈਮਰੇ ਲਾਉਣ ਦਾ ਵੀ ਪਤਾ ਲੱਗਿਆ ਹੈ, ਜਿਨ੍ਹਾਂ ਦੀ ਫੁਟੇਜ ਵਿਦੇਸ਼ੀ ਹੈਂਡਲਰਾਂ ਨਾਲ ਸਾਂਝੀ ਕੀਤੀ ਜਾ ਰਹੀ ਸੀ। Amritsar Crime News
ਇਹ ਵੀ ਪੜ੍ਹੋ : Punjab Bus Strike: ਪੰਜਾਬ ’ਚ ਸਰਕਾਰ ਦੇ ਭਰੋਸੇ ਤੋਂ ਬਾਅਦ ਬੱਸ ਮੁਲਾਜ਼ਮਾਂ ਦੀ ਹੜਤਾਲ ਖਤਮ
ਉਨ੍ਹਾਂ ਦੱਸਿਆ ਕਿ ਆਈਐਸਆਈ ਸਮਰਥਿਤ ਨੈੱਟਵਰਕ ਦੇ ਬਾਕੀ ਮੈਂਬਰਾਂ ਦੀ ਪਛਾਣ ਕਰਨ, ਅਗਲੇ-ਪਿਛਲੇ ਸਬੰਧਾਂ ਤੇ ਵਿੱਤੀ ਲੈਣ-ਦੇਣ ਦਾ ਪਤਾ ਲਾਉਣ ਤੇ ਇਸ ਗਿਰੋਹ ਦੀ ਹੋਰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਦਾ ਪਰਦਾਫਾਸ਼ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਠੋਸ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਵੰਸ਼ ਕੁਮਾਰ ਨੂੰ ਉਸ ਦੇ ਇੱਕ ਨਾਬਾਲਗ ਸਾਥੀ ਸਮੇਤ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਇੱਕ ਗੈਰ-ਕਾਨੂੰਨੀ .32 ਬੋਰ ਦੇਸੀ ਪਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੇ ਖੁਲਾਸੇ ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਅਨਮੋਲ ਸਿੰਘ ਉਰਫ਼ ਸਾਹਿਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਮੁਲਜ਼ਮਾਂ ਨੂੰ ਬਰਾਮਦ ਕੀਤਾ ਹਥਿਆਰ ਸਪਲਾਈ ਕੀਤਾ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅੱਗੇ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਰੇਲਵੇ ਟਰੈਕਾਂ ਦੇ ਨੇੜੇ ਸਰਵੇਲੈਂਸ ਕੈਮਰੇ ਲਾਉਣ ਨਾਲ ਸਬੰਧਤ ਵਿੱਤੀ ਲੈਣ-ਦੇਣ ਪੇਟੀਐਮ ਰਾਹੀਂ ਜ਼ੇਲ੍ਹ ’ਚ ਬੰਦ ਸੁਖਦੇਵ ਸਿੰਘ ਵੱਲੋਂ ਹਰਮਨ ਸਿੰਘ ਉਰਫ਼ ਹੰਮੂ ਦੇ ਕਹਿਣ ’ਤੇ ਕੀਤਾ ਗਿਆ ਸੀ, ਜੋ ਦੋਵੇਂ ਕੇਂਦਰੀ ਜ਼ੇਲ੍ਹ, ਅੰਮ੍ਰਿਤਸਰ ’ਚ ਬੰਦ ਸਨ ਤੇ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਇਸ ਕੇਸ ’ਚ ਉਨ੍ਹਾਂ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੁਲਜ਼ਮ ਅਨਮੋਲ, ਉਸ ਦੇ ਸਾਥੀਆਂ ਤੇ ਰੇਲਵੇ ਟਰੈਕਾਂ ਦੇ ਨਾਲ ਲਾਏ ਗਏ ਸੀਸੀਟੀਵੀ ਕੈਮਰਿਆਂ ਨੂੰ ਅੱਗੇ ਦੀ ਜਾਂਚ ਤੇ ਲੋੜੀਂਦੀ ਕਾਨੂੰਨੀ ਕਾਰਵਾਈ ਲਈ ਰਸਮੀ ਤੌਰ ’ਤੇ ਗਵਰਨਮੈਂਟ ਰੇਲਵੇ ਪੁਲਿਸ (ਜੀਆਰਪੀ) ਦੇ ਹਵਾਲੇ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਸੁਖਦੇਵ ਸਿੰਘ ਤੇ ਹਰਮਨ ਸਿੰਘ ਉਰਫ਼ ਹੰਮੂ ਥਾਣਾ ਰਾਜਾਸਾਂਸੀ ਵਿਖੇ ਦਰਜ ਅਸਲਾ ਐਕਟ ਦੇ ਇੱਕ ਕੇਸ ’ਚ ਵੀ ਨਾਮਜ਼ਦ ਹਨ, ਜਿਸ ’ਚ ਉਨ੍ਹਾਂ ਦੇ ਕਬਜ਼ੇ ’ਚੋਂ ਚਾਰ ਗਲੋਕ ਪਸਤੌਲਾਂ ਬਰਾਮਦ ਹੋਈਆਂ ਸਨ। Amritsar Crime News
ਇੱਕ ਹੋਰ ਕਾਰਵਾਈ ’ਚ, ਸੀਪੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਠੋਸ ਇਤਲਾਹ ’ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਇੱਕ ਟੀਚਾਗਤ ਆਪ੍ਰੇਸ਼ਨ ਤਹਿਤ ਦੋ ਨਾਬਾਲਗਾਂ ਨੂੰ .32 ਬੋਰ ਦੇਸੀ ਪਸਤੌਲ, ਦੋ ਪੈਟਰੋਲ ਬੰਬ ਅਤੇ ਇੱਕ ਲਾਈਟਰ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਦੋ ਸਾਥੀਆਂ ਸੁਖਮਨ ਸਿੰਘ ਤੇ ਦੂਜਾ ਨਾਬਾਲਗ ਸਾਥੀ ਨਾਲ ਮਿਲ ਕੇ ਸਾਜ਼ਿਸ਼ ਨੂੰ ਅੰਜਾਮ ਦੇਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਸਨ। ਮੁਲਜ਼ਮਾਂ ਦੇ ਉਕਤ ਦੋਵੇਂ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੇ ਕਬਜ਼ੇ ’ਚੋਂ ਦੋ ਪੈਟਰੋਲ ਬੰਬ ਅਤੇ ਇੱਕ .30 ਬੋਰ ਪਿਸਤੌਲ ਬਰਾਮਦ ਹੋਇਆ ਹੈ। ਇਸ ਸਬੰਧ ’ਚ, ਤਿੰਨ ਵੱਖ-ਵੱਖ ਮਾਮਲੇ ਥਾਣਾ ਮੋਹਕਮਪੁਰਾ, ਥਾਣਾ ਏਅਰਪੋਰਟ ਤੇ ਥਾਣਾ ਸੀ-ਡਿਵੀਜ਼ਨ ਵਿਖੇ ਦਰਜ ਕੀਤੇ ਗਏ ਹਨ। Amritsar Crime News