Punjab Bus Strike: ਪੰਜਾਬ ’ਚ ਸਰਕਾਰ ਦੇ ਭਰੋਸੇ ਤੋਂ ਬਾਅਦ ਬੱਸ ਮੁਲਾਜ਼ਮਾਂ ਦੀ ਹੜਤਾਲ ਖਤਮ

2 ਦਿਨਾਂ ਤੋਂ ਠੱਪ ਪਈਆਂ ਕਰੀਬ 2, 200 ਬੱਸਾਂ ਦੀ ਸੇਵਾ ਮੁੜ ਬਹਾਲ, 7, 500 ਠੇਕਾ ਮੁਲਾਜ਼ਮਾਂ ਨੇ ਖਤਮ ਕੀਤੀ ਹੜਤਾਲ

Khushdeep Singh Picture
Published On

Punjab Bus Strike: ਮੋਹਾਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਨੇ ਮੰਗਲਵਾਰ ਨੂੰ ਆਪਣੀ ਸੂਬਾ ਪੱਧਰੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ। ਟਰਾਂਸਪੋਰਟ ਵਿਭਾਗ ਵੱਲੋਂ ਮੁੱਖ ਮੰਗਾਂ ਸਬੰਧੀ ਲਿਖਤੀ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਰੀਬ 7,500 ਮੁਲਾਜ਼ਮਾਂ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ। ਇਸ ਦੇ ਨਾਲ ਹੀ ਪਿਛਲੇ ਦੋ ਦਿਨਾਂ ਤੋਂ ਪ੍ਰਭਾਵਿਤ ਹੋਈ ਸਰਕਾਰੀ ਬੱਸ ਸੇਵਾ ਮੁੜ ਆਮ ਹੋ ਗਈ ਹੈ। ਹੜਤਾਲ ਕਾਰਨ ਪੰਜਾਬ ਭਰ ’ਚ ਪਨਬੱਸ ਅਤੇ ਪੀਆਰਟੀਸੀ ਦੀਆਂ ਕਰੀਬ 2, 200 ਬੱਸਾਂ ਸੜਕਾਂ ’ਤੇ ਨਹੀਂ ਚੱਲ ਸਕੀਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਬੱਸ ਅੱਡਿਆਂ ’ਤੇ ਯਾਤਰੀ ਘੰਟਿਆਂ ਤੱਕ ਬੱਸਾਂ ਦੀ ਉਡੀਕ ਕਰਦੇ ਰਹੇ।

ਅਧਿਕਾਰੀਆਂ ਮੁਤਾਬਕ ਮੰਗਲਵਾਰ ਸ਼ਾਮ ਤੋਂ ਬੱਸਾਂ ਦੀ ਨਿਯਮਤ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਗਈ। ਹੜਤਾਲ ਖਤਮ ਕਰਨ ਤੋਂ ਪਹਿਲਾਂ ਯੂਨੀਅਨ ਵੱਲੋਂ ਮੋਹਾਲੀ ’ਚ ਵੱਡਾ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕਾਂਟ੍ਰੈਕਟ ਵਰਕਰਜ਼ ਯੂਨੀਅਨ ਵੱਲੋਂ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕਾ ਤੇ ਆਊਟਸੋਰਸ ਭਰਤੀ ਪ੍ਰਣਾਲੀ ਖਤਮ ਕਰਨ ਤੇ ਯੂਨੀਅਨ ਮੈਂਬਰਾਂ ਖਿਲਾਫ਼ ਦਰਜ ਪੁਲਿਸ ਮਾਮਲੇ ਵਾਪਸ ਲੈਣ ਦੀ ਮੰਗ ਸਬੰਧੀ ਇਹ ਹੜਤਾਲ ਕੀਤੀ ਗਈ ਸੀ। ਯੂਨੀਅਨ ਵੱਲੋਂ ਦੱਸਿਆ ਗਿਆ ਕਿ ਪਿਛਲੇ ਸਾਲ ਨਵੰਬਰ ’ਚ ਕਿਲੋਮੀਟਰ ਸਕੀਮ ਦੇ ਵਿਰੋਧ ਦੌਰਾਨ ਸੰਗਰੂਰ ਡਿਪੋ ਦੇ ਕਰਮਚਾਰੀਆਂ ’ਤੇ ਦਰਜ ਕੀਤੇ ਗਏ ਪੁਲਿਸ ਕੇਸ ਵੀ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ। ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ, ਵਿਭਾਗੀ ਅਧਿਕਾਰੀਆਂ ਤੇ ਯੂਨੀਅਨ ਨੁਮਾਇੰਦਿਆਂ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ ਤੋਂ ਬਾਅਦ ਵਿਭਾਗ ਵੱਲੋਂ ਲਿਖਤੀ ਪੱਤਰ ਜਾਰੀ ਕਰਕੇ ਮੰਗਾਂ ’ਤੇ ਕੀਤੇ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ : South Korea Heatwave: ਦੱਖਣੀ ਕੋਰੀਆ ’ਚ ਸਭ ਤੋਂ ਜ਼ਿਆਦਾ ਗਰਮੀ ਦਾ ਰਿਕਾਰਡ ਟੁੱਟਿਆ, ਹੁਣ ਤੱਕ 16 ਮੌਤਾਂ

ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਪਨਬੱਸ ਦੇ ਠੇਕਾ ਮੁਲਾਜ਼ਮਾਂ ਨੂੰ ਪੀਆਰਟੀਸੀ ਸੇਵਾ ਨਿਯਮ, 1981 ਤਹਿਤ ਰੈਗੂਲਰ ਕਰਨ ਦਾ ਪ੍ਰਸਤਾਵ 11 ਅਗਸਤ ਨੂੰ ਹੋਣ ਵਾਲੀ ਪਨਬੱਸ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ’ਚ ਮੁੱਖ ਏਜੰਡੇ ਵਜੋਂ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਪਨਬੱਸ ਤੇ ਪੀਆਰਟੀਸੀ ਮੁਲਾਜ਼ਮਾਂ ਨੂੰ ਸਿੱਧੀ ਕਾਂਟ੍ਰੈਕਟ ਪ੍ਰਣਾਲੀ ਅਧੀਨ ਲਿਆਉਣ ਲਈ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ’ਚ ਆਰਡੀਨੈਂਸ ਜਾਂ ਬਿੱਲ ਲਿਆਉਣ ਦੀ ਗੱਲ ਵੀ ਕਹੀ ਗਈ ਹੈ। ਜੇਕਰ ਇਸ ਵਿੱਚ ਦੇਰੀ ਹੁੰਦੀ ਹੈ ਤਾਂ ਵਿਭਾਗੀ ਪੱਧਰ ’ਤੇ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਪ੍ਰਦਰਸ਼ਨਾਂ ਦੌਰਾਨ ਦਰਜ ਐਫਆਈਆਰਾਂ ਦਾ ਮਾਮਲਾ ਮੁੜ ਗ੍ਰਹਿ ਵਿਭਾਗ ਕੋਲ ਉਠਾਇਆ ਜਾਵੇਗਾ ਅਤੇ ਇੱਕ ਮਹੀਨੇ ਦੇ ਅੰਦਰ ਕਾਰਵਾਈ ਪੂਰੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਬਾਕੀ ਮੰਗਾਂ ’ਤੇ ਫੈਸਲੇ ਲਈ ਟਰਾਂਸਪੋਰਟ ਮੰਤਰੀ, ਕਰਮਚਾਰੀਆਂ ਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ 14 ਅਗਸਤ ਨੂੰ ਹੋਵੇਗੀ। ਜਲੰਧਰ ਤੋਂ ਯੂਨੀਅਨ ਆਗੂ ਰਣਜੀਤ ਸਿੰਘ ਨੇ ਦੱਸਿਆ ਕਿ ਹੜਤਾਲ ਦੌਰਾਨ ਜ਼ਿਲ੍ਹੇ ’ਚ ਕਰੀਬ 160 ਬੱਸਾਂ ਨਹੀਂ ਚੱਲੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਹੜਤਾਲ ਵਾਪਸ ਲਈ ਗਈ ਹੈ ਤੇ ਹੁਣ ਮੁਲਾਜ਼ਮਾਂ ਨੂੰ ਉਮੀਦ ਹੈ ਕਿ ਕੀਤੇ ਗਏ ਵਾਅਦੇ ਨਿਰਧਾਰਤ ਸਮੇਂ ਅੰਦਰ ਪੂਰੇ ਕੀਤੇ ਜਾਣਗੇ। Punjab Bus Strike

About The Author

Related Posts