Ludhiana News: ਲੁਧਿਆਣਾ ’ਚ ਤਿੰਨ ਦਿਨਾਂ ਤੋਂ ਲਾਪਤਾ ਨਾਬਾਲਗ ਦੀ ਖੇਤਾਂ ’ਚੋਂ ਲਾਸ਼ ਬਰਾਮਦ
ਲਾਸ਼ ਮਿਲਣ ਕਾਰਨ ਇਲਾਕੇ ’ਚ ਫੈਲੀ ਸਨਸਨੀ
ਲੁਧਿਆਣਾ (ਸੱਚ ਕਹੂੰ ਨਿਊਜ਼/ਹਿੰ.ਸ.)। ਸ਼ਹਿਰ ਦੇ ਬਲੀ ਬੇਗ ਬਸਤੀ ਨੇੜੇ ਖੇਤਾਂ ’ਚੋਂ ਤਿੰਨ ਦਿਨਾਂ ਤੋਂ ਲਾਪਤਾ ਇੱਕ ਨਾਬਾਲਗ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਐਤਵਾਰ ਦੇਰ ਰਾਤ ਕਰੀਬ 11 ਵਜੇ ਇੱਕ ਵਿਅਕਤੀ ਨੇ ਖੇਤਾਂ ’ਚ ਲਾਸ਼ ਪਈ ਹੋਣ ਦੀ ਸੂਚਨਾ ਪੁਲਿਸ ਤੇ ਸਥਾਨਕ ਲੋਕਾਂ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਲਾਸ਼ ਦੀ ਪਛਾਣ ਆਪਣੇ ਪੁੱਤਰ ਰਾਜੇਸ਼ ਕੁਮਾਰ ਵਜੋਂ ਕੀਤੀ। Ludhiana News
ਪੁਲਿਸ ਮੁਤਾਬਕ ਲਾਸ਼ ਕਾਫ਼ੀ ਹੱਦ ਤੱਕ ਗਲ-ਸੜ ਚੁੱਕੀ ਸੀ, ਜਿਸ ਕਾਰਨ ਮੌਕੇ ’ਤੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਘਟਨਾ ਤੋਂ ਬਾਅਦ ਇਲਾਕੇ ’ਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਕੁਝ ਲੋਕ ਇਸ ਨੂੰ ਕਤਲ ਦਾ ਮਾਮਲਾ ਦੱਸ ਰਹੇ ਹਨ, ਜਦਕਿ ਕੁਝ ਦਾ ਮੰਨਣਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਕਾਰਨ ਵੀ ਹੋ ਸਕਦੀ ਹੈ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਇਲਾਕੇ ’ਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ, ਜਿਸ ਕਾਰਨ ਕਈ ਨੌਜਵਾਨ ਇਸ ਦੀ ਲਪੇਟ ’ਚ ਆ ਰਹੇ ਹਨ। ਉੱਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ। ਰਿਪੋਰਟ ਤੋਂ ਇਹ ਸਪੱਸ਼ਟ ਹੋਵੇਗਾ ਕਿ ਮਾਮਲਾ ਕਤਲ ਦਾ ਹੈ ਜਾਂ ਮੌਤ ਕਿਸੇ ਹੋਰ ਕਾਰਨ ਕਰਕੇ ਹੋਈ ਹੈ। ਫਿਲਹਾਲ ਪੁਲਿਸ ਹਰ ਪੱਖ ਨੂੰ ਧਿਆਨ ’ਚ ਰੱਖਦਿਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।