Education News: ਡਿਗਰੀ ਰਾਹ ਦਿਖਾਉਂਦੀ ਹੈ, ਹੁਨਰ ਮੰਜ਼ਿਲ ਤੱਕ ਪਹੁੰਚਾਉਂਦਾ ਹੈ
ਡਿਗਰੀ ਰਾਹ ਦਿਖਾਉਂਦੀ ਹੈ, ਹੁਨਰ ਮੰਜ਼ਿਲ ਤੱਕ ਪਹੁੰਚਾਉਂਦਾ ਹੈ
ਕੰਧਾਂ ਉੱਤੇ ਟੰਗੀਆਂ ਡਿਗਰੀਆਂ ਕਿਸੇ ਵਿਅਕਤੀ ਦੀ ਪੜ੍ਹਾਈ ਦਾ ਪ੍ਰਮਾਣ ਤਾਂ ਹੋ ਸਕਦੀਆਂ ਹਨ, ਪਰ ਜ਼ਿੰਦਗੀ ਦੀਆਂ ਅਸਲ ਪ੍ਰੀਖਿਆਵਾਂ ਵਿੱਚ ਕਾਮਯਾਬੀ ਦਾ ਪ੍ਰਮਾਣ ਉਸ ਦਾ ਹੁਨਰ ਦਿੰਦਾ ਹੈ। ਉਹ ਦੌਰ ਹੁਣ ਇਤਿਹਾਸ ਬਣ ਚੁੱਕਾ ਹੈ ਜਦੋਂ ਇੱਕ ਕਾਗਜ਼ੀ ਡਿਗਰੀ ਪੂਰੀ ਉਮਰ ਦੀ ਨੌਕਰੀ ਦੀ ਗਾਰੰਟੀ ਮੰਨੀ ਜਾਂਦੀ ਸੀ। 21ਵੀਂ ਸਦੀ ਦੀ ਅਰਥਵਿਵਸਥਾ ਵਿੱਚ ਡਿਗਰੀ ਮੰਜ਼ਿਲ ਵੱਲ ਜਾਣ ਵਾਲਾ ਪਹਿਲਾ ਕਦਮ ਹੈ, ਪਰ ਮੰਜ਼ਿਲ ਤੱਕ ਪਹੁੰਚਾਉਣ ਦਾ ਅਸਲ ਕੰਮ ਹੁਨਰ ਹੀ ਕਰਦਾ ਹੈ। ਅੱਜ ਦਾ ਰੁਜ਼ਗਾਰ ਬਾਜ਼ਾਰ ਅਜਿਹੇ ਵਿਅਕਤੀਆਂ ਦੀ ਭਾਲ ਕਰਦਾ ਹੈ ਜੋ ਗਿਆਨ ਨੂੰ ਅਮਲ ਵਿੱਚ ਬਦਲ ਸਕਣ, ਸਮੱਸਿਆਵਾਂ ਦਾ ਹੱਲ ਲੱਭ ਸਕਣ ਤੇ ਬਦਲਦੇ ਸਮੇਂ ਦੇ ਨਾਲ ਆਪਣੇ-ਆਪ ਨੂੰ ਢਾਲ ਸਕਣ।
ਜਨਸੰਖਿਆਈ ਲਾਭ ਬਨਾਮ ਬੇਰੁਜ਼ਗਾਰੀ ਦੀ ਚੁਣੌਤੀ:
ਭਾਰਤ ਅੱਜ ਦੁਨੀਆ ਦੇ ਸਭ ਤੋਂ ਵੱਧ ਨੌਜਵਾਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਇਹ ਵੱਡੀ ਕੰਮਕਾਜੀ ਅਬਾਦੀ ਸਾਡੇ ਲਈ ਇੱਕ ਵੱਡਾ ਮੌਕਾ ਵੀ ਹੈ ਅਤੇ ਇੱਕ ਵੱਡੀ ਜ਼ਿੰਮੇਵਾਰੀ ਵੀ। ਜੇਕਰ ਇਸ ਨੌਜਵਾਨ ਸ਼ਕਤੀ ਨੂੰ ਸਮੇਂ ਦੀਆਂ ਲੋੜਾਂ ਅਨੁਸਾਰ ਹੁਨਰ ਮਿਲੇ, ਤਾਂ ਇਹ ਦੇਸ਼ ਨੂੰ ਵਿਸ਼ਵ ਆਰਥਿਕਤਾ ਦੀ ਅਗਲੀ ਕਤਾਰ ਵਿੱਚ ਲਿਜਾ ਸਕਦੀ ਹੈ। ਪਰ ਜੇਕਰ ਨੌਜਵਾਨ ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰ ਰਹਿ ਜਾਣ, ਤਾਂ ਇਹ ਜਨਸੰਖਿਆਈ ਲਾਭ ਸਮਾਜਿਕ ਅਤੇ ਆਰਥਿਕ ਚੁਣੌਤੀ ਵਿੱਚ ਬਦਲ ਸਕਦਾ ਹੈ। Education and Skills
ਇਹ ਵੀ ਪੜ੍ਹੋ : Punjab Weather: ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ
ਰੁਜ਼ਗਾਰ-ਯੋਗਤਾ ਦੇ ਅੰਕੜੇ ਤੇ ਜ਼ਮੀਨੀ ਹਕੀਕਤ | Education and Skills
ਪੀਰੀਓਡਿਕ ਲੇਬਰ ਫੋਰਸ ਸਰਵੇ ਦੇ ਅੰਕੜੇ ਦਰਸਾਉਂਦੇ ਹਨ ਕਿ ਉੱਚ-ਸਿੱਖਿਆ ਪ੍ਰਾਪਤ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਕਈ ਰਾਸ਼ਟਰੀ ਰੁਜ਼ਗਾਰ-ਯੋਗਤਾ ਅਧਿਐਨਾਂ ਨੇ ਵੀ ਇਹ ਗੱਲ ਸਾਹਮਣੇ ਰੱਖੀ ਹੈ ਕਿ ਇੰਜੀਨੀਅਰਿੰਗ ਅਤੇ ਹੋਰ ਪੇਸ਼ੇਵਰ ਡਿਗਰੀਆਂ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਨੌਜਵਾਨ ਅਮਲੀ ਹੁਨਰਾਂ ਦੀ ਘਾਟ ਕਾਰਨ ਉਦਯੋਗਾਂ ਦੀਆਂ ਲੋੜਾਂ ’ਤੇ ਪੂਰੇ ਨਹੀਂ ਉੱਤਰਦੇ ਫਿਰ ਵੀ, ਇੰਡੀਆ ਸਕਿੱਲਜ਼ ਰਿਪੋਰਟ 2026 ਅਨੁਸਾਰ ਭਾਰਤ ਦੀ ਰੁਜ਼ਗਾਰ-ਯੋਗਤਾ 54.81 ਫ਼ੀਸਦੀ ਤੋਂ ਵਧ ਕੇ 56.35 ਫ਼ੀਸਦੀ ਹੋ ਗਈ ਹੈ, ਜੋ ‘ਹੁਨਰ-ਪਹਿਲਾਂ’ ਵਾਲੀ ਸੋਚ ਵੱਲ ਵਧਣ ਦਾ ਸੰਕੇਤ ਹੈ।
ਸਿੱਖਿਆ ਨੀਤੀ ’ਚ ਬਦਲਾਅ ਤੇ ਏਆਈ ਦਾ ਯੁੱਗ
ਇਸੇ ਹਕੀਕਤ ਨੂੰ ਸਮਝਦਿਆਂ ਰਾਸ਼ਟਰੀ ਸਿੱਖਿਆ ਨੀਤੀ-2020 (5-2020) ਦਾ ਜ਼ੋਰ ਕੇਵਲ ਪ੍ਰੀਖਿਆਵਾਂ ਪਾਸ ਕਰਨ ’ਤੇ ਨਹੀਂ, ਸਗੋਂ ਸਕੂਲੀ ਪੱਧਰ ਤੋਂ ਹੀ ਕਿੱਤਾਮੁਖੀ ਸਿੱਖਿਆ, ਇੰਟਰਨਸ਼ਿਪ, ਅਨੁਭਵ-ਆਧਾਰਿਤ ਸਿੱਖਣ, ਆਲੋਚਨਾਤਮਕ ਸੋਚ ਅਤੇ ਸਮੱਸਿਆ-ਹੱਲ ਕਰਨ ਦੀ ਯੋਗਤਾ ਵਿਕਸਿਤ ਕਰਨ ਉੱਤੇ ਹੈ। ਦੂਜੇ ਪਾਸੇ, ਵਿਸ਼ਵ ਆਰਥਿਕ ਮੰਚ ਦੀ ਰਿਪੋਰਟ ਅਨੁਸਾਰ 2030 ਤੱਕ ਮੌਜੂਦਾ ਨੌਕਰੀਆਂ ਲਈ ਲੋੜੀਂਦੇ ਲੱਗਭੱਗ 39 ਫ਼ੀਸਦੀ ਹੁਨਰਾਂ ਵਿੱਚ ਮਹੱਤਵਪੂਰਨ ਬਦਲਾਅ ਆਵੇਗਾ। ਨੈਸ਼ਨਲ ਐਸੋਸੀਏਸ਼ਨ ਆਫ਼ ਸਾਫ਼ਟਵੇਅਰ ਐਂਡ ਸਰਵਿਸ ਕੰਪਨੀਜ਼ ਵੀ ਲਗਾਤਾਰ ਇਸ ਗੱਲ ’ਤੇ ਜ਼ੋਰ ਦੇ ਰਹੀ ਹੈ ਕਿ ਏਆਈ ਤੇ ਡਿਜ਼ੀਟਲ ਅਰਥਵਿਵਸਥਾ ਦੇ ਯੁੱਗ ਵਿੱਚ ਆਈਟੀ ਪੇਸ਼ੇਵਰਾਂ ਲਈ ਹੁਨਰ ਸਕਿੱਲਸ ਲਾਜ਼ਮੀ ਬਣਦੇ ਜਾ ਰਹੇ ਹਨ। ਇਸ ਲਈ ਡਿਗਰੀ ਇੱਕ ਵਾਰ ਮਿਲ ਜਾਂਦੀ ਹੈ, ਪਰ ਹੁਨਰ ਨੂੰ ਪੂਰੀ ਜ਼ਿੰਦਗੀ ਨਿਖਾਰਨਾ ਪੈਂਦਾ ਹੈ।
ਹੁਨਰ ਦੀ ਵਿਆਪਕਤਾ ਤੇ ਡਿਜ਼ੀਟਲ ਕ੍ਰਾਂਤੀ
ਹੁਨਰ ਦਾ ਅਰਥ ਕੇਵਲ ਕੰਪਿਊਟਰ ਜਾਂ ਏਆਈ ਤੱਕ ਸੀਮਤ ਨਹੀਂ ਹੈ। ਖੇਤੀਬਾੜੀ, ਬਾਗਬਾਨੀ, ਡੇਅਰੀ ਫਾਰਮਿੰਗ, ਮਧੂ-ਮੱਖੀ ਪਾਲਣ, ਵੈਲਡਿੰਗ, ਤਰਖਾਣ, ਪਲੰਬਿੰਗ, ਬਿਜਲੀ ਮਿਸਤਰੀ, ਮਸ਼ੀਨ ਮੁਰੰਮਤ, ਸਿਲਾਈ-ਕਢਾਈ, ਫੂਡ ਪ੍ਰੋਸੈਸਿੰਗ, ਗ੍ਰਾਫਿਕ ਡਿਜ਼ਾਈਨਿੰਗ ਅਤੇ ਡਿਜ਼ੀਟਲ ਮਾਰਕੀਟਿੰਗ ਵਰਗੇ ਸੈਂਕੜੇ ਕਿੱਤਿਆਂ ਦੀ ਮੰਗ ਦੇਸ਼-ਵਿਦੇਸ਼ ਵਿੱਚ ਲਗਾਤਾਰ ਵਧ ਰਹੀ ਹੈ। ਕੋਈ ਵੀ ਹੁਨਰ ਛੋਟਾ ਜਾਂ ਵੱਡਾ ਨਹੀਂ ਹੁੰਦਾ ਅਤੇ ਹੁਨਰਮੰਦ ਹੱਥ ਕਦੇ ਖਾਲੀ ਨਹੀਂ ਰਹਿੰਦੇ।
ਪੰਜਾਬ ਦਾ ਸੰਦਰਭ ਅਤੇ ਸਰਕਾਰੀ ਉਪਰਾਲੇ
ਪੰਜਾਬ ਵਿੱਚ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਵੀ ਇਹ ਸੱਚਾਈ ਮਹੱਤਵਪੂਰਨ ਹੈ ਕਿ ਉੱਥੇ ਪਲੰਬਿੰਗ, ਕਾਰਪੈਂਟਰੀ, ਨਰਸਿੰਗ, ਕੁਕਿੰਗ, ਹੈਵੀ ਵ੍ਹੀਕਲ ਡਰਾਈਵਿੰਗ, ਸੀਐਨਸੀ. ਮਸ਼ੀਨ ਆਪਰੇਟਰ, ਇਲੈਕਟ੍ਰੀਸ਼ਨ, ਵੈਲਡਿੰਗ ਅਤੇ ਆਈਟੀ ਵਰਗੇ ਵਿਹਾਰਕ ਹੁਨਰ ਵਾਲੇ ਨੌਜਵਾਨ ਨਾ ਸਿਰਫ਼ ਜ਼ਲਦੀ ਰੁਜ਼ਗਾਰ ਪ੍ਰਾਪਤ ਕਰਦੇ ਹਨ, ਸਗੋਂ ਉੱਚ ਆਮਦਨ ਅਤੇ ਪੇਸ਼ੇਵਰ ਸਨਮਾਨ ਵੀ ਹਾਸਲ ਕਰਦੇ ਹਨ। ਇਸੇ ਲੋੜ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਾਲ 2025 ਵਿੱਚ ਆਈਟੀਆਈਜ਼ ਦੀ ਦਾਖ਼ਲਾ ਸਮਰੱਥਾ 35 ਹਜ਼ਾਰ ਤੋਂ ਵਧਾ ਕੇ 52 ਹਜ਼ਾਰ ਕੀਤੀ ਅਤੇ 814 ਨਵੇਂ ਟਰੇਡ ਤੇ ਕੋਰਸ ਸ਼ੁਰੂ ਕੀਤੇ। ਰਾਸ਼ਟਰੀ ਪੱਧਰ ’ਤੇ ਸਕਿੱਲ ਇੰਡੀਆ ਮਿਸ਼ਨ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਸਕਿੱਲ ਹੱਬ ਅਤੇ ਨੈਸ਼ਨਲ ਅਪਰੈਂਟਿਸਸ਼ਿਪ ਪ੍ਰੋਗਰਾਮ ਵੀ ਨੌਜਵਾਨਾਂ ਨੂੰ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਤਿਆਰ ਕਰ ਰਹੇ ਹਨ। Education and Skills
ਸੋਚ ਵਿੱਚ ਬਦਲਾਅ ਦੀ ਲੋੜ
ਸਿਰਫ਼ ਸਰਕਾਰੀ ਯੋਜਨਾਵਾਂ ਨਾਲ ਬਦਲਾਅ ਨਹੀਂ ਆ ਸਕਦਾ। ਜਦੋਂ ਤੱਕ ਸਾਡਾ ਸਮਾਜ, ਮਾਪੇ ਤੇ ਸਿੱਖਿਆ ਸੰਸਥਾਵਾਂ ਆਪਣੀ ਸੋਚ ਨਹੀਂ ਬਦਲਦੇ, ਉਦੋਂ ਤੱਕ ਹੁਨਰ ਵਿਕਾਸ ਦਾ ਟੀਚਾ ਅਧੂਰਾ ਰਹੇਗਾ। ਡਿਗਰੀ ਨੂੰ ਹੀ ਸਫ਼ਲਤਾ ਦਾ ਅੰਤਿਮ ਮਾਪਦੰਡ ਮੰਨਣ ਦੀ ਥਾਂ ਬੱਚਿਆਂ ਦੀ ਵਿਹਾਰਕ ਯੋਗਤਾ, ਰਚਨਾਤਮਕਤਾ ਤੇ ਰੁਚੀ ਨੂੰ ਵੀ ਮਹੱਤਵ ਦੇਣਾ ਹੋਵੇਗਾ। ਸਕੂਲਾਂ ਅਤੇ ਕਾਲਜਾਂ ਨੂੰ ਸਿਰਫ਼ ਨੌਕਰੀ ਮੰਗਣ ਵਾਲੇ ਨਹੀਂ, ਸਗੋਂ ਰੁਜ਼ਗਾਰ ਪੈਦਾ ਕਰਨ ਵਾਲੇ ਨੌਜਵਾਨ ਤਿਆਰ ਕਰਨੇ ਪੈਣਗੇ।
ਸਿੱਖਿਆ ਦਾ ਅਸਲ ਮਨੋਰਥ
ਅੱਜ ਦੇ ਯੁੱਗ ਵਿੱਚ ‘ਇੱਕ ਵਾਰ ਸਿੱਖੋ ਅਤੇ ਸਾਰੀ ਉਮਰ ਕੰਮ ਕਰੋ’ ਵਾਲੀ ਸੋਚ ਦੀ ਥਾਂ ‘ਸਾਰੀ ਉਮਰ ਸਿੱਖਦੇ ਰਹੋ ਅਤੇ ਆਪਣੇ ਹੁਨਰਾਂ ਨੂੰ ਨਿਖਾਰਦੇ ਰਹੋ’ ਵਾਲੀ ਸੋਚ ਅਪਣਾਉਣੀ ਪਵੇਗੀ। ਇਹੀ ਨਿਰੰਤਰ ਸਿੱਖਣ ਦੀ ਸੰਸਕ੍ਰਿਤੀ ਭਵਿੱਖ ਦੀ ਸਭ ਤੋਂ ਵੱਡੀ ਲੋੜ ਹੈ। ਡਿਗਰੀ ਅਤੇ ਹੁਨਰ ਇੱਕ-ਦੂਜੇ ਦੇ ਵਿਰੋਧੀ ਨਹੀਂ ਹਨ। ਡਿਗਰੀ ਗਿਆਨ ਦਿੰਦੀ ਹੈ, ਜਦਕਿ ਹੁਨਰ ਉਸ ਗਿਆਨ ਨੂੰ ਸਮਾਜ ਦੀ ਤਰੱਕੀ ਵਿੱਚ ਬਦਲਣ ਦੀ ਤਾਕਤ ਦਿੰਦਾ ਹੈ। ਡਿਗਰੀ ਮੌਕੇ ਦਾ ਦਰਵਾਜ਼ਾ ਦਿਖਾਉਂਦੀ ਹੈ, ਪਰ ਉਸ ਦਰਵਾਜ਼ੇ ਰਾਹੀਂ ਆਤਮ-ਵਿਸ਼ਵਾਸ ਨਾਲ ਅੰਦਰ ਦਾਖ਼ਲ ਹੋਣ ਦੀ ਸਮਰੱਥਾ ਹੁਨਰ ਹੀ ਦਿੰਦਾ ਹੈ। ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਲਈ ਸਾਨੂੰ ਅਜਿਹੀ ਪੀੜ੍ਹੀ ਤਿਆਰ ਕਰਨੀ ਪਵੇਗੀ ਜੋ ਸਿਰਫ਼ ਡਿਗਰੀਆਂ ਦੀ ਮਾਲਕ ਨਾ ਹੋਵੇ, ਸਗੋਂ ਕਾਬਲੀਅਤ, ਸਿਰਜਣਾਤਮਕਤਾ ਤੇ ਹੁਨਰ ਦੀ ਵੀ ਮਾਲਕ ਹੋਵੇ। ਸੱਚ ਤਾਂ ਇਹ ਹੈ ਕਿ ਡਿਗਰੀ ਰਾਹ ਦਿਖਾ ਸਕਦੀ ਹੈ, ਪਰ ਮੰਜ਼ਿਲ ਤੱਕ ਪਹੁੰਚਾਉਣ ਦਾ ਅਸਲ ਕੰਮ ਹੁਨਰ ਹੀ ਕਰਦਾ ਹੈ।
ਨਵਦੀਪ ਸਿੰਘ ਝੁਨੀਰ, ਪੰਜਾਬੀ ਮਾਸਟਰ, ਸਰਕਾਰੀ ਸੈਕੰਡਰੀ ਸਕੂਲ ਝੰਡੂਕੇ (ਮਾਨਸਾ) ਮੋ.?98769-68193