Sugar Price Hike: ਤਿਉਹਾਰਾਂ ਤੋਂ ਪਹਿਲਾਂ ਚੀਨੀ ਮਹਿੰਗੀ, 10 ਦਿਨਾਂ ’ਚ 20 ਰੁਪਏ ਤੱਕ ਵਧੇ ਭਾਅ
ਜਲੰਧਰ ’ਚ ਚੀਨੀ ਦੀ ਕੀਮਤ 45 ਰੁਪਏ ਤੋਂ ਸਿੱਧੀ 65 ਰੁਪਏ ਹੋਈ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ’ਚ ਤਿਉਹਾਰਾਂ ਦੇ ਸੀਜ਼ਨ ਤੋਂ ਠੀਕ ਪਹਿਲਾਂ ਚੀਨੀ ਦੀਆਂ ਕੀਮਤਾਂ ’ਚ ਤੇਜ਼ੀ ਆ ਗਈ ਹੈ। ਪਿਛਲੇ 10 ਦਿਨਾਂ ਦੌਰਾਨ ਚੀਨੀ ਦੇ ਭਾਅ ’ਚ 20 ਰੁਪਏ ਪ੍ਰਤੀ ਕਿਲੋ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਜਲੰਧਰ ’ਚ ਚੀਨੀ ਦੀ ਕੀਮਤ 45 ਰੁਪਏ ਤੋਂ ਵਧ ਕੇ ਸਿੱਧੀ 65 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਤੋਂ ਇਲਾਵਾ ਲੁਧਿਆਣਾ, ਮੋਹਾਲੀ ਸਮੇਤ ਸੂਬੇ ਦੇ ਹੋਰ ਹਿੱਸਿਆਂ ’ਚ ਵੀ ਕੀਮਤਾਂ ’ਚ ਕਰੀਬ 15 ਰੁਪਏ ਤੱਕ ਦਾ ਵਾਧਾ ਹੋਇਆ ਹੈ। ਏਸ਼ੀਆ ਦੀਆਂ ਵੱਡੀਆਂ ਕਰਿਆਨਾ ਮੰਡੀਆਂ ’ਚ ਸ਼ੁਮਾਰ ਜਲੰਧਰ ਦੀ ਫੈਂਟਨਗੰਜ ਮੰਡੀ ਦੇ ਚੀਨੀ ਥੋਕ ਵਪਾਰੀ ਗੋਪਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਚੀਨੀ ਦਾ ਸਟਾਕ ਸੀਮਤ ਕੀਤੇ ਜਾਣ ਕਾਰਨ ਬਾਜ਼ਾਰ ’ਚ ਸਪਲਾਈ ਪ੍ਰਭਾਵਿਤ ਹੋਈ ਹੈ। ਦੂਜੇ ਪਾਸੇ ਤਿਉਹਾਰਾਂ ਦੇ ਸੀਜ਼ਨ ਕਾਰਨ ਮੰਗ ਵਧ ਗਈ ਹੈ। ਮੰਗ ਵੱਧ ਤੇ ਸਪਲਾਈ ਘੱਟ ਹੋਣ ਕਾਰਨ ਕੀਮਤਾਂ ’ਚ ਤੇਜ਼ੀ ਆਈ ਹੈ। Sugar Price Hike
ਪੰਜਾਬ ’ਚ ਚੀਨੀ ਉਤਪਾਦਨ 15 ਫੀਸਦੀ ਤੋਂ ਵੱਧ ਘਟਿਆ | Sugar Price Hike
ਅੰਕੜਿਆਂ ਮੁਤਾਬਕ ਪੰਜਾਬ ’ਚ 2025-26 ਦੇ ਪਿੜਾਈ ਸੀਜ਼ਨ ਦੌਰਾਨ ਚੀਨੀ ਦਾ ਉਤਪਾਦਨ 15.5 ਲੱਖ ਟਨ ਰਿਹਾ, ਜਦਕਿ 2024-25 ’ਚ ਇਹ 18.2 ਲੱਖ ਟਨ ਸੀ। ਇਸ ਤਰ੍ਹਾਂ ਇੱਕ ਸਾਲ ’ਚ ਉਤਪਾਦਨ ਕਰੀਬ 2.7 ਲੱਖ ਟਨ ਘਟਿਆ ਹੈ। ਚੀਨੀ ਉਤਪਾਦਨ ’ਚ ਕਮੀ ਦੇ ਪਿੱਛੇ ਗੰਨੇ ਦੀ ਘੱਟ ਉਪਲਬਧਤਾ, ਘੱਟ ਮੀਂਹ ਤੇ ਮੌਸਮ ਨਾਲ ਸਬੰਧਤ ਹਾਲਾਤਾਂ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਤਿਉਹਾਰਾਂ ਦੇ ਸੀਜ਼ਨ ’ਚ ਮੰਗ ਹੋਰ ਵਧਣ ਕਾਰਨ ਆਉਣ ਵਾਲੇ ਦਿਨਾਂ ’ਚ ਚੀਨੀ ਦੀਆਂ ਕੀਮਤਾਂ ’ਤੇ ਨਜ਼ਰ ਬਣੀ ਰਹੇਗੀ। Sugar Price Hike
ਚੀਨੀ ਮਹਿੰਗੀ ਹੋਣ ਨਾਲ ਪਰਿਵਾਰਾਂ ’ਤੇ ਵਧਿਆ ਬੋਝਜੇਕਰ ਕੋਈ ਪਰਿਵਾਰ ਮਹੀਨੇ ’ਚ 2 ਕਿਲੋ ਚੀਨੀ ਦੀ ਖਪਤ ਕਰਦਾ ਹੈ ਤਾਂ ਪਹਿਲਾਂ 46 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਸ ’ਤੇ 92 ਰੁਪਏ ਖਰਚ ਹੁੰਦੇ ਸਨ। ਹੁਣ 65 ਰੁਪਏ ਪ੍ਰਤੀ ਕਿਲੋ ਦੇ ਨਵੇਂ ਭਾਅ ਮੁਤਾਬਕ ਇਹ ਖਰਚ ਵਧ ਕੇ 130 ਰੁਪਏ ਹੋ ਗਿਆ ਹੈ। ਇਸ ਤਰ੍ਹਾਂ ਇੱਕ ਪਰਿਵਾਰ ’ਤੇ ਮਹੀਨੇ ਦਾ ਕਰੀਬ 38 ਰੁਪਏ ਵਾਧੂ ਬੋਝ ਪੈ ਰਿਹਾ ਹੈ। ਜੇਕਰ ਸੂਬੇ ਦੇ ਕਰੀਬ 75 ਲੱਖ ਪਰਿਵਾਰਾਂ ਨੂੰ ਇਸ ਹਿਸਾਬ ’ਚ ਸ਼ਾਮਲ ਕੀਤਾ ਜਾਵੇ ਤਾਂ ਮਹੀਨੇ ’ਚ ਕੁੱਲ ਵਾਧੂ ਬੋਝ ਲਗਭਗ 28.5 ਕਰੋੜ ਰੁਪਏ ਬਣਦਾ ਹੈ। ਤਿੰਨ ਮਹੀਨਿਆਂ ’ਚ ਇਹ ਬੋਝ ਕਰੀਬ 85.5 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਜੇਕਰ ਇੱਕ ਪਰਿਵਾਰ ਵੱਲੋਂ ਮਹੀਨੇ ’ਚ 3 ਕਿਲੋ ਚੀਨੀ ਦੀ ਖਪਤ ਮੰਨੀ ਜਾਵੇ ਤਾਂ ਇਹ ਵਾਧੂ ਬੋਝ ਹੋਰ ਵੀ ਵਧ ਜਾਵੇਗਾ।
ਇਹ ਵੀ ਪੜ੍ਹੋ : India Coconut Production: ਨਾਰੀਅਲ ਉਤਪਾਦਨ ’ਚ ਭਾਰਤ ਸਭ ਤੋਂ ਅੱਗੇ, ਵਿਸ਼ਵ ਪੱਧਰ ’ਤੇ ਹਿੱਸੇਦਾਰੀ 31 ਫੀਸਦੀ ਤੋਂ ਜ਼ਿਆਦਾ
ਮਿਠਾਈ ਕਾਰੋਬਾਰ ’ਤੇ ਵੀ ਪਿਆ ਅਸਰ, ਕੀਮਤਾਂ 10 ਫੀਸਦੀ ਤੱਕ ਵਧੀਆਂ
ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਚੀਨੀ ਦੀਆਂ ਵਧੀਆਂ ਕੀਮਤਾਂ ਦਾ ਸਿੱਧਾ ਅਸਰ ਮਿਠਾਈਆਂ ਦੇ ਕਾਰੋਬਾਰ ’ਤੇ ਵੀ ਪੈਣ ਲੱਗਾ ਹੈ। ਜਲੰਧਰ ਦੇ ਇੱਕ ਮਿਠਾਈ ਕਾਰੋਬਾਰੀ ਮੁਤਾਬਕ ਚੀਨੀ ਮਹਿੰਗੀ ਹੋਣ ਕਾਰਨ ਮਿਠਾਈਆਂ ਦੀਆਂ ਕੀਮਤਾਂ ’ਚ ਕਰੀਬ 10 ਫੀਸਦੀ ਤੱਕ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਮਾਵਾ, ਦੁੱਧ ਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਧਣ ਕਾਰਨ ਮਿਠਾਈ ਕਾਰੋਬਾਰੀਆਂ ਦੀ ਲਾਗਤ ਵੀ ਵਧ ਰਹੀ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੇਕਰ ਕੱਚੇ ਮਾਲ ਦੀਆਂ ਕੀਮਤਾਂ ’ਚ ਇਹੀ ਰੁਝਾਨ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਇਸ ਦਾ ਸਿੱਧਾ ਅਸਰ ਗਾਹਕਾਂ ਦੀ ਜੇਬ ’ਤੇ ਪੈ ਸਕਦਾ ਹੈ। Sugar Price Hike