Punjab
Charanjit Singh Channi: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਯੂਨੀਵਰਸਿਟੀ ’ਚ ਦਿੱਤੀ ਪ੍ਰੀਖਿਆ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਯੂਨੀਵਰਸਿਟੀ ’ਚ ਦਿੱਤੀ ਪ੍ਰੀਖਿਆ
Charanjit Singh Channi: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਕਾਂਗਰਸ ’ਚ ਜਿੱਥੇ ਇਨ੍ਹੀਂ ਦਿਨੀਂ ਅੰਦਰੂਨੀ ਖਿੱਚੋਤਾਣ ਤੇ ਗੁੱਟਬਾਜ਼ੀ ਦੀ ਚਰਚਾ ਹੈ, ਉੱਥੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਆਪਣੀ ਪੜ੍ਹਾਈ ’ਚ ਰੁੱਝੇ ਹੋਏ ਹਨ। ਚੰਨੀ ਪੰਜਾਬ ਯੂਨੀਵਰਸਿਟੀ ਤੋਂ ਪਬਲਿਕ ਐਡਮਿਨਿਸਟ੍ਰੇਸ਼ਨ ’ਚ ਐੱਮਏ. ਕਰ ਰਹੇ ਹਨ ਤੇ ਵੀਰਵਾਰ ਨੂੰ ਉਹ ਪ੍ਰੀਖਿਆ ਦੇਣ ਲਈ ਯੂਨੀਵਰਸਿਟੀ ਪਹੁੰਚੇ।ਚੰਨੀ ਦੀ ਪ੍ਰੀਖਿਆ ਦੁਪਹਿਰ 12:30 ਵਜੇ ਤੱਕ ਚੱਲਣੀ ਹੈ। ਇਸ ਦੌਰਾਨ ਉਹ ਇੱਕ ਆਮ ਵਿਦਿਆਰਥੀ ਵਾਂਗ ਪ੍ਰੀਖਿਆ ਹਾਲ ’ਚ ਬੈਠ ਕੇ ਪੇਪਰ ਦੇ ਰਹੇ ਹਨ, ਜਦਕਿ ਉਨ੍ਹਾਂ ਦੀ ਸੁਰੱਖਿਆ ਤੇ ਹੋਰ ਸਟਾਫ਼ ਪ੍ਰੀਖਿਆ ਕੇਂਦਰ ਦੇ ਬਾਹਰ ਮੌਜ਼ੂਦ ਹੈ। ਪ੍ਰੀਖਿਆ ’ਚ ਸ਼ਾਮਲ ਹੋਣ ਕਾਰਨ ਚੰਨੀ ਦਿੱਲੀ ’ਚ ਹੋ ਰਹੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਵੀ ਸ਼ਾਮਲ ਨਹੀਂ ਹੋ ਸਕੇ। 15 ਮਾਰਚ 1963 ਨੂੰ ਜਨਮੇ ਚਰਨਜੀਤ ਸਿੰਘ ਚੰਨੀ ਦੀ ਉਮਰ 63 ਸਾਲ ਹੈ। ਉਹ ਪੜ੍ਹਾਈ ਪ੍ਰਤੀ ਆਪਣੀ ਰੁਚੀ ਲਈ ਜਾਣੇ ਜਾਂਦੇ ਹਨ ਤੇ ਹੁਣ ਤੱਕ ਕਈ ਉੱਚ ਵਿੱਦਿਅਕ ਡਿਗਰੀਆਂ ਹਾਸਲ ਕਰ ਚੁੱਕੇ ਹਨ।
ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਬੀਏ ਤੇ ਐੱਲਐੱਲਬੀ, ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਐੱਮਬੀਏ ਤੇ ਪੰਜਾਬ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ’ਚ ਐੱਮਏ ਕੀਤੀ ਹੈ। ਸਾਲ 2023 ’ਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ’ਚ ਪੀਐੱਚਡੀ ਵੀ ਪੂਰੀ ਕੀਤੀ ਸੀ। ਹੁਣ ਉਹ ਇਸੇ ਯੂਨੀਵਰਸਿਟੀ ਤੋਂ ਪਬਲਿਕ ਐਡਮਿਨਿਸਟ੍ਰੇਸ਼ਨ ’ਚ ਐੱਮ.ਏ. ਕਰ ਰਹੇ ਹਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਚੰਨੀ ਕੁਝ ਸਮੇਂ ਲਈ ਅਮਰੀਕਾ ਚਲੇ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਕਿਸੇ ਸਿਆਸੀ ਸਰਗਰਮੀ ਦੀ ਬਜਾਏ ਆਪਣੀ ਅਧੂਰੀ ਪੀਐੱਚਡੀ ਦੀ ਥੀਸਿਸ ਪੂਰੀ ਕਰਨ ’ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਦੀ ਪੀਐੱਚਡੀ ਦੀ ਖੋਜ ਦਾ ਵਿਸ਼ਾ ਵੀ ਕਾਂਗਰਸ ਨਾਲ ਸਬੰਧਤ ਸੀ। ਉਨ੍ਹਾਂ ਨੇ ‘ਭਾਰਤੀ ਰਾਸ਼ਟਰੀ ਕਾਂਗਰਸ: 2004 ਤੋਂ ਲੋਕ ਸਭਾ ਚੋਣਾਂ ’ਚ ਕੇਂਦਰੀ ਸੰਗਠਨ ਤੇ ਚੋਣੀ ਰਣਨੀਤੀਆਂ ਦਾ ਇੱਕ ਅਧਿਐਨ’ ਵਿਸ਼ੇ ’ਤੇ ਖੋਜ ਕੀਤੀ। ਸਰਗਰਮ ਸਿਆਸਤਦਾਨ ਹੋਣ ਦੇ ਨਾਤੇ ਪਾਰਟੀ ਦੇ ਕੇਂਦਰੀ ਸੰਗਠਨ ਤੇ ਸੂਬਾਈ ਪੱਧਰ ਦੀ ਅੰਦਰੂਨੀ ਸਿਆਸਤ ਦੇ ਤਜਰਬੇ ਨੂੰ ਵੀ ਉਨ੍ਹਾਂ ਨੇ ਆਪਣੀ ਖੋਜ ’ਚ ਸ਼ਾਮਲ ਕੀਤਾ। Charanjit Singh Channi
ਇਹ ਵੀ ਪੜ੍ਹੋ : Punjab Weather: ਪੰਜਾਬ ਤੇ ਚੰਡੀਗੜ੍ਹ ’ਚ ਮਾਨਸੂਨ ਸਰਗਰਮ, ਕਈ ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ