Agriculture News: ਪਾਣੀ, ਖਾਦ ਤੇ ਮਾਨਸੂਨ ਵਿਚਕਾਰ ਖੇਤੀ ਦਾ ਭਵਿੱਖ

ਭੂ-ਰਾਜਨੀਤਿਕ ਤਣਾਅ ਨਾਲ ਗਲੋਬਲ ਸਪਲਾਈ ਚੇਨ, ਆਵਾਜਾਈ, ਬੀਮਾ ਅਤੇ ਕੁਝ ਕੱਚੇ ਮਾਲ ਦੀ ਲਾਗਤ ਪ੍ਰਭਾਵਿਤ ਹੋਈ

Khushdeep Singh Picture
Published On

ਭਾਰਤ ਦੀ ਖੇਤੀ ਵਿਵਸਥਾ ਅੱਜ ਅਜਿਹੇ ਦੌਰ ’ਚ ਹੈ, ਜਿੱਥੇ ਮੌਸਮ ਦੀ ਬੇਯਕੀਨੀ, ਪਾਣੀ ਦੀ ਘਾਟ, ਖਾਦਾਂ ਦੀ ਲਾਗਤ ਅਤੇ ਬਦਲਦੇ ਬਾਜ਼ਾਰ ਦਾ ਦਬਾਅ ਇਕੱਠੇ ਨਜ਼ਰ ਆ ਰਹੇ ਹਨ। ਖੇਤੀ ਦਾ ਵੱਡਾ ਹਿੱਸਾ ਅਜੇ ਵੀ ਮੀਂਹ ’ਤੇ ਨਿਰਭਰ ਹੈ, ਇਸ ਲਈ ਮਾਨਸੂਨ ’ਚ ਅਸਮਾਨਤਾ ਦਾ ਸਿੱਧਾ ਅਸਰ ਕਿਸਾਨ ਦੀ ਆਮਦਨ ਅਤੇ ਖੁਰਾਕ ਉਪਲੱਬਧਤਾ ’ਤੇ ਪੈਂਦਾ ਹੈ। ਹਾਲਾਂਕਿ ਸਿੰਚਾਈ ਦੇ ਵਿਸਥਾਰ ਅਤੇ ਫਸਲੀ ਵਿਭਿੰਨਤਾ ਨਾਲ ਦੇਸ਼ ਦੀ ਮਾਨਸੂਨ ’ਤੇ ਨਿਰਭਰਤਾ ਪਹਿਲਾਂ ਨਾਲੋਂ ਘਟੀ ਹੈ, ਫਿਰ ਵੀ ਕਮਜ਼ੋਰ ਜਾਂ ਅਸਧਾਰਨ ਮੀਂਹ ਦਾ ਪ੍ਰਭਾਵ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਇਹੀ ਕਾਰਨ ਹੈ ਕਿ ਖੇਤੀ ਨੀਤੀ ਨੂੰ ਮੌਸਮ ਦੀ ਤਤਕਾਲੀ ਵੰਗਾਰ ਤੋਂ ਅੱਗੇ ਵਧਾ ਕੇ ਜਲ, ਮਿੱਟੀ, ਬੀਜ, ਖਾਦ ਅਤੇ ਬਾਜ਼ਾਰ ਦੀਆਂ ਲੰਮੀ ਮਿਆਦ ਦੀਆਂ ਲੋੜਾਂ ਨਾਲ ਜੋੜਨਾ ਪਵੇਗਾ। ਮੌਸਮ ਵਿਗਿਆਨ ਵਿਭਾਗ ਨੇ ਅਪਰੈਲ 2026 ’ਚ ਦੱਖਣ-ਪੱਛਮੀ ਮਾਨਸੂਨ ਦੌਰਾਨ ਅਲ-ਨੀਨੋ ਦੀ ਸਥਿਤੀ ਵਿਕਸਿਤ ਹੋਣ ਦੀ ਸੰਭਾਵਨਾ ਜਤਾਈ ਸੀ।

ਨਾਲ ਹੀ ਉਸ ਨੇ ਇਹ ਵੀ ਕਿਹਾ ਸੀ ਕਿ ਮਾਨਸੂਨ ਦੇ ਅੱਧੋਂ ਬਾਅਦ ਸਕਾਰਾਤਮਕ ਭਾਰਤੀ ਮਹਾਸਾਗਰ ਦਵੈਧਰੁਵ ਬਣਨ ਦੀ ਸੰਭਾਵਨਾ ਹੈ, ਜੋ ਅਲ-ਨੀਨੋ ਦੇ ਉਲਟ ਅਸਰ ਨੂੰ ਕੁਝ ਹੱਦ ਤੱਕ ਸੰਤੁਲਿਤ ਕਰ ਸਕਦਾ ਹੈ। ਇਸ ਲਈ ਇਹ ਮੰਨ ਲੈਣਾ ਸਹੀ ਨਹੀਂ ਹੋਵੇਗਾ ਕਿ ਅਲ-ਨੀਨੋ ਆਉਂਦਿਆਂ ਹੀ ਪੂਰੇ ਦੇਸ਼ ’ਚ ਮੀਂਹ ਦੀ ਕਮੀ ਤੈਅ ਹੋ ਜਾਵੇਗੀ।  ਭਾਰਤ ’ਚ ਮੀਂਹ ਦਾ ਰੂਪ ਖੇਤਰ, ਸਮਾਂ ਅਤੇ ਸਮੁੰਦਰੀ ਹਾਲਾਤਾਂ ਅਨੁਸਾਰ ਬਦਲਦਾ ਹੈ। ਜੁਲਾਈ ਦੇ ਅੰਤ ’ਚ ਵੀ ਮੌਸਮ ਵਿਗਿਆਨ ਵਿਭਾਗ ਨੇ ਉੱਤਰ-ਪੱਛਮੀ ਤੇ ਮੱਧ ਭਾਰਤ ’ਚ ਆਮ ਤੋਂ ਵੱਧ ਮੀਂਹ ਦੀ ਸੰਭਾਵਨਾ ਜਤਾਈ ਸੀ। ਖੇਤੀ ’ਤੇ ਮੌਸਮ ਦੇ ਅਸਰ ਨੂੰ ਸਮਝਦੇ ਹੋਏ ਖੁਰਾਕ ਸੁਰੱਖਿਆ ਦਾ ਸਵਾਲ ਵੀ ਸਾਹਮਣੇ ਰੱਖਣਾ ਪਵੇਗਾ। ਸਾਲ 2025 ਦੇ ਵਿਸ਼ਵ ਭੁੱਖਮਰੀ ਸੂਚਕ ਅੰਕ ’ਚ ਭਾਰਤ 123 ਦੇਸ਼ਾਂ ’ਚ 102ਵੇਂ ਸਥਾਨ ’ਤੇ ਰਿਹਾ ਅਤੇ ਉਸ ਦਾ ਅੰਕ 25.8 ਸੀ, ਜਿਸ ਨੂੰ ਗੰਭੀਰ ਸ਼੍ਰੇਣੀ ’ਚ ਰੱਖਿਆ ਗਿਆ। Indian Agriculture

ਇਹ ਵੀ ਪੜ੍ਹੋ : Hockey World Cup 2026: ਹਾਕੀ ਵਿਸ਼ਵ ਕੱਪ, ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾਇਆ

ਇਹ ਅੰਕੜਾ ਦੱਸਦਾ ਹੈ ਕਿ ਖੁਰਾਕ ਉਪਲੱਬਧਤਾ ਵਧਣ ਦੇ ਬਾਵਜ਼ੂਦ ਪੋਸ਼ਣ ਅਤੇ ਭੋਜਨ ਤੱਕ ਬਰਾਬਰ ਪਹੁੰਚ ਦੀ ਵੰਗਾਰ ਬਣੀ ਹੋਈ ਹੈ। ਅਜਿਹੇ ’ਚ ਦਾਲਾਂ ਵਰਗੀਆਂ ਪੋਸ਼ਕ ਫਸਲਾਂ ਦੇ ਉਤਪਾਦਨ ’ਚ ਵੱਡੀ ਗਿਰਾਵਟ ਗਰੀਬ ਪਰਿਵਾਰਾਂ ’ਤੇ ਵੱਧ ਅਸਰ ਪਾ ਸਕਦੀ ਹੈ। ਦਾਲਾਂ ਪ੍ਰੋਟੀਨ ਦਾ ਮਹੱਤਵਪੂਰਨ ਸਰੋਤ ਹਨ ਅਤੇ ਭਾਰਤ ਲੰਮੇੇ ਸਮੇਂ ਤੋਂ ਆਪਣੀ ਲੋੜ ਦਾ ਇੱਕ ਹਿੱਸਾ ਦਰਾਮਦ ਰਾਹੀਂ ਪੂਰਾ ਕਰਦਾ ਰਿਹਾ ਹੈ। ਉਤਪਾਦਨ ਘਟਣ ’ਤੇ ਦਰਾਮਦ ਨਿਰਭਰਤਾ ਅਤੇ ਕੀਮਤਾਂ ਦਾ ਦਬਾਅ ਵਧ ਸਕਦਾ ਹੈ। ਖਾਦਾਂ ਦੀ ਉਪਲੱਬਧਤਾ ਵੀ ਖੇਤੀ ਵਿਵਸਥਾ ਦਾ ਮਹੱਤਵਪੂਰਨ ਪੱਖ ਹੈ। ਪੱਛਮੀ ਏਸ਼ੀਆ ’ਚ ਪੈਦਾ ਹੋਏ ਭੂ-ਰਾਜਨੀਤਿਕ ਤਣਾਅ ਨਾਲ ਗਲੋਬਲ ਸਪਲਾਈ ਚੇਨ, ਆਵਾਜਾਈ, ਬੀਮਾ ਅਤੇ ਕੁਝ ਕੱਚੇ ਮਾਲ ਦੀ ਲਾਗਤ ਪ੍ਰਭਾਵਿਤ ਹੋਈ ਹੈ।

ਭਾਰਤ ਸਰਕਾਰ ਨੇ ਖਾਦ ਸਪਲਾਈ ਨੂੰ ਸੁਰੱਖਿਅਤ ਰੱਖਣ ਲਈ ਸਰੋਤਾਂ ’ਚ ਵਿਭਿੰਨਤਾ ਵਧਾਉਣ, ਬਦਲਵੇਂ ਸਪਲਾਇਰਾਂ ਤੋਂ ਖਰੀਦ ਅਤੇ ਭੰਡਾਰਨ ’ਤੇ ਜ਼ੋਰ ਦਿੱਤਾ ਹੈ। ਜੁਲਾਈ 2026 ’ਚ ਸਰਕਾਰ ਨੇ ਦੱਸਿਆ ਕਿ ਸਾਉਣੀ ਮੌਸਮ ’ਚ 19 ਜੁਲਾਈ ਤੱਕ ਯੂਰੀਆ, ਡੀਏਪੀ, ਪੋਟਾਸ਼ ਅਤੇ ਮਿਸ਼ਰਤ ਖਾਦਾਂ ਦੀ ਉਪਲੱਬਧਤਾ ਉਨ੍ਹਾਂ ਦੀ ਲੋੜ ਤੋਂ ਵੱਧ ਸੀ।  ਕਿਸਾਨਾਂ ਲਈ ਖਾਦਾਂ ਦੀ ਕੀਮਤ ਨੂੰ ਕੰਟਰੋਲ ਰੱਖਣਾ ਵੀ ਮਹੱਤਵਪੂਰਨ ਹੈ। ਸਰਕਾਰ ਨੇ ਸਾਉਣੀ 2026 ਲਈ ਡੀਏਪੀ ਦੀ 50 ਕਿਲੋਗ੍ਰਾਮ ਬੋਰੀ ਦਾ ਜ਼ਿਆਦਾ ਤੋਂ ਜ਼ਿਆਦਾ ਖੁਦਰਾ ਮੁੱਲ 1,350 ਰੁਪਏ ਬਰਕਰਾਰ ਰੱਖਣ ਲਈ ਵਾਧੂ ਸਹਾਇਤਾ ਦਿੱਤੀ ਹੈ। ਉੱਥੇ ਯੂਰੀਆ ਦੀ ਕੀਮਤ ਨੂੰ ਕੰਟਰੋਲ ਰੱਖਣ ਲਈ ਵਿਆਪਕ ਸਬਸਿਡੀ ਵਿਵਸਥਾ ਲਾਗੂ ਹੈ। ਸਾਲ 2026-27 ਦੇ ਕੇਂਦਰੀ ਬਜਟ ’ਚ ਖਾਦ ਵਿਭਾਗ ਲਈ ਲਗਭਗ 1.71 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। Indian Agriculture

ਇਨ੍ਹਾਂ ਤਰੀਕਿਆਂ ਨਾਲ ਕਿਸਾਨਾਂ ਨੂੰ ਅੰਤਰਰਾਸ਼ਟਰੀ ਕੀਮਤਾਂ ਦੇ ਅਚਾਨਕ ਵਧਣ ਤੋਂ ਕੁਝ ਸੁਰੱਖਿਆ ਮਿਲਦੀ ਹੈ, ਪਰ ਲੰਮੇ ਸਮੇਂ ’ਚ ਸੰਤੁਲਿਤ ਖਾਦ ਵਰਤੋਂ ਅਤੇ ਮਿੱਟੀ ਦੀ ਸਿਹਤ ’ਤੇ ਵੀ ਓਨਾ ਹੀ ਧਿਆਨ ਦੇਣਾ ਹੋਵੇਗਾ। ਸਭ ਤੋਂ ਵੱਡੀ ਚੁਣੌਤੀ ਪਾਣੀ ਦੀ ਹੈ। ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਅੱਜ ਖੇਤੀ ਦੇ ਸਾਹਮਣੇ ਗੰਭੀਰ ਸੰਕਟ ਬਣ ਚੁੱਕੀ ਹੈ। ਜੇ ਖੇਤੀ ਦੀ ਸਫਲਤਾ ਵੱਧ ਪਾਣੀ ਖਰਚ ਕਰਨ ਵਾਲੀਆਂ ਫਸਲਾਂ ’ਤੇ ਨਿਰਭਰ ਰਹੇਗੀ, ਤਾਂ ਆਉਣ ਵਾਲੇ ਸਾਲਾਂ ਵਿੱਚ ਕਿਸਾਨ ਹੋਰ ਵੀ ਅਸੁਰੱਖਿਅਤ ਹੋਣਗੇ।ਇਸ ਲਈ ਸੂਖਮ ਸਿੰਚਾਈ, ਬਰਸਾਤੀ ਪਾਣੀ ਸੰਗ੍ਰਹਿ, ਖੇਤ ਤਾਲਾਬ, ਨਮੀ ਸੁਰੱਖਿਆ ਤੇ ਘੱਟ ਪਾਣੀ ਵਾਲੀਆਂ ਫਸਲਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੰਗ ਹੈ। ਕਿਸਾਨ ਨੂੰ ਇਹ ਸਮਝਾਉਣਾ ਵੀ ਜ਼ਰੂਰੀ ਹੈ ਕਿ ਪਾਣੀ ਸੁਰੱਖਿਆ ਕੋਈ ਵੱਖਰਾ ਅਭਿਆਨ ਨਹੀਂ, ਖੇਤੀ ਦੀ ਲਾਗਤ ਅਤੇ ਭਵਿੱਖ ਫਸਲ ਚੱਕਰ ਵਿੱਚ ਬਦਲਾਅ ਇਸ ਦਿਸ਼ਾ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਅਜਿਹੀਆਂ ਫਸਲਾਂ ਨੂੰ ਹੱਲਾਸ਼ੇਰੀ ਦੇਣੀ ਹੋਵੇਗੀ ਜਿਨ੍ਹਾਂ ਦੀ ਪਾਣੀ ਦੀ ਲੋੜ ਘੱਟ ਹੋਵੇ।

ਉਤਪਾਦਨ ਮਿਆਦ ਛੋਟੀ ਹੋਵੇ ਅਤੇ ਬਾਜ਼ਾਰ ’ਚ ਮੰਗ ਬਣੀ ਰਹੇ। ਖੇਤੀ ਖੋਜ ਸੰਸਥਾਵਾਂ ਨੂੰ ਕਿਸਾਨਾਂ ਦੀਆਂ ਅਸਲ ਲੋੜਾਂ ਅਨੁਸਾਰ ਬੀਜ, ਖੇਤੀ ਦੀ ਤਕਨੀਕ ਤੇ ਮੌਸਮ ਅਧਾਰਿਤ ਸਲਾਹ ਵਿਕਸਿਤ ਕਰਨੀ ਹੋਵੇਗੀ। ਖੋਜ ਦਾ ਲਾਭ ਫਿਰ ਹੀ ਸਾਰਥਿਕ ਹੋਵੇਗਾ, ਜਦੋਂ ਉਹ ਪ੍ਰਯੋਗਸ਼ਾਲਾ ਤੋਂ ਨਿੱਕਲ ਕੇ ਖੇਤ ਤੱਕ ਪਹੁੰਚੇ ਅਤੇ ਕਿਸਾਨ ਉਸ ਨੂੰ ਅਸਾਨੀ ਨਾਲ ਅਪਣਾ ਸਕੇ। ਭਾਰਤ ਨੇ ਖੇਤੀ ਉਤਪਾਦਨ ’ਚ ਜ਼ਿਕਰਯੋਗ ਤਰੱਕੀ ਕੀਤੀ ਹੈ, ਪਰ ਹੁਣ ਚੁਣੌਤੀ ਉਤਪਾਦਨ ਵਧਾਉਣ ਤੋਂ ਅੱਗੇ ਦੀ ਹੈ। ਸਾਨੂੰ ਅਜਿਹੀ ਖੇਤੀ ਵਿਵਸਥਾ ਬਣਾਉਣੀ ਹੋਵੇਗੀ ਜੋ ਘੱਟ ਪਾਣੀ, ਸੰਤੁਲਿਤ ਖਾਦ, ਬਿਹਤਰ ਬੀਜ ਅਤੇ ਬਦਲਦੇ ਮੌਸਮ ਵਿਚਕਾਰ ਵੀ ਕਿਸਾਨ ਦੀ ਆਮਦਨ ਨੂੰ ਸੁਰੱਖਿਅਤ ਰੱਖ ਸਕੇ। ਮਾਨਸੂਨ ਨੂੰ ਕੰਟਰੋਲ ਕਰਨਾ ਸਾਡੇ ਹੱਥ ਵਿੱਚ ਨਹੀਂ ਹੈ, ਪਰ ਮੀਂਹ ਦੀ ਹਰ ਬੂੰਦ ਬਚਾਉਣਾ, ਫਸਲ ਦੀ ਸਹੀ ਚੋਣ ਕਰਨਾ ਅਤੇ ਸਰੋਤਾਂ ਦੀ ਸੁਚੱਜੀ ਵਰਤੋਂ ਕਰਨਾ ਸਾਡੇ ਹੱਥ ’ਚ ਹੈ। ਖੇਤੀ ਦਾ ਭਵਿੱਖ ਇਸੇ ਸਮਝਦਾਰੀ ’ਤੇ ਨਿਰਭਰ ਕਰੇਗਾ।  

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਧੁਰਜਤੀ ਮੁਖਰਜੀ

About The Author

Related Posts