Punjab
Kotkapura News: ਚੱਲਦੇ ਵਿਆਹ 'ਚ ਆਈ ਪੁਲਿਸ, ਹੋ ਗਿਆ ਹੰਗਾਮਾ, ਲੱਗੇ ਕਈ ਦੋਸ਼
ਟ੍ਰਾਂਸਫਾਰਮਰ ਤੇ ਖੇਤਾਂ ਚੋ ਮੋਟਰਾਂ ਚੋਰੀ ਦੇ ਮਾਮਲੇ 'ਚ ਸੀ ਪੁਲਿਸ ਨੂੰ ਲੋੜੀਂਦਾ
ਕੋਟਕਪੂਰਾ (ਅਜੈ ਮਨਚੰਦਾ)। ਫਰੀਦਕੋਟ ਦੇ ਪਿੰਡ ਸੰਧਵਾਂ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਵਿਆਹ ਸਮਾਗਮ ਵਿੱਚ ਰੰਗ ਵਿੱਚ ਭੰਗ ਪੈ ਗਿਆ। ਪੁਲਿਸ ਵੱਲੋਂ ਆਨੰਦ ਕਾਰਜਾਂ ਦੇ ਦੌਰਾਨ ਲੜਕੀ ਦੇ ਪਿਤਾ ਨੂੰ ਜਬਰੀ ਚੁੱਕ ਕੇ ਆਪਣੀ ਗੱਡੀ ਵਿੱਚ ਨਾਲ ਲਿਜਾਇਆ ਗਿਆ ਹਾਲਾਂਕਿ ਇਸ ਗਿਰਫਤਾਰੀ ਮੌਕੇ ਕਾਫੀ ਹੰਗਾਮਾ ਵੀ ਹੋਇਆ ਜਿੱਥੇ ਪਰਿਵਾਰਕ ਮੈਬਰਾਂ ਅਤੇ ਪੁਲਿਸ 'ਚ ਧੱਕਾ-ਮੁੱਕੀ ਵੀ ਹੋਈ ਅਤੇ ਗ੍ਰਿਫ਼ਤਾਰੀ ਦੇ ਵਿਰੋਧ 'ਚ ਇੱਕ ਵਿਅਕਤੀ ਪੁਲਿਸ ਦੀ ਗੱਡੀ ਅੱਗੇ ਲੇਟ ਗਿਆ ਜਿਸ ਨੂੰ ਜਬਰੀ ਘੜੀਸ ਕੇ ਪਾਸੇ ਕਰ ਪੁਲਿਸ ਮੁਲਜ਼ਮ ਨੂੰ ਲੈ ਕੇ ਨਿਕਲ ਗਈ। ਹੱਥੋਪਾਈ ਦੌਰਾਨ ਪੁਲਿਸ ਮੁਲਾਜ਼ਮ ਪਿਸਟਲ ਵੀ ਲਹਿਰਾਉਂਦਾ ਨਜ਼ਰ ਆਇਆ।
Read Also : ਕਾਂਗਰਸ ਦੇ ਸਾਬਕਾ ਸੰਸਦ ਮੈਂਬਰ Sajjan Kumar ਦਾ ਦੇਹਾਂਤ
ਇਸ ਮੌਕੇ ਲੜਕੀ ਦੇ ਭਰਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਭੈਣ ਦਾ ਵਿਆਹ ਸੀ ਅਤੇ ਅਨੰਦ ਕਾਰਜ ਹੋ ਰਹੇ ਸਨ ਕੇ ਉਸੇ ਵੇਲੇ ਆਪਣੇ-ਆਪ ਨੂੰ ਗਿੱਦੜਬਾਹਾ ਦੀ ਪੁਲਿਸ ਦੇ ਮੁਲਾਜ਼ਮ ਦਸ ਜਿਨ੍ਹਾਂ ਨੇ ਸਿਵਲ ਕਪੜੇ ਪਾਏ ਹੋਏ ਸਨ ਜਬਰੀ ਉਨ੍ਹਾਂ ਦੇ ਪਿਤਾ ਨੂੰ ਟ੍ਰਾਂਸਫਾਰਮਰ ਅਤੇ ਮੋਟਰਾਂ ਚੋਰੀ ਦੇ ਮਾਮਲੇ 'ਚ ਸ਼ਾਮਲ ਦੱਸ ਧੱਕੇ ਨਾਲ ਚੱਲਦੇ ਕਾਰਜ 'ਚੋ ਜ਼ਬਰਦਸਤੀ ਚੁੱਕ ਯੂਪੀ ਨੰਬਰ ਦੀ ਗੱਡੀ 'ਚ ਬਿਠਾ ਕੇ ਲੇ ਗਏ। ਉਨ੍ਹਾਂ ਕਿਹਾ ਕਿ ਭਾਵੇਂ ਕੇ ਪਹਿਲਾ ਉਨ੍ਹਾਂ ਦੇ ਪਿਤਾ ਦਾ ਨਾਮ ਚੋਰੀ ਮਾਮਲੇ 'ਚ ਆਇਆ ਸੀ ਪਰ ਉਹ ਹੁਣ ਇਹ ਸਾਰੇ ਮਾੜੇ ਕੰਮ ਛੱਡ ਚੁੱਕੇ ਸਨ ਪਰ ਪੁਲੀਸ ਧੱਕੇ ਨਾਲ ਉਨ੍ਹਾਂ ਨੂੰ ਹੋਰ ਮਾਮਲੇ 'ਚ ਫਸਾ ਰਹੀ ਹੈ।

ਇਸ ਮਾਮਲੇ 'ਚ ਥਾਣਾ ਗਿੱਦੜਬਾਹਾ ਦੇ ਥਾਣਾ ਮੁਖੀ ਪਰਵਿੰਦਰ ਸਿੰਘ ਨੇ ਕਿਹਾ ਕਿ ਗਰੀਬ ਸਿੰਘ ਉਰਫ ਰਾਜੂ ਨਾਮਕ ਵਿਅਕਤੀ ਦੇ ਖਿਲਾਫ ਥਾਣਾ ਗਿੱਦੜਬਾਹਾ ਚ ਟ੍ਰਾਂਸਫਾਰਮਰ ਅਤੇ ਮੋਟਰਾਂ ਚੋਰੀ ਦੇ ਮਾਮਲੇ 'ਚ FIR ਦਰਜ਼ ਹੈ ਜੋ ਕਿ ਗਿਰੋਹ ਦੇ ਰੂਪ 'ਚ ਕੰਮ ਕਰਦੇ ਹਨ ਅਤੇ ਇਸ ਗਿਰੋਹ ਦੇ ਪੰਜ ਵਿਅਕਤੀ ਪਹਿਲਾ ਕਾਬੂ ਕਰ ਚੁੱਕੇ ਹਾਂ ਅਤੇ ਅੱਜ ਸੂਚਨਾ ਮਿਲੀ ਸੀ ਕੇ ਇਹ ਪਿੰਡ ਸੰਧਵਾਂ ਚ ਇੱਕ ਵਿਆਹ ਸਮਾਗਮ ਚ ਸ਼ਾਮਲ ਹੋਣ ਆਇਆ ਜਿੱਥੇ ਸਾਡੀ ਟੀਮ ਜਿਸ 'ਚ ਕੁਝ ਸਿਵਲ ਵਰਦੀ 'ਚ ਸਨ ਅਤੇ ਕੁਝ ਵਰਦੀ ਚ ਮੁਲਾਜ਼ਮ ਸਨ ਉਨ੍ਹਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਲੜਕੀ ਦਾ ਅਸਲ ਪਿਤਾ ਨਹੀਂ ਬਲਕਿ ਧਰਮ ਦਾ ਪਿਤਾ ਬਣਿਆ ਹੋਇਆ ਹੈ ।ਉਨ੍ਹਾਂ ਕੁੱਟਮਾਰ ਦੇ ਇਲਜ਼ਾਮਾਂ ਨੂੰ ਨਕਾਰਦੇ ਕਿਹਾ ਕਿ ਸਾਡੇ ਵੱਲੋ ਕੋਈ ਕੁੱਟਮਾਰ ਨਹੀਂ ਕੀਤੀ ਗਈ ਉਲਟਾ ਉਸਦੇ ਪਰਿਵਾਰਕ ਮੈਬਰਾਂ ਵੱਲੋਂ ਹੱਥੋਪਾਈ ਕੀਤੀ ਗਈ।ਉਨ੍ਹਾਂ ਕਿਹਾ ਕਿ ਫਿਲਹਾਲ ਉਸ ਦੇ ਗ੍ਰਿਫਤਾਰੀ ਕੋਟਕਪੂਰਾ ਥਾਣਾ 'ਚ ਪਾਈ ਜਾ ਚੁੱਕੀ ਹੈ।