Punjab
Barnala News: ਕਾਂਗਰਸ ਦੀ ‘ਸੰਪਰਕ ਮੁਹਿੰਮ’, ਤੀਜੇ ਦਿਨ ਵੀ ਹੰਗਾਮੇਦਾਰ, ‘ਚੰਨੀ ਲਿਆਓ’ ਦੇ ਗੂੰਜੇ ਨਾਅਰੇ
ਮੀਡੀਆ ਵੱਲੋਂ ਨਾਅਰਿਆਂ ਬਾਰੇ ਪੁੱਛੇ ਜਾਣ ’ਤੇ ਰਾਜਾ ਵੜਿੰਗ ਨੇ ਲਾਇਆ ‘ਚਰਨਜੀਤ ਸਿੰਘ ਚੰਨੀ ਜਿੰਦਾਬਾਦ’ ਦਾ ਨਾਅਰਾ
ਬਰਨਾਲਾ (ਜਸਵੀਰ ਗਹਿਲ)। ਬਰਨਾਲਾ ਵਿਖੇ ਅੱਜ ਕਾਂਗਰਸ ਪਾਰਟੀ ਦੀ ‘ਸੰਪਰਕ ਮੁਹਿੰਮ’ ਵਿੱਚ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਹਮਣੇ ਜ਼ੋਰਦਾਰ ਹੰਗਾਮਾ ਹੋਇਆ, ਜਿਸ ’ਚ ਕੁਝ ਵਿਅਕਤੀਆਂ ਨੇ ‘ਚੰਨੀ ਲਿਆਓ, ਪੰਜਾਬ ਬਚਾਓ’ ਦੇ ਨਾਅਰੇ ਮਾਰੇ।
ਫਤਹਿਗੜ੍ਹ ਤੋਂ ਸ਼ੁਰੂ ਹੋਈ ਕਾਂਗਰਸ ਦੀ ‘ਸੰਪਰਕ ਮੁਹਿੰਮ’ ਤਹਿਤ ਪਟਿਆਲਾ ਅਤੇ ਸੰਗਰੂਰ ’ਚ ਹੰਗਾਮੇਦਾਰ ਰਹੀਆਂ ਮੀਟਿੰਗਾਂ ਵਾਂਗ ਹੀ ਐਤਵਾਰ ਨੂੰ ਇੱਥੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ ’ਚ ਵੀ ਮੌਜ਼ੂਦ ਕੁਝ ਲੋਕਾਂ ਨੇ ਸਿਆਸੀ ਨਾਅਰੇਬਾਜ਼ੀ ਕੀਤੀ।
ਮਾਹੌਲ ਉਸ ਵੇਲੇ ਗਰਮ ਹੋ ਗਿਆ, ਜਦੋਂ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਬੋਲਣ ਲਈ ਖੜੇ੍ਹ ਹੋਏ ਤਾਂ ਹਾਲ ’ਚ ਕੁਝ ਵਿਅਕਤੀ ਆਪਣੀਆਂ ਕੁਰਸੀਆਂ ਤੋਂ ਖੜ੍ਹੇ ਹੋ ਕੇ ਉੱਚੀ- ਉੱਚੀ ਰੌਲਾ ਪਾਉਣ ਲੱਗ ਪਏ। ਜਿਹਨਾਂ ਨੇ ਰੋਕਣ ਦੇ ਬਾਵਜੂਦ ਆਪਣੀ ਕਾਵਾਂ- ਰੌਲੀ ਜਾਰੀ ਰੱਖੀ। ਇਸ ਦੌਰਾਨ ਹੀ ‘ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਤੇ ਪੰਜਾਬ ਬਚਾਓ, ਚੰਨੀ ਲਿਆਓ’ ਦੇ ਨਾਅਰੇ ਵੀ ਲੱਗੇ, ਜਦੋਂਕਿ ਚੰਨੀ ਇਸ ਮੀਟਿੰਗ ਵਿੱਚ ਮੌਜ਼ੂਦ ਵੀ ਨਹੀਂ ਸਨ। ਸਮਰਥਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਅੰਦਰ ਕਾਂਗਰਸ ਨੂੰ ਮੁੜ ਸੁਰਜੀਤ ਕਰਨ ਤੇ ਮਜ਼ਬੂਤ ਕਰਨ ਲਈ ਚੰਨੀ ਦੀ ਅਗਵਾਈ ਜ਼ਰੂਰੀ ਹੈ।
Read Also : ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀਗੁਰੂਸਰ ਮੋਡੀਆ ’ਚ ਮੁਫਤ ਮੈਡੀਕਲ ਜਾਂਚ ਕੈਂਪ ’ਚ 487 ਦਾ ਚੈੱਕਅੱਪ
ਮੰਚ ਤੋਂ ਬੋਲਦਿਆਂ ਰਾਜਾ ਵੜਿੰਗ ਨੇ ਜਿੱਥੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ’ਚ ਕੀਤੇ ਹਰ ਹੀਲੇ ਵਸੀਲੇ ਦਾ ਜ਼ਿਕਰ ਕੀਤਾ, ਉੱਥੇ ਪਿਛਲੇ ਦਿਨੀਂ ਉਨ੍ਹਾਂ ਦੀ ਚੰਨੀ ਧੜੇ ਨਾਲ ਖੜ੍ਹਨ ਜਾਂ ਉਨ੍ਹਾਂ ਦੇ ਘਰ ਮੀਟਿੰਗ ਕਰਨ ਦੀ ਗੱਲ ਵੀ ਰਾਜਾ ਵੜਿੰਗ ਨੂੰ ਰੜਕੀ। ਇਸ ਦੌਰਾਨ ਉਨ੍ਹਾਂ ਕਾਲਾ ਢਿੱਲੋਂ ਨੂੰ ‘ਸਿਆਸਤ ਦਾ ਬਾਬਾ ਬੋਹੜ’ ਆਖਦਿਆਂ ਸੰਬੋਧਨ ਕੀਤਾ।
ਕਾਂਗਰਸ ਦੇ ਇਹਨਾਂ ਕੇਂਦਰੀ ਤੇ ਸੂਬਾਈ ਆਗੂਆਂ ਨਾਲ ਸਿਵਲ ਵਰਦੀ ’ਚ ਮੌਜ਼ੂਦ ਕੁਝ ਲੋਕਾਂ ਨੇ ਚੰਨੀ ਦੇ ਹੱਕ ’ਚ ਨਾਅਰੇ ਲਾਉਣ ਵਾਲੇ ਤੇ ਉਨ੍ਹਾਂ ਦੀ ਕਵਰੇਜ ਕਰਨ ਵਾਲੇ ਮੀਡੀਆ ਨੂੰ ਵੀ ਪੈਲਸ ’ਚੋਂ ਬਾਹਰ ਕੱਢਣ ਦੇ ਲਗਾਤਾਰ ਯਤਨ ਜਾਰੀ ਰੱਖੇ।
ਭਾਵੇਂ ਰਾਜਾ ਵੜਿੰਗ ਨੇ ਇਸ ਮੀਟਿੰਗ ’ਚ ਮੀਡੀਆ ਦਾ ਦਾਖਲਾ ਨਾ ਹੋਣ ਦੀ ਗੱਲ ਆਖੀ, ਪਰ ਜਦੋਂ ਉਨ੍ਹਾਂ ਨੂੰ ਸਥਾਨਕ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਭੇਜਿਆ ਗਿਆ ਸੱਦਾ ਦਿਖਾਇਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ।
ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੀ ਮੀਟਿੰਗ ’ਚ ਚੰਨੀ ਦੇ ਹੱਕ ਵਿੱਚ ਲੱਗੇ ਨਾਅਰੇ ਨੂੰ ‘ਆਪ’ ਸਰਕਾਰ ਪਾਕਿਸਤਾਨ ਦੇ ਨਾਅਰੇ ਵਾਂਗ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਰ ਕੀ ਹੋਇਆ ਜੇਕਰ ਚੰਨੀ ਦੇ ਹੱਕ ’ਚ ਨਾਅਰਾ ਲੱਗ ਗਿਆ, ਉਹ ਵੀ ਉਨ੍ਹਾਂ ਦੇ ਹੀ ਸਾਬਕਾ ਮੁੱਖ ਮੰਤਰੀ ਹਨ। ਇਸ ਵਿੱਚ ਆਮ ਆਦਮੀ ਪਾਰਟੀ ਨੂੰ ਕੀ ਇਤਰਾਜ਼ ਹੈ। ਉਨ੍ਹਾਂ ਅੱਗੇ ਖੁਦ ਸ. ਚਰਨਜੀਤ ਸਿੰਘ ਚੰਨੀ ਜਿੰਦਾਬਾਦ ਦਾ ਨਾਅਰਾ ਲਾਉਂਦੇ ਹੋਏ ਇਸ ਗੱਲ ਨੂੰ ਖ਼ਤਮ ਕਰਨ ਦਾ ਦਾਅਵਾ ਵੀ ਕੀਤਾ।
ਵੜਿੰਗ ਨੇ ਪੜ੍ਹਾਇਆ ਅਨੁਸ਼ਾਸਨ ਦਾ ਪਾਠ
ਮੀਟਿੰਗ ਦੌਰਾਨ ਹੋਈ ਨਾਅਰੇਬਾਜ਼ੀ ’ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਹੋਣ ਦੇ ਨਾਤੇ ਹਰੇਕ ਵਰਕਰ ਨੂੰ ਆਪਣੀ ਭਾਵਨਾ ਪ੍ਰਗਟਾਉਣ ਦਾ ਪੂਰਾ ਹੱਕ ਹੈ, ਪਰ ਪਾਰਟੀ ਦਾ ਜਥੇਬੰਦਕ ਅਨੁਸ਼ਾਸਨ ਸਭ ਤੋਂ ਉੱਪਰ ਹੈ ਤੇ ਇਸ ਨੂੰ ਕਾਇਮ ਰੱਖਣਾ ਹਰ ਆਗੂ ਤੇ ਵਰਕਰ ਦੀ ਜ਼ਿੰਮੇਵਾਰੀ ਹੈ।
‘ਇੱਕ ਵੀ ਸੀਟ ਨਹੀਂ ਮਿਲਣੀ’
ਮੀਟਿੰਗ ਉਪਰੰਤ ਭੋਲਾ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਨਾਲ ਪਿੰਡ ਦੀ ਪੂਰੀ ਪੰਚਾਇਤ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਜੇਕਰ ਚੰਨੀ ਨੂੰ ਮੂਹਰੇ ਲਾਇਆ ਜਾਵੇ ਤਾਂ ਹੀ ਪੰਜਾਬ ’ਚ ਕਾਂਗਰਸ ਪਾਰਟੀ ਜਿੱਤ ਸਕਦੀ ਹੈ, ਨਹੀਂ ਤਾਂ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਆਉਣੀ। ਉਨ੍ਹਾਂ ਕਿਹਾ ਕਿ ਲੋਕ ਚੰਨੀ ਨੂੰ ਚਾਹੁੰਦੇ ਹਨ, ਜਿਨ੍ਹਾਂ ਦੀ ਅਗਵਾਈ ’ਚ ਹੀ ਕਾਂਗਰਸ ਨੂੰ ਬਚਾਇਆ ਜਾ ਸਕਦਾ ਹੈ।