Punjab
IND vs SL: ਕੀ ਸ਼੍ਰੀਲੰਕਾ ਦੀ ਸਪਿਨ ਚੁਣੌਤੀ ਨੂੰ ਖੇਡ ਸਕੇਗੀ ਟੀਮ ਇੰਡੀਆ? ਭਲਕੇ ਭਾਰਤ ਦਾ 600ਵਾਂ ਟੈਸਟ ਮੁਕਾਬਲਾ
ਭਲਕੇ ਭਾਰਤ ਦਾ 600ਵਾਂ ਟੈਸਟ ਮੁਕਾਬਲਾ, ਜਿੱਤੇ ਤਾਂ ਕਰਨਗੇ ਵੈਸਟਇੰਡੀਜ ਦੀ ਬਰਾਬਰੀ
IND vs SL: ਸਪੋਰਟਸ ਡੈਸਕ। ਭਾਰਤ 15 ਅਗਸਤ ਨੂੰ ਆਪਣਾ 600ਵਾਂ ਟੈਸਟ ਮੁਕਾਬਲਾ ਖੇਡੇਗਾ। ਇਹ ਮੈਚ ਸ਼੍ਰੀਲੰਕਾ ਵਿਰੁੱਧ ਗਾਲੇ ਇੰਟਰਨੈਸ਼ਨਲ ਸਟੇਡੀਅਮ ’ਚ ਸਵੇਰੇ 10:00 ਵਜੇ ਸ਼ੁਰੂ ਹੋਵੇਗਾ। ਜੇਕਰ ਭਾਰਤ ਇਹ ਮੈਚ ਜਿੱਤ ਜਾਂਦਾ ਹੈ, ਤਾਂ ਇਹ ਸਭ ਤੋਂ ਵੱਧ ਟੈਸਟ ਮੈਚ ਜਿੱਤਣ ਦੇ ਮਾਮਲੇ ’ਚ ਵੈਸਟਇੰਡੀਜ਼ ਦੀ ਬਰਾਬਰੀ ਕਰ ਲਵੇਗਾ।
ਭਾਰਤ ਨੇ ਸ਼੍ਰੀਲੰਕਾ ਵਿਰੁੱਧ 48 ਫੀਸਦੀ ਮੈਚ ਆਪਣੇ ਨਾਂਅ ਕੀਤੇ
ਭਾਰਤੀ ਟੀਮ ਨੇ ਸ਼੍ਰੀਲੰਕਾ ਵਿਰੁੱਧ 46 ਮੈਚ ਖੇਡੇ ਹਨ। ਇਨ੍ਹਾਂ ’ਚੋਂ, ਇਸਨੇ 22 ਜਿੱਤੇ ਹਨ, ਜੋ ਕਿ 48 ਫੀਸਦੀ ਹੈ, 7 ਹਾਰੇ ਹਨ, ਤੇ 17 ਮੈਚ ਡਰਾਅ ਹੋਏ ਹਨ। ਸ਼੍ਰੀਲੰਕਾ ਦੀਆਂ ਪਿੱਚਾਂ ’ਤੇ ਭਾਰਤ ਦਾ ਜਿੱਤ ਦਾ ਰਿਕਾਰਡ 38 ਫੀਸਦੀ ਹੈ। ਟੀਮ ਨੇ ਸ਼੍ਰੀਲੰਕਾ ’ਚ 24 ਮੈਚ ਖੇਡੇ ਹਨ, ਜਿਨ੍ਹਾਂ ’ਚੋਂ 9 ਜਿੱਤੇ ਹਨ ਤੇ 7 ਹਾਰੇ ਹਨ, ਜਿਨ੍ਹਾਂ ’ਚੋਂ 8 ਮੈਚ ਡਰਾਅ ਹੋਏ ਹਨ।
ਇਹ ਵੀ ਪੜ੍ਹੋ : Students’ Dignity: ਵਿਦਿਆਰਥੀਆਂ ਦੀ ਸ਼ਾਨ ਤੋਂ ਵੱਡਾ ਕੁਝ ਨਹੀਂ, ਵਿਵਸਥਾ ਨੂੰ ਬਦਲਣਾ ਪਵੇਗਾ
ਕੀ ਹੋਣਗੀਆਂ ਚੁਣੌਤੀਆਂ? | IND vs SL
- ਭਾਰਤੀ ਬੱਲੇਬਾਜ਼ਾਂ ਲਈ ਸਭ ਤੋਂ ਵੱਡੀ ਚੁਣੌਤੀ ਸਪਿਨ ਟਰੈਕਾਂ ’ਤੇ ਬੱਲੇਬਾਜ਼ੀ ਕਰਨਾ ਹੋਵੇਗਾ। ਉਨ੍ਹਾਂ ਨੇ ਘਾਹ ਵਾਲੀਆਂ ਪਿੱਚਾਂ ’ਤੇ ਅਭਿਆਸ ਮੈਚ ਖੇਡੇ, ਜਦੋਂ ਕਿ ਗਾਲੇ ਦੀ ਪਿੱਚ ਨੂੰ ਸਪਿਨ-ਅਨੁਕੂਲ ਮੰਨਿਆ ਜਾਂਦਾ ਹੈ। ਭਾਰਤੀ ਬੱਲੇਬਾਜ਼ 2021 ਤੋਂ ਸਪਿਨਰਾਂ ਵਿਰੁੱਧ ਸੰਘਰਸ਼ ਕਰ ਰਹੇ ਹਨ।
- ਟੀਮ ਸੱਟਾਂ ਨਾਲ ਜੂਝ ਰਹੀ ਹੈ। ਜਸਪ੍ਰੀਤ ਬੁਮਰਾਹ, ਵਾਸ਼ਿੰਗਟਨ ਸੁੰਦਰ, ਸਾਈ ਸੁਦਰਸ਼ਨ ਤੇ ਹਰਸ਼ਿਤ ਰਾਣਾ ਵਰਗੇ ਨਿਯਮਤ ਖਿਡਾਰੀ ਜ਼ਖਮੀ ਹਨ। ਸਰਾਂਸ਼ ਜੈਨ ਤੇ ਗੁਰਨੂਰ ਬਰਾੜ ਵਰਗੇ ਨਵੇਂ ਖਿਡਾਰੀਆਂ ਨੂੰ ਮੌਕੇ ਦਿੱਤੇ ਹਨ।
- ਕਪਤਾਨ ਸ਼ੁਭਮਨ ਗਿੱਲ ਸਮੇਤ 12 ਖਿਡਾਰੀਆਂ ਨੇ ਸ਼੍ਰੀਲੰਕਾ ’ਚ ਇੱਕ ਵੀ ਟੈਸਟ ਨਹੀਂ ਖੇਡਿਆ ਹੈ। ਸਿਰਫ ਚਾਰ ਖਿਡਾਰੀਆਂ ਨੂੰ ਸ਼੍ਰੀਲੰਕਾ ’ਚ ਖੇਡਣ ਦਾ ਤਜਰਬਾ ਹੈ।
ਕਿਹੜੇ ਖਿਡਾਰੀਆਂ ’ਤੇ ਰਹਿਣਗੀਆਂ ਨਜ਼ਰਾਂ
- ਸਰਫਰਾਜ਼ ਖਾਨ : ਸਰਫਰਾਜ਼ ਖਾਨ ਲਗਭਗ 2 ਸਾਲਾਂ ਬਾਅਦ ਟੈਸਟ ਟੀਮ ’ਚ ਵਾਪਸੀ ਕਰ ਰਹੇ ਹਨ। ਚੇਤੇਸ਼ਵਰ ਪੁਜਾਰਾ ਤੋਂ ਬਾਅਦ ਅਜੇ ਤੱਕ ਭਾਰਤੀ ਟੀਮ ਨੂੰ ਨੰਬਰ-3 ’ਤੇ ਬੱਲਬਾਜ਼ੀ ਕਰਨ ਵਾਲਾ ਬੱਲੇਬਾਜ਼ ਨਹੀਂ ਮਿਲਿਆ ਹੈ। ਨੰਬਰ-3 ’ਤੇ 4-5 ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ ਪਰ ਕੋਈ ਵੀ ਬੱਲੇਬਾਜ਼ ਅਜੇ ਤੱਕ ਠੀਕ ਨਹੀਂ ਬੈਠਿਆ ਹੈ। ਇਸ ਲਈ, ਸਾਰੀਆਂ ਨਜ਼ਰਾਂ ਸਰਫਰਾਜ਼ ਦੇ ਪ੍ਰਦਰਸ਼ਨ ’ਤੇ ਹੋਣਗੀਆਂ।
- ਮੁਹੰਮਦ ਸਿਰਾਜ : ਜ਼ਖਮੀ ਜਸਪ੍ਰੀਤ ਬੁਮਰਾਹ ਇਸ ਦੌਰੇ ਦਾ ਹਿੱਸਾ ਨਹੀਂ ਹੈ। ਸਿਰਾਜ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਨਗੇ।
- ਸਰਾਂਸ਼ ਜੈਨ : ਆਫ-ਸਪਿਨ ਗੇਂਦਬਾਜ਼ੀ ਕਰਦੇ ਹਨ। ਵਾਸ਼ਿੰਗਟਨ ਸੁੰਦਰ ਦੀ ਭੂਮਿਕਾ ਹੁਣ ਸਾਰਾਂਸ਼ ਜੈਨ ਨੂੰ ਨਿਭਾਉਣੀ ਹੋਵੇਗੀ। ਟੀਮ ਅਸ਼ਵਿਨ ਤੋਂ ਬਾਅਦ ਇੱਕ ਮਾਹਰ ਸਪਿਨਰ ਦੀ ਭਾਲ ਕਰ ਰਹੀ ਹੈ। ਹਾਲਾਂਕਿ, ਸੁੰਦਰ ਟੀਮ ਦੇ ਇੱਕ ਨਿਯਮਤ ਮੈਂਬਰ ਹੈ।
ਗਾਲੇ ’ਚ ਸਪਿਨਰਾਂ ਨੇ ਹਾਸਲ ਕੀਤੀਆਂ 68 ਫੀਸਦੀ ਵਿਕਟਾਂ
ਗਾਲੇ ਇੰਟਰਨੈਸ਼ਨਲ ਸਟੇਡੀਅਮ ਦੀ ਪਿੱਚ ਨੂੰ ਰਵਾਇਤੀ ਤੌਰ ’ਤੇ ਸਪਿਨ-ਅਨੁਕੂਲ ਪਿੱਚ ਮੰਨਿਆ ਜਾਂਦਾ ਹੈ। ਇਸ ਮੈਦਾਨ ’ਤੇ 49 ਮੈਚ ਖੇਡੇ ਗਏ ਹਨ, ਤੇ ਸਪਿਨਰਾਂ ਨੇ 68 ਫੀਸਦੀ ਵਿਕਟਾਂ ਲਈਆਂ ਹਨ। 26 ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ, ਜਦੋਂ ਕਿ 16 ਮੈਚ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ।
ਭਾਰਤ ਦੀ ਸੰਭਾਵਿਤ ਪਲੇਇੰਗ-11
ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਦੇਵਦੱਤ ਪਡਿੱਕਲ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ, ਰਵਿੰਦਰ ਜਡੇਜਾ, ਸਰਾਂਸ਼ ਜੈਨ/ਮਾਨਵ ਸੁਥਾਰ, ਕੁਲਦੀਪ ਯਾਦਵ, ਪ੍ਰਸਿਧ ਕ੍ਰਿਸ਼ਨਾ ਤੇ ਮੁਹੰਮਦ ਸਿਰਾਜ।