Punjab
Punjab Congress News: ‘ਹਰ ਬੂਥ ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੀ ਸ਼ੁਰੂਆਤ ’ਚ ਹੀ ਛਿੜਿਆ ਵਿਵਾਦ
ਸਟੇਜ ’ਤੇ ਚੜ੍ਹਨ ਨੂੰ ਲੈ ਕੇ ਕਾਂਗਰਸ ਦੇ ਦੋ ਧੜੇ ਆਹਮੋ-ਸਾਹਮਣੇ, ਸਮਰਥਕਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ
Punjab Congress News:
ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਮਾਲੇਰਕੋਟਲਾ ਵਿਖੇ ਕਾਂਗਰਸ ਪਾਰਟੀ ਵੱਲੋਂ ‘ਹਰ ਬੂਥ ਕਾਂਗਰਸ ਮਜ਼ਬੂਤ’ ਅਭਿਆਨ ਤਹਿਤ ਕਰਵਾਏ ਗਏ ਪ੍ਰੋਗਰਾਮ ਦੀ ਸ਼ੁਰੂਆਤ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਈ, ਜਦੋਂ ਸਟੇਜ ’ਤੇ ਚੜ੍ਹਨ ਨੂੰ ਲੈ ਕੇ ਕਾਂਗਰਸ ਦੇ ਦੋ ਧੜਿਆਂ ਨਾਲ ਸਬੰਧਤ ਨੇਤਾ ਅਤੇ ਵਰਕਰ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਦੋਵਾਂ ਧਿਰਾਂ ਦੇ ਸਮਰਥਕਾਂ ਵੱਲੋਂ ਆਪਣੇ-ਆਪਣੇ ਨੇਤਾਵਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ, ਜਿਸ ਕਾਰਨ ਕੁਝ ਸਮੇਂ ਲਈ ਪ੍ਰੋਗਰਾਮ ਵਾਲੀ ਥਾਂ ’ਤੇ ਤਣਾਅਪੂਰਨ ਮਾਹੌਲ ਬਣਿਆ ਰਿਹਾ।
ਜਾਣਕਾਰੀ ਅਨੁਸਾਰ, ਪ੍ਰੋਗਰਾਮ ਦੌਰਾਨ ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਜਦੋਂ ਸਟੇਜ ਵੱਲ ਜਾਣ ਲੱਗੇ ਤਾਂ ਉੱਥੇ ਮੌਜੂਦ ਰਜ਼ੀਆ ਸੁਲਤਾਨਾ ਦੇ ਧੜੇ ਨਾਲ ਸਬੰਧਤ ਕੁਝ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਸਟੇਜ ’ਤੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਕਰਾਰ ਦੀ ਸਥਿਤੀ ਬਣ ਗਈ ਅਤੇ ਮੌਕੇ ’ਤੇ ਮੌਜ਼ੂਦ ਸਮਰਥਕਾਂ ਨੇ ਆਪਣੇ-ਆਪਣੇ ਆਗੂਆਂ ਦੇ ਹੱਕ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਦੇਖਦੇ ਹੀ ਦੇਖਦੇ ਮਾਹੌਲ ਗਰਮਾ ਗਿਆ ਅਤੇ ਮੁੱਖ ਮੰਚ ਦੇ ਸਾਹਮਣੇ ਵਰਕਰਾਂ ਵਿੱਚ ਕਾਫ਼ੀ ਹਲਚਲ ਦੇਖਣ ਨੂੰ ਮਿਲੀ। ਇੱਕ ਪਾਸੇ ਜਸਵੀਰ ਸਿੰਘ ਜੱਸੀ ਦੇ ਸਮਰਥਕ ਉਨ੍ਹਾਂ ਦੇ ਹੱਕ ਵਿੱਚ ਨਾਅਰੇ ਲਗਾਉਂਦੇ ਰਹੇ, ਜਦੋਂਕਿ ਦੂਜੇ ਪਾਸੇ ਰਜ਼ੀਆ ਸੁਲਤਾਨਾ ਦੇ ਸਮਰਥਕਾਂ ਵੱਲੋਂ ਵੀ ਆਪਣੇ ਆਗੂ ਦੇ ਸਮਰਥਨ ਵਿੱਚ ਆਵਾਜ਼ ਬੁਲੰਦ ਕੀਤੀ ਗਈ। ਸਥਿਤੀ ਨੂੰ ਵਿਗੜਦਾ ਦੇਖ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਖ਼ੁਦ ਸਟੇਜ ਤੋਂ ਹੇਠਾਂ ਆ ਕੇ ਮੌਕੇ ’ਤੇ ਮੌਜ਼ੂਦ ਵਰਕਰਾਂ ਅਤੇ ਲੋਕਾਂ ਨੂੰ ਸੰਬੋਧਨ ਕਰਨਾ ਪਿਆ। ਉਨ੍ਹਾਂ ਨੇ ਸਾਰਿਆਂ ਨੂੰ ਸ਼ਾਂਤ ਰਹਿਣ ਅਤੇ ਪਾਰਟੀ ਦੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਉਣ ਦੀ ਅਪੀਲ ਕੀਤੀ। ਹਾਲਾਂਕਿ ਇਸ ਤੋਂ ਬਾਅਦ ਵੀ ਕੁਝ ਸਮੇਂ ਤੱਕ ਦੋਵਾਂ ਧਿਰਾਂ ਦੇ ਸਮਰਥਕਾਂ ਵੱਲੋਂ ਨਾਅਰੇਬਾਜ਼ੀ ਜਾਰੀ ਰਹੀ।
ਇਹ ਵੀ ਪੜ੍ਹੋ: Grenade Attack Case: ਸੀਆਈ ਜਲੰਧਰ ਤੇ ਬਟਾਲਾ ਪੁਲਿਸ ਨੇ ਗ੍ਰਨੇਡ ਹਮਲੇ ’ਚ ਸ਼ਾਮਲ ਤੀਜ਼ਾ ਮੁਲਜ਼ਮ ਕੀਤਾ ਗ੍ਰਿਫਤਾਰ
ਜ਼ਿਕਰਯੋਗ ਹੈ ਕਿ ‘ਹਰ ਬੂਥ ਕਾਂਗਰਸ ਮਜ਼ਬੂਤ’ ਅਭਿਆਨ ਦਾ ਮੁੱਖ ਉਦੇਸ਼ ਕਾਂਗਰਸ ਦੇ ਸੰਗਠਨ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨਾ ਅਤੇ ਵਰਕਰਾਂ ਨੂੰ ਇਕਜੁੱਟ ਕਰਨਾ ਹੈ। ਪਰ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਸਾਹਮਣੇ ਆਈ ਇਹ ਤਕਰਾਰ ਪਾਰਟੀ ਅੰਦਰ ਚੱਲ ਰਹੀ ਧੜੇਬੰਦੀ ਨੂੰ ਲੈ ਕੇ ਸਿਆਸੀ ਚਰਚਾ ਦਾ ਵਿਸ਼ਾ ਬਣ ਗਈ। ਹੁਣ ਦੇਖਣਾ ਹੋਵੇਗਾ ਕਿ ਪਾਰਟੀ ਲੀਡਰਸ਼ਿਪ ਮਾਲੇਰਕੋਟਲਾ ਵਿੱਚ ਵੱਖ-ਵੱਖ ਧੜਿਆਂ ਵਿਚਕਾਰ ਪੈਦਾ ਹੋਏ ਇਸ ਤਣਾਅ ਨੂੰ ਕਿਸ ਤਰ੍ਹਾਂ ਸੁਲਝਾਉਂਦੀ ਹੈ।