Punjab
Canada News: ਕੈਨੇਡਾ ’ਚ ਸੜਕ ਹਾਦਸੇ ਦੌਰਾਨ ਲੁਧਿਆਣਾ ਦੀ ਰਮਨਦੀਪ ਕੌਰ ਸਮੇਤ 3 ਦੀ ਮੌਤ
ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੈਨੇਡਾ ਦੀ ਸੁਧਾਰ ਸੇਵਾ ਦੀ ਇੱਕ ਮਿਨੀਵੈਨ ਇੱਕ ਕੈਦੀ ਨੂੰ ਲੈ ਕੇ ਜਾ ਰਹੀ ਸੀ ਤੇ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ
ਲੁਧਿਆਣਾ (ਸੱਚ ਕਹੂੰ ਨਿਊਜ਼/ਹਿੰ.ਸ.)। ਕੈਨੇਡਾ ਦੇ ਅਲਬਰਟਾ ਸੂਬੇ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਲੁਧਿਆਣਾ ਨਾਲ ਸਬੰਧਤ 24 ਸਾਲਾ ਸੁਧਾਰ ਅਧਿਕਾਰੀ ਰਮਨਦੀਪ ਕੌਰ ਮਾਨ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੈਨੇਡਾ ਦੀ ਸੁਧਾਰ ਸੇਵਾ ਦੀ ਇੱਕ ਮਿਨੀਵੈਨ ਇੱਕ ਕੈਦੀ ਨੂੰ ਲੈ ਕੇ ਜਾ ਰਹੀ ਸੀ ਤੇ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ। ਮ੍ਰਿਤਕਾਂ ਦੀ ਪਛਾਣ ਐਡਮੰਟਨ ਇੰਸਟੀਚਿਊਸ਼ਨ ਫਾਰ ਵੂਮੈਨ ’ਚ ਤਾਇਨਾਤ ਸੁਧਾਰ ਅਧਿਕਾਰੀ ਨਿਕੋਲੇ ‘ਨਿਕ’ ਸਰਬਨ, ਰਮਨਦੀਪ ਕੌਰ ਮਾਨ ਤੇ ਕੈਦੀ ਕਿਆਰਾ ਮੂਸਵਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਵੀਰਵਾਰ ਨੂੰ ਐਡਮੰਟਨ ਤੋਂ ਕਰੀਬ 200 ਕਿਲੋਮੀਟਰ ਦੱਖਣ-ਪੂਰਬ ਵੱਲ ਇੱਕ ਚੌਰਾਹੇ ’ਤੇ ਬਾਕਸ ਟਰੱਕ ਤੇ ਕੈਨੇਡਾ ਦੀ ਕਰੈਕਸ਼ਨਲ ਸਰਵਿਸ ਦੀ ਮਿਨੀਵੈਨ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। Canada News
ਇਹ ਵੀ ਪੜ੍ਹੋ : Pakistan ਤੋਂ ਡਰੋਨ ਰਾਹੀਂ ਹਥਿਆਰ ਭੇਜਣ ਦੀ ਸਾਜ਼ਿਸ਼ ਬੇਨਕਾਬ, ਫਾਜ਼ਿਲਕਾ ’ਚ ਪਿਸਤੌਲ, ਮੈਗਜ਼ੀਨ ਤੇ ਕਾਰਤੂਸ ਬਰਾਮਦ
ਮਿਨੀਵੈਨ ’ਚ ਸਵਾਰ ਤਿੰਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਟਰੱਕ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਰਮਨਦੀਪ ਕੌਰ ਮਾਨ ਮੂਲ ਰੂਪ ’ਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁੜ੍ਹੇ ਦੀ ਰਹਿਣ ਵਾਲੀ ਸੀ। ਦੱਖਣੀ ਏਸ਼ੀਆਈ ਭਾਈਚਾਰੇ ਨਾਲ ਜੁੜੇ ਲੋਕਾਂ ਮੁਤਾਬਕ ਉਹ ਕੁਝ ਸਾਲ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਕੈਨੇਡਾ ਗਈ ਸੀ। ਉਸ ਨੇ ਮੈਨੀਟੋਬਾ ’ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਲਬਰਟਾ ਦਾ ਰੁਖ ਕੀਤਾ। ਕਰੀਬ ਇੱਕ ਸਾਲ ਪਹਿਲਾਂ ਉਹ ਐਡਮੰਟਨ ’ਚ ਰਹਿਣ ਲੱਗੀ ਸੀ। ਦੱਸਿਆ ਜਾ ਰਿਹਾ ਹੈ ਕਿ ਰਮਨਦੀਪ ਨੂੰ ਖੇਡਾਂ ਵਿੱਚ ਖਾਸ ਦਿਲਚਸਪੀ ਸੀ ਤੇ ਕਰੀਬ ਛੇ ਮਹੀਨੇ ਪਹਿਲਾਂ ਹੀ ਉਸ ਨੇ ਕਰੈਕਸ਼ਨਲ ਸਰਵਿਸ ਆਫ ਕੈਨੇਡਾ ’ਚ ਸੁਧਾਰ ਅਧਿਕਾਰੀ ਵਜੋਂ ਨੌਕਰੀ ਸ਼ੁਰੂ ਕੀਤੀ ਸੀ। ਰਮਨਦੀਪ ਦੀ ਮੌਤ ਦੀ ਖ਼ਬਰ ਨਾਲ ਕੈਨੇਡਾ ਦੇ ਪੰਜਾਬੀ ਭਾਈਚਾਰੇ ਦੇ ਨਾਲ-ਨਾਲ ਲੁਧਿਆਣਾ ਸਥਿਤ ਉਸ ਦੇ ਪਿੰਡ ’ਚ ਵੀ ਸੋਗ ਦੀ ਲਹਿਰ ਦੌੜ ਗਈ ਹੈ। Canada News
ਕੈਨੇਡਾ ਦੀ ਕਰੈਕਸ਼ਨਲ ਸਰਵਿਸ ਨੇ ਦੋਵੇਂ ਸੁਧਾਰ ਅਧਿਕਾਰੀਆਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਭਾਗ ਦੇ ਕਮਿਸ਼ਨਰ ਨੇ ਕਿਹਾ ਕਿ ਨਿਕੋਲੇ ਸਰਬਨ ਤੇ ਰਾਮਨਦੀਪ ਕੌਰ ਮਾਨ ਨੇ ਡਿਊਟੀ ਦੌਰਾਨ ਆਪਣੀ ਜਾਨ ਗੁਆਈ ਅਤੇ ਜਨਤਕ ਸੁਰੱਖਿਆ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਤੇ ਫਰਜ਼ ਪ੍ਰਤੀ ਸਮਰਪਣ ਵਿਭਾਗ ਦੇ ਮੁੱਲਾਂ ਨੂੰ ਦਰਸਾਉਂਦਾ ਹੈ। ਵਿਭਾਗ ਵੱਲੋਂ ਮ੍ਰਿਤਕ ਅਧਿਕਾਰੀਆਂ ਦੇ ਪਰਿਵਾਰਾਂ, ਦੋਸਤਾਂ ਤੇ ਸਹਿਕਰਮੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਇਸ ਦੇ ਨਾਲ ਹੀ ਹਾਦਸੇ ’ਚ ਮਾਰੀ ਗਈ ਕੈਦੀ ਕਿਆਰਾ ਮੂਸਵਾ ਦੇ ਪਰਿਵਾਰ ਤੇ ਭਾਈਚਾਰੇ ਪ੍ਰਤੀ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸਾ ਕਿਹੜੀਆਂ ਸਥਿਤੀਆਂ ’ਚ ਵਾਪਰਿਆ, ਇਸ ਬਾਰੇ ਅਜੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਵੱਲੋਂ ਟੱਕਰ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ। Canada News