Jalalabad News: ਜਲਾਲਾਬਾਦ ’ਚ ਬੱਚਿਆਂ ਨਾਲ ਭਰੀ ਸਕੂਲ ਵੈਨ ਖੇਤਾਂ ’ਚ ਪਲਟੀ
ਸੜਕ ਕਿਨਾਰੇ ਪੱਕੀ ਪੱਟੀ (ਬਰਮਾ) ਨਾ ਹੋਣ ਕਾਰਨ ਵਾਪਰਿਆ ਹਾਦਸਾ, 13 ਬੱਚੇ ਸਨ ਸਵਾਰ
Jalalabad News: ਜਲਾਲਾਬਾਦ (ਸੱਚ ਕਹੂੰ ਨਿਊਜ਼/ਹਿੰ.ਸ.)। ਜਲਾਲਾਬਾਦ ਖੇਤਰ ਦੇ ਪਿੰਡ ਚੱਕ ਸੁਖੇਰਾ ਤੋਂ ਡਿੱਬੀਪੁਰਾ ਨੂੰ ਜਾਂਦੀ ਲਿੰਕ ਸੜਕ ’ਤੇ ਉਸ ਸਮੇਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਬੱਚਿਆਂ ਨਾਲ ਭਰੀ ਇੱਕ ਸਕੂਲ ਵੈਨ ਸੜਕ ਕਿਨਾਰੇ ਪੱਕੀ ਪੱਟੀ (ਬਰਮਾ) ਨਾ ਹੋਣ ਕਾਰਨ ਬੇਕਾਬੂ ਹੋ ਕੇ ਧਾਨ ਦੇ ਖੇਤ ’ਚ ਜਾ ਪਲਟੀ। ਹਾਦਸੇ ਸਮੇਂ ਵੈਨ ’ਚ 13 ਬੱਚੇ ਸਵਾਰ ਸਨ। ਗਨੀਮਤ ਰਹੀ ਕਿ ਇਸ ਹਾਦਸੇ ’ਚ ਕਿਸੇ ਵੀ ਬੱਚੇ ਦੀ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਵੈਨ ਦੇ ਪਿੱਛੇ ਆ ਰਹੇ ਨੌਜਵਾਨ ਦੀਪੂ ਦੌਧੀ ਨੇ ਦੱਸਿਆ ਕਿ ਅੱਗੇ ਚੱਲ ਰਹੀ ਸਕੂਲ ਵੈਨ ਅਚਾਨਕ ਸੰਤੁਲਨ ਗੁਆ ਬੈਠੀ ਤੇ ਖੇਤ ’ਚ ਜਾ ਡਿੱਗੀ। ਬੱਚਿਆਂ ਦੀਆਂ ਚੀਕਾਂ ਸੁਣ ਕੇ ਉਹ ਤੁਰੰਤ ਮੌਕੇ ’ਤੇ ਪਹੁੰਚੇ ਤੇ ਆਸ-ਪਾਸ ਦੇ ਪਿੰਡ ਵਾਸੀਆਂ ਦੀ ਮਦਦ ਨਾਲ ਬੱਚਿਆਂ ਨੂੰ ਵੈਨ ’ਚੋਂ ਬਾਹਰ ਕੱਢਿਆ।
Read Also : Gold Price Today: ਸਰਾਫਾ ਬਾਜ਼ਾਰ ’ਚ ਮਾਮੂਲੀ ਗਿਰਾਵਟ, ਸੋਨੇ ਤੇ ਚਾਂਦੀ ਦੀ ਫਿੱਕੀ ਪਈ ਚਮਕ
ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਵੈਨ ਚਾਲਕ ਦਾ ਹੱਥ ਗੱਡੀ ਹੇਠਾਂ ਫਸ ਗਿਆ ਸੀ, ਜਿਸ ਨੂੰ ਪਿੰਡ ਵਾਸੀਆਂ ਨੇ ਕਾਫ਼ੀ ਮਿਹਨਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ। ਪਿੰਡ ਚੱਕ ਸੁਖੇਰਾ ਦੇ ਸਰਪੰਚ ਖੈਰਾ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਖੇਤਾਂ ਨਾਲ ਲੱਗਦੀਆਂ ਸੜਕ ਦੀਆਂ ਪੱਟੀਆਂ (ਬਰਮੇ) ਕੱਟ ਕੇ ਆਪਣੇ ਖੇਤਾਂ ’ਚ ਮਿਲਾ ਲਈਆਂ ਗਈਆਂ ਹਨ। ਇਸ ਕਾਰਨ ਜਦੋਂ ਵਾਹਨ ਇੱਕ-ਦੂਜੇ ਨੂੰ ਸਾਈਡ ਦੇਣ ਦੀ ਕੋਸ਼ਿਸ਼ ਕਰਦੇ ਹਨ ਤਾਂ ਹਾਦਸੇ ਵਾਪਰਨ ਦਾ ਖਤਰਾ ਵੱਧ ਜਾਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਲਿੰਕ ਸੜਕ ਸਰਕਾਰੀ ਰਿਕਾਰਡ ’ਚ ਕਰੀਬ 22 ਫੁੱਟ ਚੌੜੀ ਦਰਜ ਹੈ, ਪਰ ਕਬਜ਼ਿਆਂ ਤੇ ਪੱਟੀਆਂ ਖਤਮ ਹੋਣ ਕਾਰਨ ਮੌਕੇ ’ਤੇ ਇਸ ਦੀ ਚੌੜਾਈ ਘਟ ਕੇ ਲਗਭਗ 11 ਫੁੱਟ ਹੀ ਰਹਿ ਗਈ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਅਸਲ ਚੌੜਾਈ ਬਹਾਲ ਕੀਤੀ ਜਾਵੇ ਤੇ ਦੋਵੇਂ ਪਾਸਿਆਂ ਪੱਕੀਆਂ ਪੱਟੀਆਂ (ਬਰਮੇ) ਬਣਾਈਆਂ ਜਾਣ, ਤਾਂ ਜੋ ਭਵਿੱਖ ’ਚ ਅਜਿਹੇ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਇਸ ਮਾਮਲੇ ’ਚ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। Jalalabad News