Faridkot Honor Killing Case: ਆਨਰ ਕਿਲਿੰਗ ਮਾਮਲੇ ’ਚ ਮ੍ਰਿਤਕਾ ਦੇ ਪਿਤਾ ਸਮੇਤ 5 ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਨੇ ਕਾਰਵਾਈ ਕਰ 5 ਮੁਲਜ਼ਮਾਂ ਨੂੰ ਕੀਤਾ ਕਾਬੂ
Faridkot News: ਫਰੀਦਕੋਟ (ਗੁਰਪ੍ਰੀਤ ਪੱਕਾ)। ਪਿੰਡ ਢਿੱਲਵਾਂ ਕਲਾਂ ਨੇੜੇ ਨੈਸ਼ਨਲ ਹਾਈਵੇ-54 ’ਤੇ ਨਾਰਾਜ਼ ਪਰਿਵਾਰਕ ਮੈਂਬਰਾਂ ਵੱਲੋਂ ਵਿਆਹੁਤਾ ਨੌਜਵਾਨ ਔਰਤ ਦੇ ਕਤਲ ਮਾਮਲੇ ’ਚ ਫਰੀਦਕੋਟ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਸਮੇਤ ਸਾਰੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਡੀਐੱਸਪੀ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਬੁਰਜ ਹਰੀਕਾ ਦੇ ਰਹਿਣ ਵਾਲੇ ਜਗਦੀਪ ਸਿੰਘ ਉਰਫ਼ ਆਕਾਸ਼ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਸ ਦੀ ਪਿੰਡ ਦੀ ਹੀ ਰਹਿਣ ਵਾਲੀ ਮਹਿਕਦੀਪ ਕੌਰ ਨਾਲ ਪਿਛਲੇ ਕਰੀਬ ਪੰਜ ਤੋਂ ਛੇ ਸਾਲਾਂ ਤੋਂ ਜਾਣ-ਪਛਾਣ ਸੀ।
ਦੋਵਾਂ ਨੇ ਪਰਿਵਾਰਾਂ ਦੀ ਅਸਹਿਮਤੀ ਬਾਵਜੂਦ ਕਰੀਬ ਦੋ ਮਹੀਨੇ ਪਹਿਲਾਂ ਵਿਆਹ ਕਰ ਲਿਆ ਸੀ। ਦੋਵੇਂ ਆਪਣੀ ਸੁਰੱਖਿਆ ਲਈ ਹਾਈਕੋਰਟ ’ਚ ਪਟੀਸ਼ਨ ਵੀ ਦਾਇਰ ਕਰ ਚੁੱਕੇ ਸਨ ਤੇ ਆਪਣੇ ਪਿੰਡ ਤੋਂ ਬਾਹਰ ਰਹਿ ਰਹੇ ਸਨ। ਸ਼ਿਕਾਇਤਕਰਤਾ ਦੇ ਬਿਆਨਾਂ ਮੁਤਾਬਕ 20 ਜੁਲਾਈ ਨੂੰ ਉਸ ਦੀ ਸੱਸ ਨੇ ਉਸ ਦੀ ਪਤਨੀ ਨੂੰ ਫੋਨ ਕਰਕੇ ਮਿਲਣ ਲਈ ਬੁਲਾਇਆ ਸੀ। ਇਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਢਿੱਲਵਾਂ ਕਲਾਂ ਸਥਿਤ ਗੁਰਦੁਆਰਾ ਸਾਹਿਬ ਜਾ ਰਿਹਾ ਸੀ। ਰਸਤੇ ’ਚ ਕਥਿਤ ਤੌਰ ’ਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਫਿਰ ਪਿੱਛਾ ਕਰਦੇ ਹੋਏ ਹਮਲਾ ਕਰ ਦਿੱਤਾ। ਜਗਦੀਪ ਸਿੰਘ ਅਨੁਸਾਰ ਹਮਲੇ ਦੌਰਾਨ ਮਹਿਕਦੀਪ ਕੌਰ ’ਤੇ ਚਾਕੂ ਨਾਲ ਕਈ ਵਾਰ ਕੀਤੇ ਗਏ। Faridkot News
Read Also : Barnala News: ਬਰਨਾਲਾ ’ਚ ਸਫ਼ਾਈ ਕਰਮਚਾਰੀਆਂ ਤੇ ਪੁਲਿਸ ਵਿਚਾਲੇ ਝੜਪ, ਐਸਡੀ ਕਾਲਜ ਨੇੜੇ ਧਰਨਾ
ਜਿਸ ਕਾਰਨ ਉਸ ਦੀ ਮੌਤ ਹੋ ਗਈ, ਜਦਕਿ ਉਹ ਆਪਣੀ ਜਾਨ ਬਚਾ ਕੇ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਿਆ। ਪੁਲਿਸ ਨੇ ਇਸ ਮਾਮਲੇ ’ਚ ਮ੍ਰਿਤਕਾ ਦੇ ਪਿਤਾ ਵਕੀਲ ਸਿੰਘ, ਤਾਇਆ ਗੁਰਪ੍ਰੀਤ ਸਿੰਘ ਉਰਫ਼ ਗੋਰਾ, ਚਾਚਾ ਸੁਖਚੈਨ ਸਿੰਘ, ਪਿੰਡ ਦਾ ਰਹਿਣ ਵਾਲਾ ਸੁੱਖਾ ਸਿੰਘ ਉਰਫ਼ ਗੋਲੂ ਤੇ ਮ੍ਰਿਤਕਾ ਦੀ ਭੂਆ ਦੇ ਪੁੱਤਰ ਦਿਲਬਾਗ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਵਾਰਦਾਤ ’ਚ ਵਰਤਿਆ ਗਿਆ ਚਾਕੂ ਤੇ ਹੋਰ ਸਾਮਾਨ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਡੀਐੱਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਦੋਵਾਂ ਦੇ ਵਿਆਹ ਕਾਰਨ ਪਰਿਵਾਰਕ ਮੈਂਬਰ ਨਾਰਾਜ਼ ਸਨ ਤੇ ਇਸੇ ਰੰਜਿਸ਼ ਦੇ ਚੱਲਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਤੇ ਹਰ ਪਹਿਲੂ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। Faridkot News