Punjab
SIR Camp: 18 ਤੇ 19 ਜੁਲਾਈ ਨੂੰ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਲੱਗਣਗੇ ਵਿਸ਼ੇਸ਼ ਕੈਂਪ
ਐਸਆਈਆਰ-2026 ਤਹਿਤ ਐਨੂਮਰੇਸ਼ਨ ਫਾਰਮਾਂ ਦੀ ਪ੍ਰਾਪਤੀ ਅਤੇ ਡਿਜੀਟਾਈਜ਼ੇਸ਼ਨ ਲਈ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ
ਮੋਹਾਲੀ (ਹਿੰ.ਸ.)। ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਹੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐਸਆਈਆਰ)-2026 ਮੁਹਿੰਮ ਤਹਿਤ ਜ਼ਿਲ੍ਹਾ ਮੋਹਾਲੀ ਦੇ ਸਮੂਹ ਪੋਲਿੰਗ ਸਟੇਸ਼ਨਾਂ 'ਤੇ 18 ਅਤੇ 19 ਜੁਲਾਈ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹ ਕੈਂਪ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਣਗੇ।ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਮੁੱਖ ਮਕਸਦ ਬੂਥ ਲੈਵਲ ਅਫ਼ਸਰਾਂ (ਬੀਐਲਓਜ਼) ਵੱਲੋਂ ਇਕੱਠੇ ਕੀਤੇ ਜਾ ਰਹੇ ਐਨੂਮਰੇਸ਼ਨ ਫਾਰਮਾਂ ਦੀ ਪ੍ਰਾਪਤੀ ਅਤੇ ਡਿਜੀਟਾਈਜ਼ੇਸ਼ਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ। ਇਸ ਦੌਰਾਨ ਵੋਟਰਾਂ ਨੂੰ ਆਪਣੇ ਐਨੂਮਰੇਸ਼ਨ ਫਾਰਮ ਜਮ੍ਹਾਂ ਕਰਵਾਉਣ ਅਤੇ ਫਾਰਮਾਂ ਵਿੱਚ ਮੌਜੂਦ ਕਿਸੇ ਵੀ ਤਰ੍ਹਾਂ ਦੀ ਗਲਤੀ ਜਾਂ ਕਮੀ ਨੂੰ ਦੂਰ ਕਰਵਾਉਣ ਦੀ ਸਹੂਲਤ ਵੀ ਦਿੱਤੀ ਜਾਵੇਗੀ।
Read Also : ਪੰਜਾਬ ਦੇ ਇਸ ਪਿੰਡ ਤੋਂ ਆਇਆ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ, 62 ਔਰਤਾਂ ਦਾ ਇੱਕੋ ਹੀ ਬੈਂਕ ਖਾਤਾ!
ਵਿਸ਼ੇਸ਼ ਕੈਂਪਾਂ ਦੌਰਾਨ ਉਹਨਾਂ ਪੋਲਿੰਗ ਬੂਥਾਂ ਨੂੰ ਪਹਿਲ ਦਿੱਤੀ ਜਾਵੇਗੀ, ਜਿੱਥੇ ਬੀਐਲਓਜ਼ ਵੱਲੋਂ 100 ਫੀਸਦੀ ਐਨੂਮਰੇਸ਼ਨ ਦਾ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਅਜਿਹੇ ਬੂਥਾਂ 'ਤੇ ਬੀਐਲਓਜ਼ ਰਾਜਨੀਤਿਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ ਨਾਲ ਮੀਟਿੰਗਾਂ ਕਰਕੇ ਵੋਟਰ ਸੂਚੀ ਨਾਲ ਸਬੰਧਤ ਗਲਤੀਆਂ, ਖਾਮੀਆਂ, ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਕਰਨਗੇ। ਜਿਨ੍ਹਾਂ ਬੂਥਾਂ 'ਤੇ ਐਨੂਮਰੇਸ਼ਨ ਫਾਰਮਾਂ ਦੀ ਪ੍ਰਾਪਤੀ ਅਜੇ ਪੂਰੀ ਨਹੀਂ ਹੋਈ, ਉੱਥੇ ਬੀਐਲਓਜ਼ ਬਾਕੀ ਰਹਿੰਦੇ ਯੋਗ ਵੋਟਰਾਂ ਤੋਂ ਫਾਰਮ ਪ੍ਰਾਪਤ ਕਰਕੇ ਇਹ ਕੰਮ ਮੁਕੰਮਲ ਕਰਨਗੇ।
ਇਸ ਤੋਂ ਇਲਾਵਾ, ਜਿਨ੍ਹਾਂ ਫਾਰਮਾਂ ਵਿੱਚ ਕੋਈ ਕਮੀ ਜਾਂ ਗਲਤੀ ਪਾਈ ਗਈ ਹੈ, ਉਨ੍ਹਾਂ ਨੂੰ ਠੀਕ ਕਰਕੇ ਡਿਜੀਟਾਈਜ਼ੇਸ਼ਨ ਲਈ ਤਿਆਰ ਕੀਤਾ ਜਾਵੇਗਾ।ਜ਼ਿਲ੍ਹਾ ਚੋਣ ਅਧਿਕਾਰੀ ਨੇ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਜ਼ਦੀਕੀ ਪੋਲਿੰਗ ਸਟੇਸ਼ਨ 'ਤੇ ਲੱਗਣ ਵਾਲੇ ਵਿਸ਼ੇਸ਼ ਕੈਂਪਾਂ ਵਿੱਚ ਜ਼ਰੂਰ ਪਹੁੰਚਣ ਅਤੇ ਆਪਣੇ ਐਨੂਮਰੇਸ਼ਨ ਫਾਰਮ ਜਮ੍ਹਾਂ ਕਰਵਾ ਕੇ ਜਾਂ ਲੋੜੀਂਦੀਆਂ ਸੋਧਾਂ ਕਰਵਾ ਕੇ ਵੋਟਰ ਸੂਚੀ ਨੂੰ ਸਹੀ ਅਤੇ ਅਪਡੇਟ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।ਉਨ੍ਹਾਂ ਸਮੂਹ ਬੂਥ ਲੈਵਲ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਕੈਂਪਾਂ ਦੌਰਾਨ ਸਮੇਂ ਸਿਰ ਪੋਲਿੰਗ ਸਟੇਸ਼ਨਾਂ 'ਤੇ ਹਾਜ਼ਰ ਰਹਿਣ, ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਅਤੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ।