Viral News: ਪੰਜਾਬ ਦੇ ਇਸ ਪਿੰਡ ਤੋਂ ਆਇਆ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ, 62 ਔਰਤਾਂ ਦਾ ਇੱਕੋ ਹੀ ਬੈਂਕ ਖਾਤਾ!
ਆਂਗਣਵਾੜੀ ਵਰਕਰ ਤੇ ਉਸ ਦੇ ਪੁੱਤਰ ਖ਼ਿਲਾਫ਼ ਕੇਸ ਦਰਜ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਤਰਨਤਾਰਨ (ਹਿੰ.ਸ.)। ਪੰਜਾਬ ਸਰਕਾਰ ਦੀ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਰਜਿਸਟ੍ਰੇਸ਼ਨ ਦੌਰਾਨ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਚੋਹਲਾ ਸਾਹਿਬ ਅਧੀਨ ਪੈਂਦੇ ਪਿੰਡ ਭੈਲ ਢਾਏਵਾਲਾ ਵਿੱਚ ਵੱਡੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਪਿੰਡ ਦੀਆਂ 62 ਔਰਤਾਂ ਦੀ ਰਜਿਸਟ੍ਰੇਸ਼ਨ ਇੱਕੋ ਬੈਂਕ ਖਾਤਾ ਨੰਬਰ ਨਾਲ ਕੀਤੀ ਗਈ, ਜਿਸ ਤੋਂ ਬਾਅਦ ਵਿਭਾਗ ਵਿੱਚ ਹੜਕੰਪ ਮਚ ਗਿਆ। ਮਾਮਲੇ ਵਿੱਚ ਇੱਕ ਆਂਗਣਵਾੜੀ ਵਰਕਰ ਅਤੇ ਉਸ ਦੇ ਪੁੱਤਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ, ਪਹਿਲੀ ਜੁਲਾਈ ਤੋਂ ਸ਼ੁਰੂ ਹੋਈ ਯੋਜਨਾ ਤਹਿਤ ਪਿੰਡ ਭੈਲ ਢਾਏਵਾਲਾ ਦੀ ਆਂਗਣਵਾੜੀ ਵਰਕਰ ਜਤਿੰਦਰ ਕੌਰ ਨੂੰ ਹੋਰਨਾਂ ਵਰਕਰਾਂ ਵਾਂਗ ਯੋਗ ਔਰਤਾਂ ਦੀ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਦੋਸ਼ ਹੈ ਕਿ ਰਜਿਸਟ੍ਰੇਸ਼ਨ ਦੌਰਾਨ 62 ਔਰਤਾਂ ਦੇ ਦਸਤਾਵੇਜ਼ ਤਾਂ ਵੱਖ-ਵੱਖ ਸਨ, ਪਰ ਉਨ੍ਹਾਂ ਦੇ ਬੈਂਕ ਖਾਤੇ ਦੀ ਥਾਂ ਇੱਕੋ ਖਾਤਾ ਨੰਬਰ ਦਰਜ ਕਰ ਦਿੱਤਾ ਗਿਆ।ਵਿਭਾਗੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਬੈਂਕ ਖਾਤਾ ਕਿਸੇ ਲਾਭਪਾਤਰੀ ਦਾ ਨਹੀਂ, ਸਗੋਂ ਆਂਗਣਵਾੜੀ ਵਰਕਰ ਦੇ ਪੁੱਤਰ ਗੁਰਬਾਜ ਸਿੰਘ ਦਾ ਸੀ।
Read Also : ਅਮਰੀਕਾ-ਈਰਾਨ ਵਿਚਕਾਰ ਫੌਜੀ ਟਕਰਾਅ ਤੇਜ਼, ਵਾਸ਼ਿੰਗਟਨ ਦੇ ਸਹਿਯੋਗੀ ਦੇਸ਼ਾਂ ’ਤੇ ਹਮਲੇ
ਚੰਡੀਗੜ੍ਹ ਵਿੱਚ ਰਜਿਸਟ੍ਰੇਸ਼ਨ ਡਾਟਾ ਦੀ ਤਸਦੀਕ ਸਮੇਂ ਜਦੋਂ ਇਹ ਗੜਬੜੀ ਸਾਹਮਣੇ ਆਈ ਤਾਂ ਸਬੰਧਤ ਵਿਭਾਗ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਹੜਕੰਪ ਮਚ ਗਿਆ।ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਜਾਂਚ ਦੇ ਹੁਕਮ ਦਿੱਤੇ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਆਂਗਣਵਾੜੀ ਵਰਕਰ ਜਤਿੰਦਰ ਕੌਰ ਨੇ ਆਪਣਾ ਲਾਗਇਨ ਪਾਸਵਰਡ ਆਪਣੇ ਪੁੱਤਰ ਗੁਰਬਾਜ ਸਿੰਘ ਨਾਲ ਸਾਂਝਾ ਕੀਤਾ ਸੀ। ਦੋਸ਼ ਹੈ ਕਿ ਗੁਰਬਾਜ ਸਿੰਘ ਨੇ ਘਰ-ਘਰ ਜਾ ਕੇ 62 ਔਰਤਾਂ ਦੀ ਰਜਿਸਟ੍ਰੇਸ਼ਨ ਕੀਤੀ ਅਤੇ ਸਾਰਿਆਂ ਦੇ ਫਾਰਮਾਂ ਵਿੱਚ ਆਪਣਾ ਨਿੱਜੀ ਬੈਂਕ ਖਾਤਾ ਨੰਬਰ ਦਰਜ ਕਰ ਦਿੱਤਾ।
ਇਸ ਸਬੰਧੀ ਬਲਾਕ ਚੋਹਲਾ ਸਾਹਿਬ ਦੀ ਸੀਡੀਪੀਓ ਨਿਵੇਦਿਤਾ ਕੁਮਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਗੋਇੰਦਵਾਲ ਸਾਹਿਬ ਪੁਲਿਸ ਨੇ ਆਂਗਣਵਾੜੀ ਵਰਕਰ ਜਤਿੰਦਰ ਕੌਰ ਅਤੇ ਉਸ ਦੇ ਪੁੱਤਰ ਗੁਰਬਾਜ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਦੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਅਤੇ ਸਬੰਧਤ ਵਿਭਾਗ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਜੇਕਰ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਯੋਜਨਾ ਅਧੀਨ ਹੋਈਆਂ ਹੋਰ ਰਜਿਸਟ੍ਰੇਸ਼ਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਹੋਰ ਗੜਬੜੀ ਦਾ ਪਤਾ ਲੱਗ ਸਕੇ।